The Khalas Tv Blog Punjab ਸਿਆਸਤ ਤੇ ਕਿਸਾਨਾਂ ਦੇ ਇਨਸਾਫ਼ ਨਾਲ ਜੁੜੀਆਂ 2 ਵੱਡੀਆਂ ਖ਼ਬਰਾਂ
Punjab

ਸਿਆਸਤ ਤੇ ਕਿਸਾਨਾਂ ਦੇ ਇਨਸਾਫ਼ ਨਾਲ ਜੁੜੀਆਂ 2 ਵੱਡੀਆਂ ਖ਼ਬਰਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਈਡੀ ਨੇ ਨੈਸ਼ਨਲ ਹੈਰਾਲਡ ਮਾਮਲੇ ਵਿੱਚ ਅੱਜ ਦੂਸਰੀ ਵਾਰ ਪੁੱਛਗਿੱਛ ਕੀਤੀ। ਅੱਜ ਕਰੀਬ ਸਵੇਰੇ 11 ਵਜੇ ਸੋਨੀਆ ਗਾਂਧੀ ਈਡੀ ਦਫ਼ਤਰ ਪਹੁੰਚੇ। ਇਸ ਦੌਰਾਨ ਦੇਸ਼ ਭਰ ਵਿੱਚ ਕਾਂਗਰਸ ਨੇ ਵਿਰੋਧ ਪ੍ਰਦਰਸ਼ਨ ਕੀਤਾ। ਕਾਂਗਰਸ ਦੇ ਸੰਸਦ ਮੈਂਬਰਾਂ ਨੇ ਦਿੱਲੀ ਵਿੱਚ ਸੰਸਦ ਭਵਨ ਵਿੱਚ ਗਾਂਧੀ ਦੀ ਮੂਰਤੀ ਦੇ ਕੋਲ ਵਿਜੇ ਚੌਂਕ ਤੱਕ ਮਾਰਚ ਕੱਢਿਆ। ਮਾਰਚ ਵਿੱਚ ਰਾਹੁਲ ਗਾਂਧੀ ਵੀ ਸ਼ਾਮਿਲ ਸਨ ਅਤੇ ਫਿਰ ਉਹ ਵਿਜੇ ਚੌਂਕ ਉੱਤੇ ਧਰਨੇ ਉੱਤੇ ਬੈਠ ਗਏ। ਬਾਅਦ ਵਿੱਚ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।

ਰਾਹੁਲ ਗਾਂਧੀ ਨੇ ਕਿਹਾ ਕਿ ਸਾਰੇ ਸੰਸਦ ਮੈਂਬਰ ਇੱਥੇ ਆਏ ਹਨ। ਉਹ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਗੱਲ ਕਰ ਰਹੇ ਹਨ। ਪਰ ਪੁਲਿਸ ਉਨ੍ਹਾਂ ਨੂੰ ਇੱਥੇ ਬੈਠਣ ਨਹੀਂ ਦੇ ਰਹੀ। ਸੰਸਦ ਵਿੱਚ ਬਹਿਸ ਨਹੀਂ ਹੋਣ ਦਿੱਤੀ ਜਾ ਰਹੀ ਅਤੇ ਇੱਥੇ ਸਾਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਮਾਰਚ ਵਿੱਚ ਸ਼ਾਮਿਲ ਕਈ ਦੂਸਰੇ ਕਾਂਗਰਸੀ ਲੀਡਰਾਂ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਵਿੱਚ ਰਣਜੀਤ ਰੰਜਨ, ਕੇਸੀ ਵੇਣੂਗੋਪਾਲ, ਇਮਰਾਨ ਪ੍ਰਤਾਪਗੜੀ ਅਤੇ ਕੇ.ਸੁਰੇਸ਼ ਸ਼ਾਮਿਲ ਹਨ।

ਇਸ ਤੋਂ ਪਹਿਲਾਂ 21 ਜੁਲਾਈ ਨੂੰ ਈਡੀ ਨੇ ਸੋਨੀਆ ਗਾਂਧੀ ਤੋਂ ਕਰੀਬ ਦੋ ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ। ਈਡੀ ਰਾਹੁਲ ਗਾਂਧੀ ਤੋਂ ਵੀ ਇਸ ਮਾਮਲੇ ਵਿੱਚ ਕਈ ਘੰਟੇ ਪੁੱਛਗਿੱਛ ਕਰ ਚੁੱਕਾ ਹੈ।

ਉੱਧਰ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਲਖਨਊ ਬੈਂਚ ਨੇ 10 ਫਰਵਰੀ ਨੂੰ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਸੁਪਰੀਮ ਕੋਰਟ ਨੇ ਉਸਨੂੰ ਖ਼ਾਰਜ ਕਰਦਿਆਂ ਹਾਈਕੋਰਟ ਨੂੰ ਕਿਹਾ ਕਿ ਪੀੜਤਾਂ ਨੂੰ ਯੋਗ ਮੌਕਾ ਦੇ ਕੇ ਇਸ ਉੱਤੇ ਫਿਰ ਵਿਚਾਰ ਕੀਤਾ ਜਾਵੇ। ਇਸ ਤੋਂ ਬਾਅਦ ਹਾਈਕੋਰਟ ਨੇ ਜ਼ਮਾਨਤ ਪਟੀਸ਼ਨ ਫਿਰ ਤੋਂ ਸੁਣੀ।

ਮਿਸ਼ਰਾ ਉੱਤੇ ਲਖੀਮਪੁਰ ਖੀਰੀ ਵਿੱਚ ਚਾਰ ਕਿਸਾਨਾਂ ਅਤੇ ਇੱਕ ਪੱਤਰਕਾਰ ਦੀ ਹੱਤਿਆ ਕਰਨ ਦਾ ਦੋਸ਼ ਹੈ। ਇਨ੍ਹਾਂ ਕਿਸਾਨਾਂ ਅਤੇ ਪੱਤਰਕਾਰ ਨੂੰ ਤੇਜ਼ ਰਫ਼ਤਾਰ ਜੀਪ ਨੇ ਕੁਚਲ ਦਿੱਤਾ ਸੀ।

Exit mobile version