The Khalas Tv Blog India ਮਾਨ ਦਾ ਵਿਆਹ , ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ
India International Punjab

ਮਾਨ ਦਾ ਵਿਆਹ , ਵਧਾਈਆਂ ਦਾ ਸਿਲਸਿਲਾ ਲਗਾਤਾਰ ਜਾਰੀ

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡਾ: ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ। ਸੀਐਮ ਹਾਊਸ ਅੰਦਰੋਂ ਵਿਆਹ ਸਮਾਗਮ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪਾਰਟੀ ਦੇ ਨੇਤਾ ਅਤੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਪਰਿਵਾਰ ਸਮੇਤ ਪਹੁੰਚੇ ਹਨ।

ਲਾੜੇ ਦੇ ਰੂਪ ਵਿੱਚ ਤਿਆਰ ਭਗਵੰਤ ਮਾਨ ਨੇ ਬ੍ਰਾਊਨ ਰੰਗ ਦਾ ਕੁਰਤਾ ਅਤੇ ਬਸੰਤੀ ਰੰਗ ਦੀ ਪੱਗ ਬੰਨੀ ਸੀ। ਜਦਕਿ ਲਾੜੀ ਦੇ ਰੂਪ ਵਿੱਚ ਤਿਆਰ ਗੁਰਪ੍ਰੀਤ ਕੌਰ ਲਾਲ ਰੰਗ ਦੇ ਜੋੜੇ ਵਿੱਚ ਨਜ਼ਰ ਆਈ। ਦੋਵਾਂ ਦੀ ਜੋੜੀ ਖੂਬਸੂਰਤ ਲੱਗ ਰਹੀ ਸੀ । ਆਨੰਦ ਕਾਰਜ ਦੌਰਾਨ ਦੋਵਾਂ ਦੀ ਤਸਵੀਰ ਸਭ ਤੋਂ ਪਹਿਲਾਂ ਇਕੱਠੀ ਨਜ਼ਰ ਆਈ, ਗੁਰਪ੍ਰੀਤ ਕੌਰ ਨਾਲ ਗੱਲ ਕਰਦੇ ਹੋਏ ਭਗਵੰਤ ਮਾਨ ਕਾਫੀ ਖੁਸ਼ ਨਜ਼ਰ ਆ ਰਹੇ ਸਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵਿਆਹ ਨੂੰ ਲੈ ਕੇ ਵੱਖ ਵੱਖ ਸਿਆਸੀ ਲੀਡਰਾਂ ਦੇ ਬਿਆਨ ਸਾਹਮਣੇ ਆ ਰਹੇ ਹਨ। ਇਸੇ ਦੌਰਾਨ ਸੰਗਰੂਰ ਤੋਂ ਐਮਪੀ ਬਣੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਭਗਵੰਤ ਮਾਨ ਨੂੰ ਉਨ੍ਹਾਂ ਦੇ ਵਿਆਹ ਦੀ ਵਧਾਈ ਦਿੱਤੀ ਹੈ।  ਮੁੱਖ ਮੰਤਰੀ ਮਾਨ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਸ਼ਿਖਵਾ ਕਰਦੇ ਹੋਏ ਭਗਵੰਤ ਮਾਨ ਨੇ ਸਾਨੂੰ ਆਪਣੇ ਵਿਆਹ ‘ਤੇ ਸੱਦਾ ਨਹੀਂ ਦਿੱਤਾ ਜੇ ਉਨ੍ਹਾਂ ਨੇ ਵਿਆਹ ਦਾ ਸੱਦਾ ਦਿੱਤਾ ਹੁੰਦਾ ਤਾਂ ਅਸੀਂ ਜਰੂਰ ਜਾਂਦੇ ਅਤੇ ਉਨ੍ਹਾਂ ਦੀ ਖੁਸ਼ੀ ਵਿੱਚ ਸ਼ਾਮਲ ਹੁੰਦੇ।  ਉਨ੍ਹਾਂ ਨੇ ਕਿਹਾ ਕਿ ਮੈਨੂੰ ਬਹੁਤ ਖ਼ੁਸ਼ੀ ਹੈ ਕਿ ਸਾਡੇ ਮੁੱਖ ਮੰਤਰੀ ਦੂਜੀ ਵਾਰ ਵਿਆਹ ਕਰਵਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਡਾ ਵੀ ਦਿਲ ਕਰਦਾ ਸੀ ਕਿ ਅਸੀਂ ਵੀ ਰਸਮਾਂ ਵਿੱਚ ਪਹੁੰਚਦੇ ਪਰ ਸਾਨੂੰ ਬੁਲਾਇਆ ਨਹੀਂ। ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਰਸਮ ਤਾਂ ਹੈ ਚੀਫ ਮਨਿਸਟਰ ਵਿਆਹ ਨਹੀਂ ਕਰਵਾਉਂਦੇ, ਵੈਸੇ ਵਿਆਹੇ ਹੁੰਦੇ ਹਨ ਪਰ ਸਾਡੇ ਚੀਫ਼ ਮਨਿਸਟਰ ਨੇ ਦੂਜੇ ਵਿਆਹ ਦਾ ਲੁਕੋ ਨਹੀਂ ਰੱਖਿਆ। ਇਹ ਖੁਸ਼ੀ ਦੀ ਗੱਲ ਹੈ ਤੇ ਮੈਂ ਵਧਾਈ ਦਿੰਦਾ ਹਾਂ।

ਦੂਜੇ ਬੰਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿੱਚ ਵੀ ਮੁੱਖ ਮੰਤਰੀ ਮਾਨ ਦੇ ਵਿਆਹ ਦੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ ਦਲਜੀਤ ਸਿੰਘ ਚੀਮਾ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਨ੍ਹਾਂ ਦੇ ਵਿਆਹ ਦੇ ਮੌਕੇ ‘ਤੇ ਵਧਾਈ ਦਿੱਤੀ ਹੈ। ਚੀਮਾ ਨੇ ਇੱਕ ਪੋਸਟ ਪਾਈ ਜਿਸ ‘ਚ ਉਨ੍ਹਾਂ ਨੇ ਵਿਆਹ ‘ਚ ਨਾ ਬੁਲਾਉਣ ਦਾ ਗਿਲਾ ਵੀ ਕੀਤਾ ਹੈ। ਇਸ ਦੇ ਨਾਲ ਹੀ ਤੰਜ ਕਸਦਿਆਂ ਕਿਹਾ ਕਿ ਵਾਅਦਾ ਦਿੱਲੀ ਮਾਡਲ ਦਾ ਕਰਕੇ ਲਾਗੂ ਇਮਰਾਨ ਵਾਲਾ ਲਾਹੌਰ ਮਾਡਲ ਕੀਤਾ।

ਟਵੀਟ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਅੱਜ ਮੇਰੇ ਯਾਰ ਦੀ ਸ਼ਾਦੀ ਹੈ ……. ਸੁਭਾਗ ਜੋੜੀ ਤੇ ਸਮੂਹ ਪੰਜਾਬੀਆਂ ਨੂੰ ਲੱਖ-ਲੱਖ ਵਧਾਈਆਂ। ਪਰਮਾਤਮਾ ਸਿਰ ‘ਤੇ ਮਿਹਰ ਭਰਿਆ ਹੱਥ ਰੱਖਣ। ਖੁਸ਼ੀਆਂ ਮਾਣੋ। ਪਰ ਨਿੱਕਾ ਜਿਹਾ ਗਿਲਾ ਜ਼ਰੂਰ ਹੈ ਕਿ ਇੱਕ ਤਾਂ ਸਾਨੂੰ ਸੱਦਿਆ ਨਹੀਂ ਤੇ ਦੂਜਾ ਵਾਅਦਾ ਦਿੱਲੀ ਮਾਡਲ ਦਾ ਕਰਕੇ ਲਾਗੂ ਇਮਰਾਨ ਵਾਲਾ ਲਾਹੌਰ ਮਾਡਲ ਕਰਤਾ……… ਠੋਕੋ ਤਾਲ਼ੀ।

ਕੈਨੇਡੀਅਨ ਅੰਬੈਸੀ ਦੇ ਕੌਂਸਲ ਜਨਰਲ ਪੈਟਰਿਕ ਹੈਬਰਟ ਨੇ ਮੁੱਖ ਮੰਤਰੀ ਨੂੰ ਵਧਾਈ ਦਿੱਤੀ। ਹੇਬਰਟ ਨੇ ਇੱਕ ਟਵੀਟ ਵਿੱਚ ਲਿਖਿਆ, “ਚੰਡੀਗੜ੍ਹ ਵਿੱਚ ਵਿਆਹ ਲਈ ਬਹੁਤ ਸੁੰਦਰ ਦਿਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾਕਟਰ ਗੁਰਪ੍ਰੀਤ ਕੌਰ ਨੂੰ ਵਧਾਈਆਂ ਅਤੇ ਤੁਹਾਡੀ ਖੁਸ਼ਹਾਲ ਜ਼ਿੰਦਗੀ ਦੀ ਕਾਮਨਾ ਕਰਦਾ ਹਾਂ!”

Exit mobile version