The Khalas Tv Blog Punjab ਕਾਂਗਰਸ ਦੀ ‘ਮਹਿੰਗਾਈ ਮੁਕਤ ਭਾਰਤ’ ਮੁਹਿੰਮ ਦਾ ਅੱਜ ਆਖ਼ਰੀ ਦਿਨ
Punjab

ਕਾਂਗਰਸ ਦੀ ‘ਮਹਿੰਗਾਈ ਮੁਕਤ ਭਾਰਤ’ ਮੁਹਿੰਮ ਦਾ ਅੱਜ ਆਖ਼ਰੀ ਦਿਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਵੱਲੋਂ ਅੱਜ ਚੰਡੀਗੜ੍ਹ ਵਿੱਚ ਵੱਧ ਰਹੀ ਮਹਿੰਗਾਈ ਦੇ ਖਿਲਾਫ਼ ਰਾਜ ਪੱਧਰੀ ਧਰਨਾ ਦਿੱਤਾ ਜਾ ਰਿਹਾ ਹੈ। ਧਰਨੇ ਵਿੱਚ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਹੋਏ। ਸਿੱਧੂ ਆਪਣੇ ਸਾਥੀਆਂ ਦੇ ਨਾਲ ਚੰਡੀਗੜ੍ਹ ਦੇ ਕਾਂਗਰਸ ਭਵਨ ਵਿੱਚ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ। ਸਿੱਧੂ ਅਤੇ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੇ ਵਿਚਕਾਰ ਬਹਿਸ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਸੂਤਰਾਂ ਮੁਤਾਬਕ ਧਰਨੇ ਦੌਰਾਨ ਦੋਵਾਂ ਆਗੂਆਂ ਵਿੱਚ ਬਹਿਸ ਹੋਈ ਹੈ। ਢਿੱਲੋਂ ਨੇ ਸਿੱਧੂ ਨੂੰ ਪੁੱਛਿਆ ਕਿ ਉਹ ਦੱਸਣ ਕਿ ਪਾਰਟੀ ਵਿੱਚ ਬੇਈਮਾਨ ਕੌਣ ਹਨ। ਦਰਅਸਲ, ਸਿੱਧੂ ਨੇ ਪਾਰਟੀ ਵਿੱਚ ਬੇਈਮਾਨ ਹੋਣ ਦੀ ਗੱਲ ਕਹੀ ਸੀ।

ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਦੇਸ਼ ਵਿੱਚ ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਸਰਕਾਰ ਖਿਲਾਫ਼ ਦੇਸ਼ ਭਰ ‘ਚ ‘ਮਹਿੰਗਾਈ ਮੁਕਤ ਭਾਰਤ’ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸਦਾ ਅੱਜ ਆਖਰੀ ਦਿਨ ਹੈ। ਅੱਜ ਕਾਂਗਰਸ ਵੱਲੋਂ ਦੇਸ਼ ਭਰ ‘ਚ ਪ੍ਰਦਰਸ਼ਨ ਕੀਤਾ ਜਾਵੇਗਾ। ਕਾਂਗਰਸ ਵਰਕਰ ਅੱਜ ਸਵੇਰੇ 11 ਵਜੇ ਪੰਜਾਬ ਕਾਂਗਰਸ ਭਵਨ ‘ਚ ਇਕੱਠੇ ਹੋ ਰਹੇ ਹਨ।

ਇਹ ਮੁਹਿੰਮ 31 ਮਾਰਚ ਤੋਂ 7 ਅਪ੍ਰੈਲ ਤੱਕ ਤਿੰਨ ਪੜਾਵਾਂ ਵਿੱਚ ਚਲਾਈ ਗਈ ਹੈ। ਪਹਿਲਾ ਪੜਾਅ 31 ਮਾਰਚ ਨੂੰ ਸਵੇਰੇ 11 ਵਜੇ ਸ਼ੁਰੂ ਹੋਇਆ ਸੀ। ਦੂਜਾ ਪੜਾਅ 2 ਤੋਂ 4 ਅਪ੍ਰੈਲ ਤੱਕ ਅਤੇ ਆਖਰੀ ਪੜਾਅ ਅੱਜ ਹੈ। ਇਸ ਮੁਹਿੰਮ ਦੀ ਸ਼ੁਰੂਆਤ ਦਿੱਲੀ ਦੇ ਵਿਜੇ ਚੌਂਕ ‘ਚ ਰਾਹੁਲ ਗਾਂਧੀ ਦੀ ਅਗਵਾਈ ‘ਚ ਕੀਤੀ ਗਈ। ਕਾਂਗਰਸੀਆਂ ਨੇ ਕੇਂਦਰ ਸਰਕਾਰ ਤੋਂ ਵੱਧ ਰਹੀ ਮਹਿੰਗਾਈ ਨੂੰ ਨਕੇਲ ਪਾਉਣ ਦੀ ਮੰਗ ਕੀਤੀ ਹੈ। ਕਾਂਗਰਸ ਦੀ ‘ਮਹਿੰਗਾਈ ਮੁਕਤ ਭਾਰਤ’ ਮੁਹਿੰਮ ਦਾ ਵੱਖ ਵੱਖ ਸੂਬਿਆਂ ਵਿੱਚ ਲੋਕਾਂ ਵੱਲੋਂ ਸਾਥ ਵੀ ਦਿੱਤਾ ਗਿਆ। ਭੋਪਾਲ, ਕਰਨਾਟਕਾ ਵਿੱਚ ਲੋਕਾਂ ਵੱਲੋਂ ਕਾਂਗਰਸ ਦਾ ਸਾਥ ਦਿੰਦਿਆਂ ਗੈਸ ਸਿਲੰਡਰ ਉੱਤੇ ਮਾਲਾ ਪਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਵਿਦਿਆਰਥੀ ਜਥੇਬੰਦੀਆਂ ਵੱਲੋਂ ਵੀ ਇਸ ਮੁਹਿੰਮ ਦਾ ਸਾਥ ਦਿੱਤਾ ਗਿਆ।

ਦੇਸ਼ ਦੀ ਆਮ ਜਨਤਾ ‘ਤੇ ਲਗਾਤਾਰ ਮਹਿੰਗਾਈ ਦੀ ਮਾਰ ਪੈ ਰਹੀ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਰੋਜ਼ਾਨਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 80-80 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਜੇਬਾਂ ਉੱਤੇ ਭਾਰ ਪੈ ਰਿਹਾ ਹੈ। ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਪਿੱਛੇ ਕੱਚੇ ਤੇਲ ਦੀਆਂ ਕੀਮਤਾਂ, ਰਿਫ਼ਾਇਨਰੀ ਦੀ ਕੀਮਤ, ਮਾਰਕਟਿੰਗ ਕੰਪਨੀਆਂ ਦਾ ਹਿੱਸਾ, ਐਕਸਾਈਜ਼ ਡਿਊਟੀ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲਾਇਆ ਜਾਂਦਾ ਵੈਟ ਸ਼ਾਮਲ ਹੈ। ਯੂਕਰੇਨ ਉੱਤੇ ਰੂਸ ਦੇ ਹਮਲੇ ਕਾਰਨ ਵਿਸ਼ਵਵਿਆਪੀ ਤੇਲ ਅਤੇ ਕੁਦਰਤੀ ਗੈਸ ਦੀ ਸਪਲਾਈ ਵਿੱਚ ਵਿਘਨ ਪੈਣ ਦੇ ਡਰ ਤੋਂ ਤੇਲ ਅਤੇ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ। ਇਸ ਕਰਕੇ ਕੌਮਾਂਤਰੀ ਪੱਧਰ ‘ਤੇ ਕੱਚਾ ਤੇਲ 13 ਸਾਲ ਦੇ ਸਭ ਤੋਂ ਉੱਚੇ ਪੱਧਰ ਉੱਤੇ ਪਹੁੰਚ ਗਿਆ ਹੈ।

Exit mobile version