ਕੱਚੇ ਮੁਲਾਜ਼ਮਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਖੋਲਿਆ ਪੱਕਾ ਮੋਰਚਾ
‘ਦ ਖ਼ਾਲਸ ਬਿਊਰੋ : ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਭਗਵੰਤ ਮਾਨ ਸਰਕਾਰ ਦੇ ਲਈ ਗਲੇ ਦੀ ਹੱਡੀ ਬਣ ਦੀ ਜਾ ਰਹਾ ਹੈ। ਸੀਐੱਮ ਵੱਲੋਂ 1 ਜੁਲਾਈ ਨੂੰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਲਈ ਵਿੱਤ ਮੰਤਰੀ ਹਰਪਾਲ ਚੀਮਾ ਦੀ ਅਗਵਾਈ ਵਿੱਚ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ ਪਰ ਕਈ ਮੀਟਿੰਗ ਤੋਂ ਬਾਅਦ ਵੀ ਕਮੇਟੀ ਹੁਣ ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕੋਈ ਠੋਸ ਫਾਰਮੂਲਾ ਲਭ ਨਹੀਂ ਸਕੀ ਹੈ ਪਰ ਹੁਣ ਕੱਚੇ ਅਧਿਆਪਕ ਯੂਨੀਅਨ ਨੇ ਸਿੱਧੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਵੱਡਾ ਮੋਰਚਾ ਖੋਲ੍ਹਣ ਦਾ ਫੈਸਲਾ ਲਿਆ ਹੈ।
ਕੱਚੇ ਅਧਿਆਪਕ ਮੁਲਾਜ਼ਮਾਂ ਦਾ ਵੱਡਾ ਐਲਾਨ
ਕੱਚੇ ਅਧਿਆਪਕ ਮੁਲਾਜ਼ਮਾਂ ਨੂੰ ਫੌਰਨ ਰੈਗੁਲਰ ਕਰਨ ਦੇ ਲਈ ਯੂਨੀਅਨ ਦਾ ਇੱਕ ਵਫਦ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਿਆ ਸੀ ਪਰ ਕੋਈ ਠੋਸ ਨਤੀਜਾ ਨਹੀਂ ਨਿਕਲਣ ਤੋਂ ਬਾਅਦ ਹੁਣ ਯੂਨੀਅਨ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਾ ਪਾਉਣ ਦਾ ਵੱਡਾ ਐਲਾਨ ਕੀਤਾ ਹੈ । ਯੂਨੀਅਨ ਨੇ ਤੈਅ ਕੀਤਾ ਹੈ ਕਿ ਪੂਰੇ ਸੂਬੇ ਵਿੱਚ ਜਿੱਥੇ-ਜਿੱਥੇ ਸੀਐੱਮ ਮਾਨ ਦੇ ਪ੍ਰੋਗਰਾਮ ਹੋਣਗੇ ਉਨ੍ਹਾਂ ਨੂੰ ਸਟੇਜ ਤੋਂ ਨਹੀਂ ਬੋਲਣ ਦਿੱਤਾ ਜਾਵੇਗਾ, ਸਿਰਫ਼ ਇੰਨਾਂ ਹੀ ਨਹੀਂ ਯੂਨੀਅਨ ਨੇ ਫੈਸਲਾ ਲਿਆ ਹੈ ਕਿ 15 ਅਗਸਤ ਨੂੰ ਉਹ ਮੁੱਖ ਮੰਤਰੀ ਦੀ ਲੁਧਿਆਣਾ ਫੇਰੀ ਦਾ ਵੀ ਵਿਰੋਧ ਕਰਨਗੇ।
CM ਨੂੰ ਤਨਖ਼ਾਹ ਵਧਾਉਣ ਦਾ ਵਾਅਦਾ ਯਾਦ ਕਰਵਾਇਆ
ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਮੀਟਿੰਗ ਦੌਰਾਨ ਕੱਚੇ ਅਧਿਆਪਕ ਯੂਨੀਅਨ ਵੱਲੋਂ CM ਨੂੰ ਅਧਿਆਪਕਾਂ ਦੀ ਤਨਖਾਹ 36 ਹਜ਼ਾਰ ਕਰਨ ਦਾ ਵਾਅਦਾ ਵੀ ਯਾਦ ਕਰਵਾਇਆ ਗਿਆ ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 7 ਤੋਂ 8 ਮਹੀਨੇ ਦੇ ਅੰਦਰ ਉਹ ਮੁਲਾਜ਼ਮਾਂ ਨੰ ਪੱਕਾ ਕਰਨ ਜਾ ਰਹੇ ਹਨ ਪਰ ਉਹ ਤਨਖ਼ਾਹ ਵਿੱਚ ਵਾਧਾ ਨਹੀਂ ਕਰ ਸਕਦੇ ਹਨ।
ਕਮੇਟੀ ਨੇ ਅਫਸਰਾਂ ਨੂੰ ਲਗਾਈ ਝਾੜ
ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੀ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਹਰਪਾਲ ਚੀਮਾ ਹਨ। ਜਦਕਿ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਮੀਤ ਹੇਅਰ ਵੀ ਸ਼ਾਮਲ ਹਨ। ਪਿਛਲੇ ਦਿਨਾਂ ਦੌਰਾਨ ਕਮੇਟੀ ਨੇ ਕਈ ਮੀਟਿੰਗਾਂ ਕੀਤੀਆਂ ਅਤੇ ਵੱਖ-ਵੱਖ ਵਿਭਾਗਾਂ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੀ ਲਿਸਟ ਵੀ ਮੰਗੀ, ਪਿਛਲੀ ਮੀਟਿੰਗ ਦੌਰਾਨ ਮੰਤਰੀਆਂ ਵੱਲੋਂ ਅਫਸ਼ਰਾਂ ਨੂੰ ਝਾੜ ਲਗਾਉਣ ਦੀ ਖ਼ਬਰ ਵੀ ਸਾਹਮਣੇ ਆਈ ਸੀ ਕਿਉਂਕਿ ਉਨ੍ਹਾਂ ਵੱਲੋਂ ਕੱਚੇ ਮੁਲਾਜ਼ਮਾਂ ਦੀ ਲਿਸਟ ਨਹੀਂ ਸੌਂਪੀ ਗਈ ਸੀ।