‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਕੋਰੋਨਾ ਮਹਾਂਮਾਰੀ ਨਾਲ ਪੂਰੇ ਵਿਸ਼ਵ ਵਿੱਚ ਹਾਹਾਕਾਰ ਮੱਚੀ ਹੋਈ ਹੈ। ਵਿਸ਼ਵ ਸਿਹਤ ਸੰਸਥਾ (WHO) ਵੱਲੋਂ ਵੀ ਹਰ ਦਿਨ ਨਵੇਂ ਤੱਥ ਪੇਸ਼ ਕੀਤੇ ਜਾਂਦੇ ਹਨ। WHO ਦੇ ਤਾਜ਼ਾ ਬਿਆਨ ਵੱਲ ਝਾਤ ਮਾਰੀਏ ਤਾਂ ਇਸ ਵਿੱਚ ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਕੋਰੋਨਾ ਮਹਾਮਾਰੀ ਦੇ ਨਵੇਂ ਗੇੜ ’ਚ ਦਾਖਲ ਹੋਣ ਦੀ ਗੱਲ ਆਖੀ ਗਈ ਹੈ।
WHO ਨੇ ਖੇਤਰੀ ਸਰਕਾਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਲੋਕਾਂ ਦੀ ਸਿਹਤ ਦੀ ਸੁਰੱਖਿਆ ਲਈ ਚੁੱਕੇ ਜਾਂਦੇ ਕਦਮਾਂ ਨੂੰ ਉਤਸ਼ਾਹਿਤ ਕਰਨ। ਪੱਛਮੀ ਪ੍ਰਸ਼ਾਂਤ ਖੇਤਰ ਦੇ ਡਾਇਰੈਕਟਰ ਡਾ. ਤਾਕੇਸ਼ੀ ਕਾਸਾਈ ਨੇ ਕਿਹਾ ਕਿ ਇਸ ਗੇੜ ਵਿੱਚ ਸਰਕਾਰਾਂ ਨੂੰ ਕੋਰੋਨਾਵਾਇਰਸ ਦੀ ਲਾਗ ਦੇ ਕਈ ਗੁਣਾਂ ਤੱਕ ਵਧਣ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਇੱਕ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਇਨਫਲੂਐਂਜ਼ਾ ਦਾ ਵਾਇਰਸ ਹਵਾ ’ਚ ਧੂੜ, ਫਾਈਬਰ ਤੇ ਹੋਰ ਸੂਖਮ ਕਣਾਂ ਰਾਹੀਂ ਫੈਲ ਸਕਦਾ ਹੈ ਨਾ ਕਿ ਸਿਰਫ਼ ਸਾਹ ਰਾਹੀਂ ਨਿਕਲਣ ਵਾਲੇ ਸੂਖਮ ਕਣਾਂ ਰਾਹੀਂ। ਅਮਰੀਕਾ ਦੀ ਕੈਲੀਫੋਰਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਵਿਲੀਅਮ ਰਿਸਟੇਨਪਾਰਟ ਨੇ ਕਿਹਾ, ‘ਇਹ ਵਧੇਰੇ ਵਿਸ਼ਾਣੂ ਵਿਗਿਆਨੀਆਂ ਤੇ ਮਹਾਮਾਰੀ ਮਾਹਿਰਾਂ ਲਈ ਹੈਰਾਨ ਕਰਨ ਵਾਲੇ ਹਨ ਕਿ ਹਵਾ ਵਿਚਲੀ ਧੂੜ ਰਾਹੀਂ ਵੀ ਇਨਫਲੂਐਂਜ਼ਾ ਦੇ ਵਾਇਰਸ ਫੈਲ ਸਕਦੇ ਹਨ ਨਾ ਕਿ ਸਿਰਫ਼ ਸਾਹ ਲੈਣ ਨਾਲ ਨਿਕਲਣ ਵਾਲੇ ਕਣਾਂ ਨਾਲ।’
ਕੋਰੋਨਾਵਾਇਰਸ ਦੀ ਰਿਸਰਚ ਵਿੱਚ ਲੱਗੇ ਵਿਗਿਆਨੀਆਂ ਵੱਲੋਂ ਕੀਤੇ ਜਾਂਦੇ ਖੁਲਾਸੇ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਜਾਂਦੇ ਹਨ ਕਿਉਂਕਿ ਹਾਲੇ ਤੱਕ ਇਹ ਪੁਖਤਾ ਜਾਣਕਾਰੀ ਨਹੀਂ ਮਿਲ ਸਕੀ ਕਿ ਕੋਰੋਨਾਵਾਇਰਸ ਦੀ ਲਾਗ ਕਿਸ ਚੀਜ ਤੋਂ ਸਭ ਤੋਂ ਵੱਧ ਫੈਲ ਸਕਦੀ ਹੈ ਅਤੇ ਇਸਦਾ ਇਲਾਜ ਕਿਸ ਚੀਜ ਵਿੱਚ ਛੁਪਿਆ ਹੋਇਆ ਹੈ।