The Khalas Tv Blog International ਮਾਪਿਆਂ ਨੇ ਆਪਣੇ ਹੀ ਦੋ ਬੱਚਿਆਂ ਦੇ ਵੱਢੇ ਸਿਰ! ਦੂਜੇ ਬੱਚਿਆਂ ਨੂੰ ਜ਼ਬਰਦਸਤੀ ਦਿਖਾਈਆਂ ਲਾਸ਼ਾਂ
International

ਮਾਪਿਆਂ ਨੇ ਆਪਣੇ ਹੀ ਦੋ ਬੱਚਿਆਂ ਦੇ ਵੱਢੇ ਸਿਰ! ਦੂਜੇ ਬੱਚਿਆਂ ਨੂੰ ਜ਼ਬਰਦਸਤੀ ਦਿਖਾਈਆਂ ਲਾਸ਼ਾਂ

ਬਿਊਰੋ ਰਿਪੋਰਟ (4 ਫਰਵਰੀ, 2026): ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਅਦਾਲਤ ਨੇ 39 ਸਾਲਾ ਮੌਰਿਸ ਜਵੇਲ ਟੇਲਰ ਸੀਨੀਅਰ ਅਤੇ ਉਸ ਦੀ 49 ਸਾਲਾ ਪਤਨੀ ਨਤਾਲੀ ਸੁਮਿਕੋ ਬ੍ਰੌਥਵੈਲ ਨੂੰ ਆਪਣੇ ਦੋ ਬੱਚਿਆਂ ਦੇ ਬੇਰਹਿਮੀ ਨਾਲ ਕਤਲ ਦੇ ਦੋਸ਼ ਵਿੱਚ ਉਮਰਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਨ੍ਹਾਂ ਨੂੰ ਬਿਨਾਂ ਪੈਰੋਲ (ਜ਼ਮਾਨਤ) ਤੋਂ ਉਮਰਕੈਦ ਦੇ ਨਾਲ-ਨਾਲ 6 ਸਾਲ ਦੀ ਵਾਧੂ ਸਜ਼ਾ ਵੀ ਦਿੱਤੀ ਹੈ। ਇਸ ਬੇਰਹਿਮ ਜੋੜੇ ਨੇ ਆਪਣੀ 13 ਸਾਲਾ ਬੇਟੀ ਮਾਲੀਆਕਾ ਅਤੇ 12 ਸਾਲਾ ਬੇਟੇ ਮੌਰਿਸ ਜੂਨੀਅਰ ਦਾ ਚਾਕੂ ਨਾਲ ਸਿਰ ਵੱਢ ਕੇ ਕਤਲ ਕਰ ਦਿੱਤਾ ਸੀ।

ਗੈਸ ਲੀਕ ਹੋਣ ਕਾਰਨ ਖੁੱਲ੍ਹਿਆ ਭਿਆਨਕ ਰਾਜ਼

ਇਹ ਘਟਨਾ 29 ਨਵੰਬਰ 2020 ਦੀ ਹੈ। ਸ਼ੁਰੂਆਤ ਵਿੱਚ ਮੌਰਿਸ ਟੇਲਰ ਦੇ ਆਨਲਾਈਨ ਜ਼ੂਮ ਸੈਸ਼ਨਾਂ ਵਿੱਚ ਸ਼ਾਮਲ ਨਾ ਹੋਣ ਕਾਰਨ ਲੋਕਾਂ ਨੂੰ ਸ਼ੱਕ ਹੋਇਆ ਸੀ, ਪਰ ਇਸ ਖ਼ੌਫ਼ਨਾਕ ਕਾਂਡ ਦਾ ਅਸਲ ਪਤਾ ਉਦੋਂ ਲੱਗਿਆ ਜਦੋਂ ਲਾਸ ਐਂਜਲਸ ਕਾਉਂਟੀ ਫਾਇਰ ਵਿਭਾਗ ਘਰ ਵਿੱਚ ‘ਗੈਸ ਲੀਕ’ ਹੋਣ ਦੀ ਸ਼ਿਕਾਇਤ ਮਿਲਣ ’ਤੇ ਮੌਕੇ ’ਤੇ ਪਹੁੰਚਿਆ। ਅੰਦਰ ਜਾਣ ’ਤੇ ਪੁਲਿਸ ਨੂੰ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਵੱਖ-ਵੱਖ ਬੈੱਡਰੂਮਾਂ ਵਿੱਚ ਪਈਆਂ ਮਿਲੀਆਂ।

ਮਾਸੂਮਾਂ ’ਤੇ ਢਾਹਿਆ ਅਕਹਿ ਜ਼ੁਲਮ

ਅਦਾਲਤ ਵਿੱਚ ਪੇਸ਼ ਕੀਤੇ ਗਏ ਤੱਥਾਂ ਅਨੁਸਾਰ, ਕਤਲ ਕਰਨ ਤੋਂ ਬਾਅਦ ਇਸ ਜੋੜੇ ਨੇ ਆਪਣੇ ਦੋ ਛੋਟੇ ਬੇਟਿਆਂ (ਜਿਨ੍ਹਾਂ ਦੀ ਉਮਰ ਉਸ ਸਮੇਂ 8 ਅਤੇ 9 ਸਾਲ ਸੀ) ਨੂੰ ਜ਼ਬਰਦਸਤੀ ਆਪਣੇ ਵੱਡੇ ਭੈਣ-ਭਰਾ ਦੀਆਂ ਵੱਢੀਆਂ ਹੋਈਆਂ ਲਾਸ਼ਾਂ ਦੇਖਣ ਲਈ ਮਜਬੂਰ ਕੀਤਾ। ਇੰਨਾ ਹੀ ਨਹੀਂ, ਉਨ੍ਹਾਂ ਮਾਸੂਮ ਬੱਚਿਆਂ ਨੂੰ ਕਈ ਦਿਨਾਂ ਤੱਕ ਬਿਨਾਂ ਖਾਣੇ ਦੇ ਕਮਰਿਆਂ ਵਿੱਚ ਬੰਦ ਰੱਖਿਆ ਗਿਆ।

ਅਦਾਲਤ ਦੀ ਟਿੱਪਣੀ ਅਤੇ ਮਾਂ ਦਾ ਦਾਅਵਾ

ਸੁਣਵਾਈ ਦੌਰਾਨ ਮੁਲਜ਼ਮ ਮਾਂ ਨਤਾਲੀ ਨੇ ਦਾਅਵਾ ਕੀਤਾ ਕਿ ਉਹ ਬੇਗੁਨਾਹ ਹੈ ਅਤੇ ਉਸ ਨੇ ਬੱਚਿਆਂ ਨੂੰ ਮਾਰਿਆ ਨਹੀਂ ਬਲਕਿ ਬਚਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਦੀ ਮਾਂ (ਬੱਚਿਆਂ ਦੀ ਨਾਨੀ) ਨੇ ਵੀ ਸਾਰਾ ਦੋਸ਼ ਮੌਰਿਸ ਟੇਲਰ ’ਤੇ ਮੜ੍ਹਦਿਆਂ ਆਪਣੀ ਧੀ ਦਾ ਪੱਖ ਪੂਰਿਆ।

ਹਾਲਾਂਕਿ, ਜੱਜ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ ਕਿ ਮੁਲਜ਼ਮਾਂ ਦੇ ਚਿਹਰੇ ’ਤੇ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੈ। ਜੱਜ ਨੇ ਇਸ ਨੂੰ ਇੱਕ ‘ਰਾਖਸ਼ੀ ਕਾਰਾ’ ਦੱਸਿਆ। ਅਦਾਲਤ ਨੇ ਹੁਣ ਬਚੇ ਹੋਏ ਦੋਵੇਂ ਛੋਟੇ ਬੱਚਿਆਂ ਦੀ ਸੁਰੱਖਿਆ ਲਈ 10 ਸਾਲ ਦਾ ਪ੍ਰੋਟੈਕਟਿਵ ਆਰਡਰ ਵੀ ਜਾਰੀ ਕੀਤਾ ਹੈ।

Exit mobile version