The Khalas Tv Blog Punjab ਸੈਣੀ ਖਾਤਿਰ ਰਾਤ ਭਰ ਜਾਗਣ ਪਿੱਛੇ ਜੱਜਾਂ ਦੀ ਕੀ ਮਜ਼ਬੂਰੀ
Punjab

ਸੈਣੀ ਖਾਤਿਰ ਰਾਤ ਭਰ ਜਾਗਣ ਪਿੱਛੇ ਜੱਜਾਂ ਦੀ ਕੀ ਮਜ਼ਬੂਰੀ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਪੰਜਾਬ ਦੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਬੇਸ਼ੱਕ ਹਾਲ ਦੀ ਘੜ੍ਹੀ ਰਾਹਤ ਮਿਲ ਗਈ ਹੈ, ਪਰ ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਗ੍ਰਿਫਤਾਰੀ ਦੀ ਤਲਵਾਰ ਹਾਲੇ ਵੀ ਸੈਣੀ ਦੀ ਗਰਦਨ ਉੱਤੇ ਪਹਿਲਾਂ ਵਾਂਗ ਲਟਕ ਰਹੀ ਹੈ। ਸੁਮੇਧ ਸੈਣੀ ਦੀ ਗ੍ਰਿਫਤਾਰੀ ਤੋਂ ਬਾਅਦ ਮੁਹਾਲੀ ਦੀ ਅਦਾਲਤ ਵੱਲੋਂ ਸੈਣੀ ਨੂੰ ਰਾਹਤ ਦੇਣ ਤੱਕ ਦੀ ਜੇਕਰ ਪੂਰੀ ਕਾਰਵਾਈ ਉੱਤੇ ਗੌਰ ਕਰੀਏ ਤਾਂ ਇਹ ਵਾਇਆ ਹਾਈਕੋਰਟ ਘੁੰਮ ਕੇ ਕਈ ਸਵਾਲ ਖੜ੍ਹੇ ਕਰ ਜਾਂਦੀ ਹੈ।

ਗ੍ਰਿਫਤਾਰ ਕਰਨ ਤੋਂ ਬਾਅਦ ਮੁਹਾਲੀ ਦੀ ਅਦਾਲਤ ਵਿੱਚ ਪਹਿਲਾਂ ਸੁਮੇਧ ਸੈਣੀ ਉੱਤੇ ਕੋਈ ਫੈਸਲਾ ਸ਼ਾਮੀ ਚਾਰ ਵਜੇ ਤੱਕ ਰੋਕ ਕੇ ਇਸ ਲਈ ਰੱਖਣਾ ਪਿਆ, ਕਿਉਂਕਿ ਹਾਈਕੋਰਟ ਵਿੱਚ ਸੈਣੀ ਦੀ ਇਕ ਹੋਰ ਪਟੀਸ਼ਨ ਉੱਤੇ ਸੁਣਵਾਈ ਹੋ ਰਹੀ ਸੀ।ਹੇਠਲੀ ਅਦਾਲਤ ਨੂੰ ਕੋਈ ਫੈਸਲਾ ਸੁਣਾਉਣ ਲਈ ਪੂਰੇ 14 ਘੰਟੇ ਦੀ ਸਿਰਦਰਦੀ ਤੇ ਅੱਧੀ ਰਾਤ ਦਾ ਉਣੀਂਦਰਾ ਕੱਟਣਾ ਪਿਆ ਤੇ ਹਾਈਕੋਰਟ ਨੇ ਸੈਣੀ ਨੂੰ ਇਹ ਕਹਿੰਦਿਆਂ ਰਾਹਤ ਦਿੱਤੀ ਕਿ ਸੈਣੀ ਨੂੰ ਬਿਨਾਂ ਗ੍ਰਿਫਤਾਰੀ ਨੋਟਿਸ ਦਿੱਤੇ ਫੜਿਆ ਗਿਆ ਹੈ ਜੋ ਗੈਰਕਾਨੂੰਨੀ ਹੈ।ਹੁਣ ਸਵਾਲ ਇਹ ਉੱਠਦਾ ਹੈ ਕਿ ਆਖਿਰ ਅਦਾਲਤ ਦੀ ਅਜਿਹੀ ਕਿਹੜੀ ਮਜ਼ਬੂਰੀ ਸੀ ਕਿ ਰਾਤ ਦੇ ਦੋ ਵਜੇ ਤੱਕ ਫੈਸਲਾ ਕਰਨਾ ਪਿਆ।

ਇਸ ਬਾਰੇ ‘ਦ ਖ਼ਾਲਸ ਟੀਵੀ ਨਾਲ ਵਿਸ਼ੇਸ਼ ਤੌਰ ਗੱਲ ਕਰਦਿਆਂ ਬਲਵੰਤ ਸਿੰਘ ਮੁਲਤਾਨੀ ਦੀ ਭੈਣ ਦੀ ਗਵਾਹੀ ਲਈ ਸੈਣੀ ਦੇ ਖਿਲਾਫ ਕੇਸ ਲੜ ਰਹੇ ਡਿਸਟ੍ਰਿਕ ਕੋਰਟ ਚੰਡੀਗੜ੍ਹ ਤੇ ਹਾਈਕੋਰਟ ਦੇ ਵਕੀਲ ਗੁਰਸ਼ਰਨ ਨੇ ਦੱਸਿਆ ਕਿ ਆਮ ਬੰਦੇ ਦੀ ਜੇਕਰ ਬੇਲ ਬਾਂਡ ਭਰਨੀ ਹੋਵੇ ਤਾਂ ਸਧਾਰਣ ਤੌਰ ‘ਤੇ ਜੱਜ ਸ਼ਾਮੀ ਚਾਰ ਵਜੇ ਤੱਕ ਹੀ ਇਹ ਮਨਜੂਰ ਕਰਦੇ ਹਨ ਤੇ ਇਸਨੂੰ ਅਗਲੇ ਦਿਨ ਲਈ ਟਾਲ ਦਿੱਤਾ ਜਾਂਦਾ। ਕੇਸਾਂ ਦੀ ਸੁਣਵਾਈ ਵੀ ਜੱਜ ਸ਼ਾਮੀ ਚਾਰ ਵਜੇ ਤੱਕ ਹੀ ਜਿਆਦਾਤਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਹੇਠਲੀ ਅਦਾਲਤ ਅੱਧੀ ਰਾਤ ਤੋਂ ਵੀ ਬਾਅਦ ਦੇ ਸਮੇਂ ਲਈ ਲੱਗੀ ਹੋਵੇ। ਹਾਈਕੋਰਟ ਤੇ ਸੁਪਰੀਮ ਕੋਰਟ ਕਈ ਵਾਰ ਦੇਰ ਰਾਤ ਤੱਕ ਚੱਲਦੀਆਂ ਹਨ।ਪੰਜਾਬ ਵਿਚ ਹੀ ਰਾਜਪੁਰਾ ਦੇ ਇਕ ਬੀਜੇਪੀ ਦੇ ਲੀਡਰ ਨਾਲ ਜੁੜੇ ਮਾਮਲੇ ਕਾਰਨ ਹਾਈਕੋਰਟ ਦੇਰ ਰਾਤ ਚੱਲੀ ਸੀ।

ਉਨ੍ਹਾਂ ਦੱਸਿਆ ਕਿ ਜੱਜਾਂ ਉੱਤੇ ਵੀ ਇਸ ਕੇਸ ਦਾ ਪ੍ਰੈਸ਼ਰ ਸੀ ਤੇ ਇਹ ਇਸੇ ਤੋਂ ਸਾਬਿਤ ਹੁੰਦਾ ਹੈ ਕਿ ਤਿੰਨ ਜੱਜਾਂ ਕੋਲ ਫਾਇਲ ਘੁੰਮਣ ਤੋਂ ਬਾਅਦ ਤੀਜੇ ਜੱਜ ਨੂੰ ਇਸ ਮਾਮਲੇ ਉੱਤੇ ਫੈਸਲਾ ਕਰਨ ਲਈ ਕਿਹਾ ਗਿਆ।ਇਹ ਮਾਨਯੋਗ ਜੱਜ ਅਰੁਣ ਕੁਮਾਰ ਤਿਆਗੀ ਵੀ 31 ਅਗਸਤ ਨੂੰ ਰਿਟਾਇਰਡ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਅਜਿਹਾ ਨਹੀਂ ਹੈ ਕਿ ਸੈਣੀ ਦੇ ਹੱਕ ਵਿੱਚ ਹੋਏ ਇਸ ਫੈਸਲੇ ਨੂੰ ਚੈਲੇਂਜ ਨਹੀਂ ਕੀਤਾ ਜਾ ਸਕਦਾ। ਜੇਕਰ ਸਰਕਾਰ ਜਾਂ ਕੋਈ ਵਕੀਲ ਇਸ ਫੈਸਲੇ ਦੇ ਖਿਲਾਫ ਹਾਈਕੋਰਟ ਵਿੱਚ ਕੈਂਸਲੇਸ਼ਨ ਦਾਇਰ ਕਰੇ ਤਾਂ ਫੈਸਲਾ ਮੁੜ ਤੋਂ ਗ੍ਰਿਫਤਾਰੀ ਦਾ ਆ ਸਕਦਾ ਹੈ। ਇਸ ਤੋਂ ਬਾਅਦ ਜੇਕਰ ਫੈਸਲਾ ਫਿਰ ਉਹੀ ਰਹਿੰਦਾ ਹੈ ਤਾਂ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਜਾ ਸਕਦੀ ਹੈ।ਪਰ ਸਾਡੇ ਦੇਸ਼ ਦੀ ਬਦਕਿਸਮਤੀ ਹੈ ਕਿ ਸੁਪਰੀਮ ਕੋਰਟ ਤੋਂ ਬਾਅਦ ਫੈਸਲਾ ਕੋਈ ਵੀ ਹੋਵੇ, ਅਟੱਲ ਸਮਝ ਕੇ ਮੰਨਣਾ ਪੈਂਦਾ ਹੈ।

ਉਨ੍ਹਾਂ ਦੱਸਿਆ ਕਿ ਸੈਣੀ ਨੂੰ ਰਾਹਤ ਇਸ ਲਈ ਵੀ ਮਿਲੀ ਹੈ ਕਿ ਉਹ ਡੀਜੀਪੀ ਦੀ ਹੈਸੀਅਤ ਰੱਖਦੇ ਸਨ ਤੇ ਉਨ੍ਹਾਂ ਦੀ ਪਤਨੀ ਵੱਲੋਂ ਜੋ ਪਟੀਸ਼ਨ ਪਾਈ ਗਈ ਹੈ, ਉਹ ਹੈਬੀਅਸ ਕਾਰਪਸ ਵਿੱਚ ਆਉਂਦੀ ਹੈ।ਇਸ ਅਨੁਸਾਰ ਪਰਿਵਾਰ ਇਹ ਦਾਅਵਾ ਕਰਦਾ ਹੈ ਕਿ ਉਨ੍ਹਾਂ ਦਾ ਮੈਂਬਰ ਪੁਲਿਸ ਕੱਸਟਡੀ ਵਿੱਚ ਹੈ, ਪਰ ਉਨ੍ਹਾਂ ਨੂੰ ਨਹੀਂ ਪਤਾ ਕਿੱਥੇ ਹੈ।ਇਸ ਵਿੱਚ ਮੁਲਜ਼ਮ ਦਾ ਪਰਿਵਾਰ ਗੈਰਕਾਨੂੰਨੀ ਹਿਰਾਸਤ ਜਾਂ ਗ੍ਰਿਫਤਾਰੀ ਦੀ ਜਾਣਕਾਰੀ ਕੋਰਟ ਨੂੰ ਦੇ ਸਕਦਾ ਹੈ।ਪਰ ਵਕੀਲ ਨੇ ਕਿਹਾ ਅਜਿਹਾ ਹੋ ਨਹੀਂ ਸਕਦਾ ਕਿ ਸੈਣੀ ਨੂੰ ਆਪਣੇ ਉੱਪਰ ਚੱਲਦੇ ਕੇਸਾਂ ਤੋਂ ਇਹ ਪਤਾ ਨਾ ਹੋਵੇ ਕਿ ਉਨ੍ਹਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਜਾਂ ਨਹੀਂ।ਹਾਂ, ਇੰਨਾ ਜਰੂਰ ਹੈ ਕਿ ਅਗਲੇ ਦਿਨ ਛੁੱਟੀਆਂ ਹੋਣ ਕਾਰਨ ਸੁਮੇਧ ਸੈਣੀ ਨੂੰ ਹੋਰ ਸੋਚਣ ਦਾ ਮੌਕਾ ਮਿਲ ਜਾਵੇ।

Exit mobile version