‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਦੇ ਸੈਕਟਰ 16 ਦੇ ਇੱਕ ਸਰਕਾਰੀ ਹਸਪਤਾਲ ਦੇ ਬਾਹਰ ਕੋਰੋਨਾ ਵੈਰੀਅਰਜ਼ ਵੱਲੋਂ ਹਸਪਤਾਲ ਪ੍ਰਸ਼ਾਸਨ, ਸਰਕਾਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦਰਅਸਲ, ਇਨ੍ਹਾਂ ਨੂੰ ਹਸਪਤਾਲ ਵੱਲੋਂ ਬਿਨਾਂ ਕੋਈ ਅਲਟੀਮੇਟਮ ਦਿੱਤਿਆਂ ਹੀ 30 ਸਤੰਬਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਪਰ ਹਸਪਤਾਲ ਵੱਲੋਂ ਇਸ ਬਾਰੇ ਜਾਣਕਾਰੀ 1 ਅਕਤੂਬਰ ਨੂੰ ਦਿੱਤੀ ਗਈ। ਕੋਰੋਨਾ ਵੈਰੀਅਰਜ਼ ਨੇ ਇਲਜ਼ਾਮ ਲਾਇਆ ਕਿ ਇਨ੍ਹਾਂ ਨੂੰ ਹੌਲੀ-ਹੌਲੀ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੂੰ ਕਿਸੇ ਸੀਨੀਅਰ ਅਥਾਰਿਟੀ ਨੇ ਪਹਿਲਾਂ ਤੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਕਿ ਇੱਕ ਲਿਸਟ ਅੱਜ ਫਿਰ ਤਿਆਰ ਹੋ ਗਈ ਹੈ, ਜਿਨ੍ਹਾਂ ਨੂੰ ਬਾਹਰ ਕੱਢਿਆ ਜਾਣਾ ਹੈ, ਬਸ DHS (Director Health Service) ਦੇ ਦਸਤਖ਼ਤ ਹੋਣੇ ਬਾਕੀ ਹਨ। ਸਟਾਫ਼ ਵੱਲੋਂ ਦੋ ਦਿਨ ਹਸਪਤਾਲ ਦੇ ਅੰਦਰ ਪ੍ਰਦਰਸ਼ਨ ਕੀਤਾ ਗਿਆ ਪਰ ਹਸਪਤਾਲ ਨੇ ਉਨ੍ਹਾਂ ਨੂੰ ਅੰਦਰ ਪ੍ਰਦਰਸ਼ਨ ਕਰਨ ਤੋਂ ਮਨ੍ਹਾ ਕਰ ਦਿੱਤਾ ਜਿਸ ਕਰਕੇ ਇਨ੍ਹਾਂ ਵੱਲੋਂ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ।
ਪ੍ਰਦਰਸ਼ਨਕਾਰੀਆਂ ਨੇ ਇਹ ਵੀ ਦੱਸਿਆ ਕਿ 2 ਅਕਤੂਬਰ ਨੂੰ ਗਾਂਧੀ ਜਯੰਤੀ ਵਾਲੇ ਦਿਨ ਹਸਪਤਾਲ ਵੱਲੋਂ ਨਵੇਂ ਕਰਮਚਾਰੀਆਂ ਲਈ ਇੰਟਰਵਿਊ ਰੱਖੀ ਗਈ ਸੀ, ਹਾਲਾਂਕਿ ਉਸ ਦਿਨ ਛੁੱਟੀ ਸੀ। ਪਰ ਹਸਪਤਾਲ ਪ੍ਰਸ਼ਾਸਨ ਨੇ ਜਦੋਂ ਸਾਨੂੰ ਬਾਹਰ ਪ੍ਰਦਰਸ਼ਨ ਕਰਦੇ ਵੇਖਿਆ ਤਾਂ ਉਨ੍ਹਾਂ ਨੂੰ ਉਹ ਮੀਟਿੰਗ ਰੱਦ ਕਰਨੀ ਪਈ। ਉਸ ਦਿਨ ਤੋਂ ਬਾਅਦ ਅਸੀਂ ਲਗਾਤਾਰ ਹਸਪਤਾਲ ਦੇ ਬਾਹਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਸਪਤਾਲ ਦੇ ਬਾਹਰ ਸਖ਼ਤ ਬੈਰੀਕੇਡਿੰਗ ਵੀ ਕੀਤੀ ਗਈ ਹੈ।
ਨਰਸਿੰਗ ਸਟਾਫ ਨੂੰ ਕਰੋਨਾ ਮਹਾਂਮਾਰੀ ਦੌਰਾਨ ਕੰਟਰੈਕਟ ‘ਤੇ ਰੱਖਿਆ ਗਿਆ ਸੀ। ਸਾਨੂੰ ਬਿਨਾਂ ਜਾਣਕਾਰੀ ਦਿੱਤੇ 30 ਸਤੰਬਰ ਤੋਂ ਹੀ ਨੌਕਰੀ ਤੋਂ ਬਾਹਰ ਕੱਢਿਆ ਗਿਆ ਸੀ ਪਰ ਸਾਨੂੰ ਇਸ ਬਾਰੇ 1 ਅਕਤੂਬਰ ਨੂੰ ਪਤਾ ਲੱਗਾ ਸੀ। ਹਾਲਾਂਕਿ, ਉਸ ਸਮੇਂ ਅਸੀਂ ਆਨ ਡਿਊਟੀ ‘ਤੇ ਸੀ ਪਰ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ।
ਸਾਨੂੰ ਕੋਈ ਵੀ ਟਰਮੀਨੇਸ਼ਨ ਲੈਟਰ ਨਹੀਂ ਦਿੱਤਾ ਗਿਆ। ਅਸੀਂ ਸਰਕਾਰ ਤੋਂ ਸਿਰਫ਼ ਇਹੀ ਅਪੀਲ ਕਰਦੇ ਹਾਂ ਕਿ ਸਾਨੂੰ ਮੁੜ ਤੋਂ ਕੰਮ ‘ਤੇ ਰੱਖਿਆ ਜਾਵੇ। ਸਾਨੂੰ ਪਿਛਲੇ ਸਾਲ ਜਦੋਂ ਕੋਰੋਨਾ ਮਹਾਂਮਾਰੀ ਆਈ ਸੀ, ਉਦੋਂ ਤੋਂ ਹੀ ਕੰਟਰੈਕਟ ‘ਤੇ ਰੱਖਿਆ ਗਿਆ ਸੀ। ਸਾਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਕੰਟਰੈਕਟ ਕਿੰਨੇ ਸਮੇਂ ਦੇ ਲਈ ਹੈ, ਸਾਨੂੰ ਅੰਡਰ ਕੋਵਿਡ ਕਹਿ ਕੇ ਰੱਖਿਆ ਗਿਆ ਸੀ। ਜਦੋਂ ਅਸੀਂ ਕੰਟਰੈਕਟ ਬਾਰੇ ਪੁੱਛਦੇ ਸੀ ਤਾਂ ਸਾਨੂੰ ਕਿਹਾ ਜਾਂਦਾ ਸੀ ਕਿ ਇਹ ਕੰਟਰੈਕਟ ਲੰਬਾ ਚੱਲੇਗਾ।
ਸਾਨੂੰ ਕੰਟਰੈਕਟ ਦਾ ਕੋਈ ਦਸਤਾਵੇਜ਼ ਨਹੀਂ ਦਿੱਤਾ ਗਿਆ ਸੀ, ਹਾਲਾਂਕਿ ਅਸੀਂ ਕੰਟਰੈਕਟ ਲੈਟਰ ਵੀ ਮੰਗਿਆ ਸੀ। ਅਸੀਂ ਹਸਪਤਾਲ ਪ੍ਰਸ਼ਾਸਨ ਦੇ ਨਾਲ ਵੀ ਇਸ ਮਾਮਲੇ ਬਾਰੇ ਗੱਲ ਕੀਤੀ ਪਰ ਉਨ੍ਹਾਂ ਨੇ ਜਵਾਬ ਦੇ ਦਿੱਤਾ ਕਿ ਇਹ ਮਾਮਲਾ ਸਾਡੇ ਹੱਥ ਵਿੱਚ ਨਹੀਂ ਹੈ ਅਤੇ ਨਾ ਹੀ ਸਾਨੂੰ ਹਸਪਤਾਲ ਅੰਦਰ ਦਾਖ਼ਲ ਹੋਣ ਦੇ ਰਹੇ ਹਨ। ਸਾਨੂੰ ਕਿਹਾ ਗਿਆ ਸੀ ਕਿ ਜਦੋਂ ਤੱਕ ਕੋਵਿਡ ਰਹੇਗਾ, ਅਸੀਂ ਤੁਹਾਡੇ ਕੋਲੋਂ ਸੇਵਾ ਲਵਾਂਗੇ ਪਰ ਕੋਵਿਡ ਖਤਮ ਹੋਣ ਤੋਂ ਪਹਿਲਾਂ ਹੀ ਸਾਨੂੰ ਕੱਢ ਦਿੱਤਾ ਗਿਆ ਹੈ, ਚੰਡੀਗੜ੍ਹ ਪੂਰਾ ਹਾਲੇ ਵੈਕਸੀਨੇਟਿਡ ਵੀ ਨਹੀਂ ਹੋਇਆ। ਸਾਡੀ ਜਗ੍ਹਾ ‘ਤੇ ਨਵਾਂ ਸਟਾਫ਼ ਰੱਖਿਆ ਜਾ ਰਿਹਾ ਹੈ।
ਸਾਨੂੰ ਇਹ ਕਹਿ ਕੇ ਕੱਢਿਆ ਗਿਆ ਹੈ ਕਿ ਉਨ੍ਹਾਂ ਕੋਲ ਕੋਵਿਡ ਦੇ ਸਟਾਫ਼ ਵਾਸਤੇ ਕੋਈ ਵੀ ਫੰਡ ਨਹੀਂ ਹੈ। 28 ਸਤੰਬਰ ਨੂੰ ਨਵੇਂ ਸਟਾਫ਼ ਦੇ ਆਰਡਰ ਹੋਏ ਸਨ, 29 ਸਤੰਬਰ ਨੂੰ ਇੰਟਰਵਿਊ ਲਿਆ ਗਿਆ ਹੈ, ਜਿਸ ਵਿੱਚ ਨਰਸਿੰਗ ਸਟਾਫ਼ ਰੱਖਿਆ ਗਿਆ ਹੈ। ਹੁਣ ਜਦੋਂ ਸਾਡੀ ਹੌਂਸਲਾ ਅਫ਼ਜ਼ਾਈ ਕਰਨ ਦਾ ਸਮਾਂ ਆਇਆ ਤਾਂ ਸਾਨੂੰ ਬਾਹਰ ਕੱਢਿਆ ਗਿਆ।