ਅੱਜ ਉਸ ਗੌਰਵਮਈ ਜਿੱਤ ਦਾ ਇਤਿਹਾਸਿਕ ਦਿਨ ਹੈ, ਜਿਸ ਨੂੰ ਸਰਹੰਦ ਫਤਿਹ ਦਿਵਸ ਕਿਹਾ ਜਾਂਦਾ ਹੈ। ਅੱਜ ਦੇ ਦਿਨ 1710 ਈਸਵੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਚੱਪੜਚਿੜੀ ਦੇ ਸਥਾਨ ‘ਤੇ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਪੂਜਨੀਕ ਮਾਤਾ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਸੀ ਅਤੇ ਉਸ ਦੇ ਜ਼ੁਲਮੀ ਰਾਜ ਦਾ ਅੰਤ ਕੀਤਾ ਸੀ। ਚੱਪੜਚਿੜੀ, ਸਰਹਿੰਦ ਤੋਂ 12 ਕਿਲੋਮੀਟਰ ਦੂਰੀ ‘ਤੇ ਸਥਿਤ ਹੈ, ਜਿੱਥੇ ਅੱਜ ਸਬੰਧਿਤ ਇਤਿਹਾਸਿਕ ਯਾਦਗਾਰ ਬਣੀ ਹੋਈ ਹੈ।
ਲਛਮਣ ਦਾਸ ਜੀ ਦਾ ਜਨਮ 1670 ਵਿੱਚ ਪੁਣਛ ਜਿਲ੍ਹੇ ਦੇ ਪਿੰਡ ਰਾਜੌਰੀ ਵਿੱਚ ਪਿਤਾ ਰਾਮਦੇਵ ਦੇ ਘਰ ਹੋਇਆ ਸੀ, ਜੋ ਮਾਧੋ ਦਾਸ ਬੈਰਾਗੀ ਬਣ ਚੁੱਕਾ ਸੀ, ਉਸ ਨੂੰ ਨਵਾਂ ਜਨਮ ਉਦੋਂ ਮਿਲਿਆ ਜਦੋ ਤਕਦੀਰਾਂ ਬਦਲਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਦਾ ਮੇਲ ਹੋਇਆ ਅਤੇ ਗੁਰੂ ਦਾ ਬੰਦਾ ਬਣਿਆ। ਉਸ ਸਮੇਂ ਸਿੱਖ ਇਤਿਹਾਸ ਦੇ ਖੂਨੀ ਪੱਤਰਿਆਂ ਨਾਲ ਸਾਂਝ ਪਈ , ਸਰਹਿੰਦ ਦੀ ਕੰਧ, ਚਮਕੌਰ ਦੀ ਜੰਗ ਬਾਰੇ ਸੁਣਦਿਆਂ ਲੂੰ ਕੰਡੇ ਖੜ੍ਹੇ ਹੋ ਗਏ ਤੇ ਕਿਹਾ ਹੁਕਮ ਦੇਵੋ ਤਾਂ ਜੋ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਦੇਵਾਂ। ਗੁਰੂ ਸਾਹਿਬ ਨੇ ਥਾਪੜਾ ਦੇ ਕੇ ਪੰਜਾਬ ਵੱਲ ਤੋਰਿਆ ।
ਬਾਬਾ ਬਿਨੋਦ ਸਿੰਘ, ਬਾਬਾ ਕਾਹਨ ਸਿੰਘ, ਬਾਬਾ ਬਾਜ ਸਿੰਘ, ਭਾਈ ਦਇਆ ਸਿੰਘ, ਭਾਈ ਰਣ ਸਿੰਘ ਦੇ ਜਥੇ ਨਾਲ ਦਿੱਲੀ ਪਾਰ ਕਰਦਿਆਂ, ਸੋਨੀਪਤ, ਕੈਥਲ, ਸ਼ਾਹਬਾਦ, ਸਮਾਣਾ, ਸਢੌਰਾ, ਛੱਤ, ਬਨੂੜ ਫਤਿਹ ਕਰਦਿਆਂ ਸਰਹਿੰਦ ਵੱਲ ਚੜ੍ਹਾਈ ਕੀਤੀ।
ਸਭ ਤੋਂ ਪਹਿਲਾਂ ਉਹ ਸਮਾਣਾ ਪਹੁੰਚੇ, ਜਿਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕਰਨ ਵਾਲਾ ਸਯਦ ਜਲਾਲ-ਉ-ਦਿਨ ਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ , ਤਿੰਨਾਂ ਜਲਾਦਾਂ ਨੂੰ ਕਰਨੀ ਦੀ ਸਜ਼ਾ ਦਿੱਤੀ ਅਤੇ ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਥਾਪ ਦਿੱਤਾ। ਉਥੋਂ ਸਢੋਰੇ ਵੱਲ ਨੂੰ ਤੁਰ ਪਏ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਮਿੱਤਰ ਪੀਰ ਬੁੱਧੂ ਸ਼ਾਹ ਨੂੰ ਤਸੀਹੇ ਦੇ ਕੇ ਕਤਲ ਕਰਨ ਵਾਲੇ, ਓਸਮਾਨ ਖਾਨ ਨੂੰ ਉਸਦੀ ਕਰਨੀ ਦੀ ਭਿਆਨਕ ਸਜ਼ਾ ਦਿੱਤੀ ਅਤੇ ਫਿਰ ਸਰਹੰਦ ਨੂੰ ਚਾਲੇ ਪਾਏ।
ਵਜ਼ੀਰ ਖਾਂ ਬਾਬਾ ਬੰਦਾ ਸਿੰਘ ਦੇ ਆਉਣ ਬਾਰੇ ਸੁਣ ਕੇ ਬਹੁਤ ਭੈਭੀਤ ਹੋ ਚੁੱਕਾ ਸੀ। ਉਸ ਦੇ ਡਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸ ਕੋਲ 48 ਤੋਪਾਂ 200 ਹਾਥੀ ਅਤੇ 10000 ਘੋੜ ਸਵਾਰ, 5000 ਪਿਆਦਾ ਫੌਜ, ਅਨਗਿਣਤ ਬੰਦੂਕਾਂ, ਦਾਰੂ ਸਿੱਕਾ ਹੋਣ ਦੇ ਬਾਵਜੂਦ ਬਚਾਅ ਲਈ ਉਸ ਨੇ ਹਿਸਾਰ ਤੋਂ ਲੈ ਕੇ ਗੁਜਰਾਤ ਤੱਕ ਦੇ 5000 ਗਾਜ਼ੀ ਮੰਗਵਾਏ। ਦੂਜੇ ਪਾਸੇ ਬੰਦਾ ਸਿੰਘ ਬਹਾਦਰ ਕੋਲ ਸਿਰਫ਼ 6 ਤੋਪਾਂ, 5000 ਯੋਧੇ, 1000 ਘੋੜ ਸਵਾਰ ਅਤੇ ਕੁਝ ਮਰਜੀਵੜੇ ਸਿੱਖ, ਜੋ ਜਾਨ ਤਲੀ ’ਤੇ ਰੱਖ ਕੇ ਲੜਨਾ ਮਰਨਾ ਜਾਣਦੇ ਸਨ। ਚੜ੍ਹਦੀ ਕਲਾ ਅਤੇ ਗੁਰੂ ਸਾਹਿਬ ਜੀ ਦਾ ਥਾਪੜਾ ਉਸ ਦੇ ਨਾਲ ਸੀ। ਚੱਪੜ-ਚਿੜੀ ਦੇ ਮੈਦਾਨ ਵਿੱਚ ਦੋਨਾਂ ਦੀਆਂ ਫੌਜਾਂ ਆ ਡਟੀਆਂ। ਕਿਉਂਕਿ ਸਿੰਘਾਂ ਕੋਲ ਤੋਪਾਂ ਨਾਂ ਮਾਤਰ ਸਨ, ਸੋ ਸਭ ਤੋਂ ਪਹਿਲਾਂ ਸਿੱਖ ਦੁਸ਼ਮਨ ਦੀਆਂ ਤੋਪਾਂ ’ਤੇ ਟੁੱਟ ਪਏ ਅਤੇ ਸਾਰੀਆਂ ਤੋਪਾਂ ਖੋਹ ਲਈਆਂ। ਹੱਥੋ-ਹੱਥ ਲੜਾਈ ਹੋਈ ਬੜਾ ਭਿਆਨਕ ਨਜ਼ਾਰਾ ਸੀ। ਖੰਡੇ ਨਾਲ ਖੰਡਾ ਖੜਕਿਆ ਅਤੇ ਖੂਨ ਦੀਆਂ ਨਦੀਆਂ ਵਹਿ ਤੁਰੀਆਂ।
ਵਜ਼ੀਰ ਖਾਨ ਬਾਜ ਸਿੰਘ ਤੇ ਫਤਿਹ ਸਿੰਘ ਵਿੱਚ ਘਿਰ ਗਿਆ। ਫਤਿਹ ਸਿੰਘ ਨੇ ਫੁਰਤੀ ਨਾਲ ਤਲਵਾਰ ਚਲਾਈ ਅਤੇ ਉਸਦੀ ਬਾਂਹ ਕੱਟ ਦਿੱਤੀ। ਉਹ ਧਰਤੀ ’ਤੇ ਡਿੱਗ ਪਿਆ। ਵਜ਼ੀਰ ਖਾਨ ਨੂੰ ਜਿੰਦਾ ਦਬੋਚ ਲਿਆ ਗਿਆ। ਸ਼ਾਹੀ ਫੌਜ ਵਿੱਚ ਹਫੜਾ-ਦਫੜੀ ਮਚ ਗਈ। ਸਰਹੰਦ ਫਤਹਿ ਹੋਣ ਦੇ ਜੈਕਾਰੇ ਛੱਡੇ ਗਏ।
ਜਿਸ ਤੋਂ ਬਾਅਦ ਸਿੱਖਾਂ ਨੇ ਸਰਹੰਦ ਵਿੱਚ ਪ੍ਰਵੇਸ਼ ਕੀਤਾ ਅਤੇ ਵਜ਼ੀਰ ਖਾਨ ਦੀਆਂ ਲੱਤਾਂ ਨੂੰ ਰੱਸੇ ਨਾਲ ਬੰਨ ਕੇ ਮੂੰਹ ਕਲਾ ਕਰਕੇ ਘੋੜੇ ਪਿਛੇ ਬੰਨ ਕੇ ਸਾਰੇ ਸ਼ਹਿਰ ਵਿੱਚ ਘਸੀਟਿਆ। ਉਸਦੀ ਲਾਸ਼ ਚੀਲਾਂ ਅਤੇ ਕਾਵਾਂ ਵਾਸਤੇ ਦਰਖ਼ਤਾਂ ’ਤੇ ਲਟਕਾ ਦਿੱਤੀ। ਸੁਚਾ ਨੰਦ ਦੀ ਹਵੇਲੀ ਮਲਬੇ ਦਾ ਢੇਰ ਕਰ ਦਿੱਤੀ। ਸੁਚਾ ਨੰਦ ਦੇ ਨੱਕ ਵਿੱਚ ਨਕੇਲ ਪਾਕੇ ਦਰ-ਦਰ ਤੋਂ ਭੀਖ ਮੰਗਵਾਈ। ਵਜ਼ੀਰ ਖਾਨ ਦਾ ਵੱਡਾ ਪੁੱਤਰ ਡਰ ਕੇ ਦਿੱਲੀ ਭੱਜ ਗਿਆ। ਸਿੱਖਾਂ ਅਤੇ ਗਰੀਬ ਜਨਤਾ ’ਤੇ ਜ਼ੁਲਮ ਢਾਹੁਣ ਤੇ ਲੁੱਟ ਘਸੁੱਟ ਕਰਨ ਵਾਲੇ ਅਹਿਲਕਾਰਾਂ ’ਤੇ ਲਹੁ ਪੀਣ ਵਾਲੇ ਹਾਕਮਾਂ ਦਾ ਖਾਤਮਾ ਕਰ ਦਿੱਤਾ ਗਿਆ।
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵਾਲੇ ਦਿਨ ਖਾਲਸਾ ਫੌਜ ਅਤੇ ਸੰਗਤਾਂ ਦਾ ਇਕੱਠ ਕਰਕੇ ਸਿੱਖ ਰਾਜ ਦਾ ਐਲਾਨ ਕੀਤਾ। ਸਿੱਖ ਰਾਜ ਦਾ ਝੰਡਾ ਉਥੇ ਲਹਿਰਾਇਆ, ਜਿਥੇ ਗੁਰੂ ਸਾਹਿਬ ਜੀ ਦੇ ਦੋਵੇਂ ਸਾਹਿਬਜ਼ਾਦੇ ਸ਼ਹੀਦ ਕੀਤੇ ਗਏ ਸੀ। ਬੰਦਾ ਬਹਾਦਰ ਨੇ ਕੌਮੀ ਨੇਤਾ ਦੀ ਜ਼ਿੰਮੇਵਾਰੀ ਸੰਭਾਲੀ। ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਅਤੇ ਆਲੀ ਸਿੰਘ ਨੂੰ ਉਸਦਾ ਵਜ਼ੀਰ ਥਾਪਿਆ ਗਿਆ। ਖਾਲਸੇ ਦੀ ਇਹ ਮਹਾਨ ਜਿੱਤ ਸਿੱਖ ਕੌਮ ਲਈ ਹਮੇਸ਼ਾ ਚੜਦੀਕਲਾ ਦਾ ਜ਼ਜਬਾ ਦਿੰਦੀ ਰਹੇਗੀ।
ਇਹ ਵੀ ਪੜ੍ਹੋ – ਰਜਿੰਦਰ ਦੀਪ ਸਿੰਘ ਵਾਲਾ ਗ੍ਰਿਫ਼ਤਾਰ, ਕਿਸਾਨਾਂ ਦਿੱਤੀ ਚਿਤਾਵਨੀ