‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਕਾਂਗਰਸ ਵਿੱਚ ਬਗਾਵਤ ਖੜ੍ਹੀ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਅਤੇ ਇਸ ਵਿਚਾਲੇ ਕੱਲ੍ਹ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਹੋਈ ਕਈ ਕਾਂਗਰਸੀ ਵਿਧਾਇਕਾਂ ਤੇ ਕੈਬਿਨਟ ਮੰਤਰੀਆਂ ਨੇ ਕੈਪਟਨ ਦੇ ਖ਼ਿਲਾਫ਼ ਮੀਟਿੰਗ ਵੀ ਕੀਤੀ ਸੀ। ਪਰ ਹੁਣ ਕੁੱਝ ਵਿਧਾਇਕਾਂ ਨੇ ਆਪਣੇ-ਆਪ ਨੂੰ ਇਸ ਬਗਾਵਤ ਤੋਂ ਦੂਰ ਕਰ ਲਿਆ ਹੈ। 20 ਤੋਂ ਵੱਧ ਕਾਂਗਰਸੀ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਵਿੱਚੋਂ 7 ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕਰਨ ਵਾਲੀ ਧਿਰ ਦਾ ਹਿੱਸਾ ਹੋਣ ਦਾ ਦਾਅਵਾ ਕੀਤਾ ਸੀ, ਪਰ ਹੁਣ ਉਨ੍ਹਾਂ ਨੇ ਆਪਣੇ-ਆਪ ਨੂੰ ਅਜਿਹੀ ਕਿਸੇ ਵੀ ਕਾਰਵਾਈ ਤੋਂ ਸਪੱਸ਼ਟ ਅਤੇ ਮੁਕੰਮਲ ਤੌਰ ‘ਤੇ ਲਾਂਭੇ ਕਰ ਲਿਆ ਹੈ।
ਇਨ੍ਹਾਂ ਸੱਤ ਵਿਧਾਇਕਾਂ ਨੇ ਇਸ ਪ੍ਰਤੀਕਿਰਿਆ ਨੂੰ ‘ਪਾਰਟੀ ਅੰਦਰ ਦਰਾੜ ਪਾਉਣ ਦੀ ਕੋਸ਼ਿਸ਼ ਵਿੱਚ ਇੱਕ ਧਿਰ ਵੱਲੋਂ ਮਨਸੂਬੇ ਘੜੇ ਜਾਣਾ ਕਰਾਰ ਦਿੱਤਾ ਅਤੇ ਕੈਪਟਨ ਦੇ ਹੱਕ ਵਿੱਚ ਸਟੈਂਡ ਲਿਆ। ਵਿਧਾਇਕਾਂ ਨੇ ਕੈਪਟਨ ਦੀ ਲੀਡਰਸ਼ਿਪ ਵਿੱਚ ਪੂਰਾ ਭਰੋਸਾ ਜਤਾਇਆ।
ਕਿਹੜੇ ਵਿਧਾਇਕਾਂ ਨੇ ਬਗਾਵਤ ਤੋਂ ਖੁਦ ਨੂੰ ਕੀਤਾ ਵੱਖ
ਜਿਨ੍ਹਾਂ ਸੱਤ ਵਿਧਾਇਕਾਂ ਨੇ ਕੈਪਟਨ ਖਿਲਾਫ਼ ਹੋ ਰਹੀ ਬਗਾਵਤ ਤੋਂ ਖੁਦ ਨੂੰ ਵੱਖ ਕੀਤਾ ਹੈ, ਉਨ੍ਹਾਂ ਵਿੱਚ
- ਵਿਧਾਇਕ ਕੁਲਦੀਪ ਵੈਦ
- ਵਿਧਾਇਕ ਦਲਵੀਰ ਸਿੰਘ ਗੋਲਡੀ
- ਵਿਧਾਇਕ ਸੰਤੋਖ ਸਿੰਘ ਭਲਾਈਪੁਰ
- ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ
- ਵਿਧਾਇਕ ਅੰਗਦ ਸਿੰਘ
- ਵਿਧਾਇਕ ਰਾਜਾ ਵੜਿੰਗ
- ਵਿਧਾਇਕ ਗੁਰਕੀਰਤ ਕੋਟਲੀ, ਸ਼ਾਮਿਲ ਹਨ।
ਪੰਜਾਬ ਕਾਂਗਰਸ ਦੇ ਇੱਕ ਧੜੇ ਵੱਲੋਂ ਪਾਰਟੀ ਦੇ ਵਿਧਾਇਕਾਂ ਅਤੇ ਸਾਬਕਾ ਵਿਧਾਇਕਾਂ ਦੀ ਸੂਚੀ ਜਨਤਕ ਕਰਨ ਤੋਂ ਕੁੱਝ ਘੰਟਿਆਂ ਬਾਅਦ ਹੀ ਇਨ੍ਹਾਂ ਲੀਡਰਾਂ ਨੇ ਇਸ ਦਾ ਹਿੱਸਾ ਹੋਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਸੂਚੀ ਨੂੰ ਜਨਤਕ ਤੌਰ ਉੱਤੇ ਜਾਰੀ ਕਰਦੇ ਹੋਏ ਦਾਅਵਾ ਕੀਤਾ ਗਿਆ ਸੀ ਕਿ ਇਹ ਸਾਰੇ ਲੀਡਰ ਕੈਪਟਨ ਅਮਰਿੰਦਰ ਸਿੰਘ ਨੂੰ ਬਦਲਣਾ ਚਾਹੁੰਦੇ ਹਨ ਅਤੇ ਇਸ ਮਾਮਲੇ ਨੂੰ ਹਾਈਕਮਾਨ ਕੋਲ ਉਠਾਉਣਾ ਚਾਹੁੰਦੇ ਹਨ। ਹਾਲਾਂਕਿ, ਇਨ੍ਹਾਂ 7 ਵਿਧਾਇਕਾਂ ਨੇ ਅਜਿਹੇ ਕਿਸੇ ਫੈਸਲਾ ਦਾ ਹਿੱਸਾ ਨਾ ਹੋਣ ਦੀ ਗੱਲ ਕਰਦਿਆਂ ਮੁੱਖ ਮੰਤਰੀ ਨਾਲ ਦ੍ਰਿੜਤਾ ਨਾਲ ਖੜ੍ਹੇ ਹੋਣ ਦਾ ਦਾਅਵਾ ਕੀਤਾ।
ਵਿਧਾਇਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਰਿਹਾਇਸ਼ ਉੱਤੇ ਬੰਦ ਕਮਰੇ ਵਿੱਚ ਹੋਈ ਮੀਟਿੰਗ ‘ਚ ਧੋਖੇਬਾਜ਼ੀ ਨਾਲ ਬਾਕੀ ਲੀਡਰਾਂ ਦੇ ਨਾਲ ਉਨ੍ਹਾਂ ਦੇ ਨਾਂਅ ਵੀ ਜਾਰੀ ਕਰ ਦਿੱਤੇ ਗਏ ਸਨ ਜਦਕਿ ਇਹ ਮੀਟਿੰਗ ਪਾਰਟੀ ਮਾਮਲਿਆਂ ਨੂੰ ਵਿਚਾਰਨ ਲਈ ਸੱਦੀ ਗਈ ਸੀ। ਮੀਟਿੰਗ ਵਿੱਚ ਸ਼ਾਮਲ ਕੁੱਝ ਲੀਡਰਾਂ ਨੇ ਮੁੱਖ ਮੰਤਰੀ ਨੂੰ ਬਦਲਣ ਦਾ ਮਸਲਾ ਉਠਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਦਾਅਵਿਆਂ ਦੇ ਉਲਟ ਸਰਬਸਮੰਤੀ ਨਾਲ ਨਾ ਤਾਂ ਕੋਈ ਮਤਾ ਪੇਸ਼ ਹੋਇਆ ਅਤੇ ਨਾ ਹੀ ਸਹਿਮਤੀ ਬਣੀ। ਇਸ ਢੰਗ ਨਾਲ ਉਨ੍ਹਾਂ ਦੇ ਨਾਂ ਵਰਤਣ ਦਾ ਸਖ਼ਤ ਨੋਟਿਸ ਲੈਂਦਿਆਂ ਇਨ੍ਹਾਂ 7 ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਕਿਸੇ ਵੀ ਅਜਿਹੇ ਕਦਮ ਦੇ ਹਮਾਇਤੀ ਨਹੀਂ ਹਨ।
ਸਾਬਕਾ ਵਿਧਾਇਕ ਮੋਫਰ ਨੇ ਦੱਸਿਆ ਕਿ ਉਹ ਇਸ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ ਸਨ ਬਲਕਿ ਉੱਥੇ ਮੌਜੂਦ ਕੈਬਨਿਟ ਮੰਤਰੀਆਂ ਵਿੱਚੋਂ ਇੱਕ ਨੂੰ ਮਿਲਣ ਗਏ ਸਨ। ਉਨ੍ਹਾਂ ਦੱਸਿਆ ਕਿ ਉਹ ਹੈਰਾਨ ਰਹਿ ਗਏ, ਜਦੋਂ ਉਸ ਨੇ ਆਪਣਾ ਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਦੀ ਮੰਗ ਕਰਨ ਵਾਲਿਆਂ ਵਿੱਚ ਸ਼ਾਮਲ ਵੇਖਿਆ।
ਵਿਧਾਇਕ ਕੁਲਦੀਪ ਵੈਦ ਨੇ ਸਪੱਸ਼ਟ ਕੀਤਾ ਕਿ ਉਹ “ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਅਜਿਹੀ ਕਿਸੇ ਵੀ ਸਾਜ਼ਿਸ਼ ਦਾ ਹਿੱਸਾ ਨਹੀਂ ਹੈ।” ਵਿਧਾਇਕ ਗੋਲਡੀ ਨੇ ਕਿਹਾ ਕਿ ਉਹ ਪੂਰੀ ਦ੍ਰਿੜ੍ਹਤਾ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਕਰਦਾ ਹੈ। ਵਿਧਾਇਕ ਅੰਗਦ ਨੇ ਦੱਸਿਆ ਕਿ ਉਹ ਆਪਣੇ ਹਲਕੇ ਵਿੱਚ ਸਹਿਕਾਰੀ ਸਭਾਵਾਂ ਦੀਆਂ ਚੋਣਾਂ ਬਾਰੇ ਵਿਚਾਰ ਵਟਾਂਦਰੇ ਲਈ ਗਏ ਸਨ ਅਤੇ ਵੜਿੰਗ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਕਿ ਇਸ ਮੀਟਿੰਗ ਦੌਰਾਨ ਅਜਿਹੀ ਕੋਈ ਚਰਚਾ ਵੀ ਹੋਈ ਹੈ। ਭਲਾਈਪੁਰ ਅਤੇ ਕੋਟਲੀ ਨੇ ਵੀ ਇਸ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਬਦਲਣ ਬਾਰੇ ਕੋਈ ਗੱਲਬਾਤ ਹੋਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਅਜਿਹੀ ਮੰਗ ਦਾ ਹਿੱਸਾ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇਸ ਨਾਲ ਇਨ੍ਹਾਂ ਵਿਧਾਇਕਾਂ ਨੇ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਬਗਾਵਤ ਛੇੜਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਨੇ ਪਾਰਟੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਨੂੰ ਵੰਡਣ ਦੀਆਂ ਕੋਸ਼ਿਸ਼ਾਂ ਨੂੰ ਰੋਕਣ ਲਈ ਤੁਰੰਤ ਕੋਈ ਕਦਮ ਚੁੱਕੇ।