ਜੋਸ਼ੀਮੱਠ ਦੇ ਪ੍ਰਭਾਵਿਤ ਇਲਾਕਿਆਂ ਤੋਂ 38 ਹੋਰ ਪਰਿਵਾਰਾਂ ਨੂੰ ਬਾਹਰ ਕੱਢਿਆ ਗਿਆ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਕੁੱਲ 223 ਪਰਿਵਾਰਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ। ਉੱਤਰੀ ਭਾਰਤ ਵਿੱਚ ਪੈ ਰਹੀ ਕੜਾਕੇ ਦੀ ਠੰਡ ਵਿੱਚ ਰਾਹਤ ਕਾਰਜ ਜਾਰੀ ਹਨ ਤੇ ਸਰਕਾਰ ਵੱਲੋਂ ਹੋਰ ਪ੍ਰਬੰਧ ਵੀ ਕੀਤੇ ਜਾ ਰਹੇ ਹਨ।
ਸਰਕਾਰੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਹੁਣ ਤੱਕ 125 ਪ੍ਰਭਾਵਿਤ ਪਰਿਵਾਰਾਂ ਨੂੰ ਅੰਤਰਿਮ ਸਹਾਇਤਾ ਵਜੋਂ 1.87 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਰਾਹਤ ਕੈਂਪਾਂ ਵਿਚ ਕਮਰਿਆਂ ਦੀ ਗਿਣਤੀ ਵਧਾ ਕੇ 615 ਕਰ ਦਿੱਤੀ ਗਈ ਹੈ, ਜਿਸ ਵਿਚ ਲਗਭਗ 2,190 ਲੋਕ ਰਹਿ ਸਕਦੇ ਹਨ।
ਇਸ ਦੌਰਾਨ ਹਾਲਾਤ ਹੋਰ ਵੀ ਵਿਗੜਦੇ ਜਾ ਰਹੇ ਹਨ । ਜੋਸ਼ੀਮਠ ਵਿੱਚ ਤਰੇੜਾਂ ਵਾਲੇ ਘਰਾਂ ਦੀ ਗਿਣਤੀ 782 ਹੋ ਗਈ ਹੈ ਤੇ ਇਥੇ ਗਾਂਧੀਨਗਰ, ਸਿੰਘਧਾਰ ਅਤੇ ਮਨੋਹਰ ਬਾਗ ਵਾਰਡਾਂ ਵਿੱਚ ਸਥਿਤ ਖੇਤਰਾਂ ਨੂੰ ਅਸੁਰੱਖਿਅਤ ਘੋਸ਼ਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਦਹਾਕਿਆਂ ਤੋਂ ਇਨ੍ਹਾਂ ਖ਼ਤਰਿਆਂ ਬਾਰੇ ਚਿਤਾਵਨੀ ਦਿਤੀ ਜਾਂਦੀ ਰਹੀ ਹੈ ਤੇ ਹੁਣ ਇਹ ਖਤਰਾ ਸੱਚ ਹੁੰਦਾ ਦਿੱਖ ਰਿਹਾ ਹੈ । ਧਰਤੀ ਦੇ ਹੇਠਲੇ ਹਿੱਸੇ ਦੀਆਂ ਪਰਤਾਂ ਦੇ ਖਿਸਕਣ ਕਾਰਨ ਜ਼ਮੀਨ ਹੌਲੀ-ਹੌਲੀ ਡੁੱਬ ਰਹੀ ਹੈ।ਬਹੁਤ ਸਾਰੇ ਖੂਬਸੂਰਤ ਕਸਬਿਆਂ ਅਤੇ ਪਿੰਡਾਂ ਨਾਲ ਜੁੜਿਆ ਹੋਇਆ ਇਹ ਖੇਤਰ ਵੱਡੇ ਭੂਚਾਲਾਂ ਦੇ ਖਤਰੇ ਵਾਲਾ ਖੇਤਰ ਮੰਨਿਆ ਗਿਆ ਹੈ।
ਸੰਨ 1970 ਦਹਾਕੇ ਦੇ ਸ਼ੁਰੂਆਤ ਵਿੱਚ ਜੋਸ਼ੀਮਠ ਖੇਤਰ ਵਿੱਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸ਼ੁਰੂ ਹੋਈਆਂ ਸੀ ਤੇ ਹੁਣ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਰਾਸ਼ਟਰੀ ਰਿਮੋਟ ਸੈਂਸਿੰਗ ਸੈਂਟਰ ਦੁਆਰਾ ਜਾਰੀ ਬਿਆਨ ਅਤੇ ਸੈਟੇਲਾਈਟ ਚਿੱਤਰਾਂ ਦੇ ਅਨੁਸਾਰ ਇਹ ਦਾਅਵਾ ਕੀਤਾ ਗਿਆ ਸੀ ਕਿ ਜੋਸ਼ੀਮਠ ਕਸਬੇ ਵਿੱਚ 8 ਜਨਵਰੀ ਤੱਕ 12 ਦਿਨਾਂ ਵਿੱਚ ਸਭ ਤੋਂ ਵੱਧ 5.4 ਸੈਂਟੀਮੀਟਰ ਦੀ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ।