‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਕੋਰੋਨਾ ਵਾਇਰਸ ਦੇ ਨਵੇਂ ਤੇ ਜ਼ਿਆਦਾ ਇਨਫੈਕਸ਼ਨ ਵਾਲੇ ਮੰਨੇ ਜਾ ਰਹੇ ਓਮੀਕ੍ਰੋਨ ਵੇਰੀਐਂਟ ਦਾ ਘੇਰਾ ਵਧਦਾ ਜਾ ਰਿਹਾ ਹੈ। ਹੁਣ ਇਹ ਫਰਾਂਸ ਤੇ ਜਾਪਾਨ ਤਕ ਪਹੁੰਚ ਗਿਆ ਹੈ ਤੇ ਦੋਵਾਂ ਦੇਸ਼ਾਂ ’ਚ ਇਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਦੱਖਣੀ ਅਫਰੀਕਾ ’ਚ ਓਮੀਕ੍ਰੋਨ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਣ ਤੋਂ ਹਫ਼ਤਾ ਪਹਿਲਾਂ ਹੀ ਇਹ ਵੇਰੀਐਂਟ ਪੁਰਤਗਾਲ ਪਹੁੰਚ ਗਿਆ ਸੀ। ਇਸ ਨਾਲ ਵਧਦੇ ਖ਼ਤਰੇ ਵਿਚਾਲੇ ਦੁਨੀਆ ਭਰ ਦੇ ਦੇਸ਼ ਜਿੱਥੇ ਇਸ ਦੇ ਪਸਾਰ ਨੂੰ ਸੀਮਤ ਕਰਨ ਦੇ ਤਰੀਕੇ ਲੱਭਣ ’ਚ ਲੱਗੇ ਹਨ, ਉੱਥੇ ਵਿਗਿਆਨੀ ਇਹ ਅਧਿਐਨ ਕਰਨ ’ਚ ਲੱਗੇ ਹਨ ਕਿ ਆਖਿਰ ਓਮੀਕ੍ਰੋਨ ਕਿੰਨਾ ਖ਼ਤਰਨਾਕ ਹੋ ਸਕਦਾ ਹੈ।
ਫਰਾਂਸ ਸਰਕਾਰ ਦੇ ਬੁਲਾਰੇ ਗੈਬਰੀਅਲ ਅਟੱਲ ਨੇ ‘ਯੂਰਪ-1 ਰੇਡੀਓ ਸਟੇਸ਼ਨ’ ਨੂੰ ਇਕ ਇੰਟਰਵਿਊ ’ਚ ਹਿੰਦ ਮਹਾਸਾਗਰ ਸਥਿਤ ਫਰਾਂਸੀਸੀ ਟਾਪੂ ਖੇਤਰ ‘ਰੀਯੂਨੀਅਨ’ ’ਚ ਵਾਇਰਸ ਦੀ ਨਵੀਂ ਕਿਸਮ ਦਾ ਪਹਿਲਾ ਮਾਮਲਾ ਸਾਹਮਣੇ ਆਉਣ ਦੀ ਪੁਸ਼ਟੀ ਕੀਤੀ। ਇਥੇ ਓਮੀਕ੍ਰੋਨ ਤੋਂ ਪੀੜਤ ਪਾਇਆ ਗਿਆ 53 ਸਾਲਾ ਵਿਅਕਤੀ ਮੋਜਾਮਬਿਕ ਦੀ ਯਾਤਰਾ ’ਤੇ ਗਿਆ ਸੀ ਤੇ ‘ਰੀਯੂਨੀਅਨ’ ਤੋਂ ਪਰਤਣ ਤੋਂ ਪਹਿਲਾਂ ਦੱਖਣੀ ਅਫਰੀਕਾ ’ਚ ਰੁਕਿਆ ਸੀ। ਉਸ ਨੂੰ ਆਈਸੋਲੇਸ਼ਨ ’ਚ ਰੱਖਿਆ ਗਿਆ ਹੈ ਤੇ ਉਸ ਨੂੰ ਮਾਸਪੇਸ਼ੀਆ ’ਚ ਦਰਦ ਤੇ ਥਕਾਵਟ ਦੀ ਸ਼ਿਕਾਇਤ ਹੈ।