The Khalas Tv Blog India ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕੀਤਾ ਜਾਵੇਗਾ ਹੋਰ ਤੇਜ਼ – ਸਰਵਣ ਸਿੰਘ ਪੰਧੇਰ
India

ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕੀਤਾ ਜਾਵੇਗਾ ਹੋਰ ਤੇਜ਼ – ਸਰਵਣ ਸਿੰਘ ਪੰਧੇਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ, ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕੱਲ੍ਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਾਂਝੀ ਪ੍ਰੈਸ ਕਾਨਫਰੰਸ ਸਿੰਘੂ-ਕੁੰਡਲੀ ਦਿੱਲੀ ਵਿਖੇ ਹੋਈ, ਜਿਸ ਵਿੱਚ BKU ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਹਾਜ਼ਰ ਹੋਏ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਸਟੇਜ ਤੋਂ ਸੰਬੋਧਨ ਕੀਤਾ।

ਉਨ੍ਹਾਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦਾ ਵਿਰੋਧ ਅਤੇ ਉਹਨਾਂ ਦੀ ਵਸਤੂਆਂ ਦਾ ਬਾਈਕਾਟ ਹੋਰ ਤੇਜ਼ ਕੀਤਾ ਜਾਵੇਗਾ। ਸ਼ਾਂਤਮਈ ਅੰਦੋਲਨ ਕਰਨਾ ਕਿਸਾਨਾਂ, ਮਜ਼ਦੂਰਾਂ ਦਾ ਮੁੱਢਲਾ ਅਤੇ ਸੰਵਿਧਾਨਕ ਹੱਕ ਹੈ। ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਲਈ ਹਰ ਤਰ੍ਹਾਂ ਦਾ ਹੀਲਾ ਵਰਤ ਰਹੀ ਹੈ। ਜ਼ਰੂਰੀ ਵਸਤਾਂ ਦੇ ਕਾਨੂੰਨ, 2020 ਦੇ ਨਾਲ ਪੂੰਜੀਪਤੀਆਂ ਨੂੰ ਮਨਮਰਜ਼ੀ ਦੇ ਨਾਲ ਖੇਤੀ ਵਸਤੂਆਂ ਦੇ ਭੰਡਾਰਨ ਦਾ ਅਧਿਕਾਰ ਮਿਲੇਗਾ ਅਤੇ ਇਹ ਵਸਤੂਆਂ ਦੀ ਨਕਲੀ ਘਾਟ ਪੈਦਾ ਕਰਕੇ ਮਨ-ਮਰਜ਼ੀ ਦੇ ਰੇਟ ਉੱਤੇ ਆਮ ਖਪਤਕਾਰ ਨੂੰ ਖੇਤੀ ਵਸਤੂਆਂ ਵੇਚਣਗੇ।

ਇਸ ਲਈ ਇਹ ਸੰਘਰਸ਼ ਸਾਰੇ ਵਰਗਾਂ ਦੇ ਸਾਂਝੇ ਸੰਘਰਸ਼ ਵਜੋਂ ਉੱਭਰਨਾ ਚਾਹੀਦਾ ਹੈ, ਤਾਂ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਵਾ ਕੇ ਇਹਨਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਗੁਰਦਾਸਪੁਰ ਦਾ ਜਥਾ 25 ਦਸੰਬਰ ਨੂੰ ਰਵਾਨਾ ਹੋਵੇਗਾ। 20 ਦਸੰਬਰ ਨੂੰ ਇਸ ਘੋਲ ਦੇ ਸ਼ਹੀਦਾਂ ਨੂੰ ਸਮਰਪਤ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਅਰਦਾਸ, ਝੰਡਾ ਮਾਰਚ, ਅਤੇ ਮੋਮਬੱਤੀ ਮਾਰਚ ਕੀਤੇ ਜਾਣਗੇ।

Exit mobile version