The Khalas Tv Blog Punjab ਰੱਬ ਭਰੋਸੇ ਛੱਡੀਆਂ ਪੇਂਡੂ ਸਿਹਤ ਸੇਵਾਵਾਂ ਸਰਕਾਰ ਨੇ
Punjab

ਰੱਬ ਭਰੋਸੇ ਛੱਡੀਆਂ ਪੇਂਡੂ ਸਿਹਤ ਸੇਵਾਵਾਂ ਸਰਕਾਰ ਨੇ

‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੇਂਡੂ ਡਿਸਪੈਂਸਰੀਆਂ ਵਿੱਚ ਪਿਛਲੇ ਡੇਢ ਸਾਲ ਤੋਂ ਦਵਾਈਆਂ ਨਹੀਂ ਭੇਜੀਆਂ ਗਈਆਂ। ਦੋ ਸਾਲ ਤੋਂ ਡਾਕਟਰ ਵੀ ਡਿਸਪੈਂਸਰੀਆਂ ਵਿੱਚੋਂ ਗਾਇਬ ਹਨ। ਕੋਰੋਨਾ ਕਾਲ ਦੌਰਾਨ ਰੂਰਲ ਮੈਡੀਕਲ ਡਿਸਪੈਂਸਰੀਆਂ ਦੇ ਡਾਕਟਰਾਂ ਦੀ ਡਿਊਟੀ ਸ਼ਹਿਰੀ ਸਰਕਾਰੀ ਹਸਪਤਾਲਾਂ ਵਿੱਚ ਲਾ ਦਿੱਤੀ ਗਈ ਸੀ। ਹੁਣ ਜਦੋਂ ਡਾਕਟਰ ਪੇਂਡੂ ਡਿਸਪੈਂਸਰੀਆਂ ਨੂੰ ਪਰਤਣ ਲੱਗੇ ਹਨ ਤਾਂ ਦਵਾਈਆਂ ਮੁੱਕੀਆਂ ਪਈਆਂ ਹਨ। ਜ਼ਿਲ੍ਹਾ ਪ੍ਰੀਸ਼ਦ ਤਹਿਤ ਚੱਲਦੀਆਂ ਇਨ੍ਹਾਂ ਡਿਸਪੈਂਸਰੀਆਂ ਦੀ ਗਿਣਤੀ 1186 ਹੈ। ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀਆਂ 475 ਤੋਂ ਵੱਧ ਅਸਾਮੀਆਂ ਭਰਨ ਖੁਣੋਂ ਪਈਆਂ ਹਨ। ਕੌੜਾ ਸੱਚ ਇਹ ਕਿ ਫਾਰਮਾਸਿਸਟ ਮਰੀਜ਼ਾਂ ਨੂੰ ਦਵਾਈ ਦੇ ਰਹੇ ਹਨ। ਇੱਕ-ਇੱਕ ਫਾਰਮਾਸਿਸਟ ਨੂੰ ਦੋ-ਦੋ ਡਿਸਪੈਂਸਰੀਆਂ ਦਾ ਚਾਰਜ ਦੇ ਕੇ ਗੱਡੀ ਰੋੜੀ ਜਾ ਰਹੀ ਹੈ।

ਰੂਰਲ ਡਿਸਪੈਂਸਰੀਆਂ ਵਿੱਚੋਂ ਡਾਕਟਰਾਂ ਦੀ ਗੈਰ-ਹਾਜ਼ਰੀ ਅਤੇ ਦਵਾਈਆਂ ਦੀ ਘਾਟ ਕਾਰਨ ਲੋਕਾਂ ਦਾ ਸਰਕਾਰੀ ਸਿਹਤ ਸਿਸਟਮ ਉੱਤੇ ਵਿਸ਼ਵਾਸ ਤਿੜਕਣ ਲੱਗਾ ਹੈ। ਪੇਂਡੂ ਲੋਕਾਂ ਦੀ ਸਿਹਤ ਇਨ੍ਹਾਂ ਡਿਸਪੈਂਸਰੀਆਂ ‘ਤੇ ਪੂਰੀ ਤਰ੍ਹਾਂ ਨਿਰਭਰ ਹੈ। ਵੱਡੀ ਗਿਣਤੀ ਪੇਂਡੂ ਲੋਕ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਦੀ ਸਮਰੱਥਾ ਨਹੀਂ ਰੱਖਦੇ। ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਡਿਸਪੈਂਸਰੀ ਵਿੱਚ ਪੈਰਾਸੀਟਾਮੌਲ, ਮੱਲ੍ਹਮ ਪੱਟੀ ਸਮੇਤ ਟੀਕੇ ਲਾਉਣ ਵਾਲੀਆਂ ਸਰਿੰਜਾਂ ਦੀ ਵੀ ਕਿੱਲਤ ਹੈ। ਕਰੌਨਿਕ ਬਿਮਾਰੀਆਂ ਸਮੇਤ ਐਂਟੀਬਾਇਟਿਕ ਦਵਾਈ ਖ਼ਤਮ ਹੋਇਆਂ ਤਾਂ ਵਰ੍ਹੇ ਲੰਘ ਗਏ ਹਨ।

ਰੂਰਲ ਮੈਡੀਕਲ ਸਰਵਸਿਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜੇਪੀ ਨਰੂਲਾ ਦਾ ਕਹਿਣਾ ਹੈ ਕਿ ਰੂਰਲ ਡਿਸਪੈਂਸਰੀਆਂ ਵਿੱਚ ਪਿਛਲੇ ਡੇਢ ਸਾਲ ਤੋਂ ਦਵਾਈ ਨਹੀਂ ਆਈ ਹੈ। ਉੱਪਰੋਂ ਇਨ੍ਹਾਂ ਡਿਸਪੈਂਸਰੀਆਂ ਵਿੱਚ ਕੰਮ ਕਰਦੇ ਡਾਕਟਰਾਂ ਦੀ ਡਿਊਟੀ ਕੋਵਿਡ ਲਈ ਲਾ ਕੇ ਰਹਿੰਦੀਆਂ ਸਹੂਲਤਾਂ ਵੀ ਖੋਹ ਲਈਆਂ। ਹੁਣ ਜਦੋਂ ਕੋਰੋਨਾ ਦੀ ਮਾਰ ਘਟੀ ਹੈ ਤਾਂ ਡਿਸਪੈਂਸਰੀਆਂ ਵਿੱਚ ਡਾਕਟਰ ਆ ਗਏ ਹਨ ਪਰ ਦਵਾਈਆਂ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਦੌਰਾਨ ਵੀ ਰੂਰਲ ਮੈਡੀਕਲ ਅਫ਼ਸਰਾਂ ਦੀ ਡਿਊਟੀ ਸ਼ਹਿਰਾਂ ਵਿੱਚ ਲਾ ਕੇ ਸਰਕਾਰ ਨੇ ਲੋਕਾਂ ਨਾਲ ਦਗਾ ਕਮਾਇਆ ਹੈ। ਉਨ੍ਹਾਂ ਕਿਹਾ ਕਿ ਪੇਂਡੂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੀ ਜਿਹੜੀ ਇੱਕ ਉਮੀਦ ਰੂਰਲ ਮੈਡੀਕਲ ਅਫ਼ਸਰਾਂ ਤੋਂ ਬੱਝੀ ਸੀ ਉਹ ਟੁੱਟ ਚੁੱਕੀ ਹੈ। ਮੁਹਾਲੀ ਨਾਲ ਲੱਗਦੇ ਇੱਕ ਪਿੰਡ ਦੀ ਰੂਰਲ ਡਿਸਪੈਂਸਰੀ ਵਿੱਚ ਕੰਮ ਕਰਦੇ ਡਾਕਟਰ ਦਾ ਕਹਿਣਾ ਹੈ ਕਿ ਸਰਕਾਰ ਨੇ ਡਿਸਪੈਂਸਰੀਆਂ ਨੂੰ ਬਸਹਾਰਾ ਕਰਕੇ ਪੇਂਡੂ ਲੋਕਾਂ ਦੀਆਂ ਸਿਹਤ ਸਹੂਲਤਾਂ ਰੱਬ ਭਰੋਸੇ ਛੱਡ ਦਿੱਤੀਆਂ ਹਨ।

ਦੱਸ ਦਈਏ ਕਿ ਰੂਰਲ ਡਿਸਪੈਂਸਰੀਆਂ ਨੂੰ ਦਵਾਈਆਂ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਭੇਜੀਆਂ ਜਾਂਦੀਆਂ ਹਨ ਅਤੇ ਅਦਾਇਗੀ ਪੰਚਾਇਤ ਅਤੇ ਪੇਂਡੂ ਵਿਕਾਸ ਵਿਭਾਗ ਵੱਲੋਂ ਕੀਤੀ ਜਾਂਦੀ ਹੈ। ਸਰਕਾਰ ਦੀ ਪੇਂਡੂ ਸਿਹਤ ਸੇਵਾਵਾਂ ਪ੍ਰਤੀ ਬੇਰੁਖੀ ਦਾ ਇੱਕ ਹੋਰ ਪੱਖ ਸਾਹਮਣੇ ਆਇਆ ਹੈ। ਸਰਕਾਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਡਿਸਪੈਂਸਰੀਆਂ ਦੇ ਰੂਰਲ ਮੈਡੀਕਲ ਅਫ਼ਸਰਾਂ ਨੂੰ ਸਿਹਤ ਵਿਭਾਗ ਵਿੱਚ ਮਰਜ਼ (merge) ਕਰਨ ਦੇ ਰਾਹ ਤੁਰ ਪਈ ਹੈ। ਇਹ ਮੂਵ ਸਿਰੇ ਚੜਨ ਨਾਲ ਪੇਂਡੂ ਖੇਤਰ ਦੇ ਲੋਕ ਬਿਲਕੁਲ ਹੀ ਸਿਹਤ ਸੇਵਾਵਾਂ ਤੋਂ ਸੱਖਣੇ ਹੋ ਜਾਣਗੇ। ਉਂਝ, ਇਸ ਮੁੱਦੇ ‘ਤੇ ਰੂਰਲ ਮੈਡੀਕਲ ਅਫ਼ਸਰਾਂ ਅਤੇ ਸਰਕਾਰ ਵਿਚਕਾਰ ਪੇਚਾ ਫਸਿਆ ਹੋਇਆ ਹੈ।

ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਨੇ ਕਿਹਾ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਤਹਿਤ ਪੈਂਦੀਆਂ ਰੂਰਲ ਡਿਸਪੈਂਸਰੀਆਂ ਦਾ ਸਿਹਤ ਵਿਭਾਗ ਵਿੱਚ ਰਲੇਵਾਂ ਕੀਤਾ ਜਾ ਰਿਹਾ ਹੈ। ਇਸ ਨਾਲ ਸਾਰੇ ਮਸਲੇ ਹੱਲ ਹੋ ਜਾਣਗੇ।

Exit mobile version