The Khalas Tv Blog Punjab ਕੈਪਟਨ ਸਾਹਬ! ਤੁਹਾਡੇ ਰੁਜ਼ਗਾਰ ਮੇਲਿਆਂ ‘ਚ ਆ ਗਈਆਂ ਨੇ ‘ਠੱਗਾਂ ਦੀਆਂ ਟੋਲੀਆਂ’
Punjab

ਕੈਪਟਨ ਸਾਹਬ! ਤੁਹਾਡੇ ਰੁਜ਼ਗਾਰ ਮੇਲਿਆਂ ‘ਚ ਆ ਗਈਆਂ ਨੇ ‘ਠੱਗਾਂ ਦੀਆਂ ਟੋਲੀਆਂ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਦੀ ‘ਘਰ ਘਰ ਰੁਜ਼ਗਾਰ’ ਮੁਹਿੰਮ ਤਹਿਤ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਵਿਭਾਗ ਨੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਬਾਘਾਪੁਰਾਣਾ ਬੀਡੀਪੀਓ ਦਫ਼ਤਰ ਵਿੱਚ ਲਗਾਇਆ ਮੈਗਾ ਰੁਜ਼ਗਾਰ ਮੇਲਾ ਨੌਜਵਾਨਾਂ ਲਈ ਮਜ਼ਾਕ ਦਾ ਪਾਤਰ ਬਣ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਦੌਰਾਨ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ 16 ਕੰਪਨੀਆਂ ਦੀ ਸੂਚੀ ਦਾ ਬੋਰਡ ਲਗਾਇਆ ਗਿਆ ਸੀ ਪਰ ਬੇਰੁਜ਼ਗਾਰਾਂ ਕੋਲੋਂ ਸਿਖਲਾਈ ਕੋਰਸ ਦੇ ਨਾਂ ’ਤੇ ਪੰਜ-ਪੰਜ ਹਜ਼ਾਰ ਰੁਪਏ ਮੰਗੇ ਗਏ।

ਜਾਣਕਾਰੀ ਅਨੁਸਾਰ ਇਸ ਮੈਗਾ ਰੁਜ਼ਗਾਰ ਮੇਲੇ ਦਾ ਉਦਘਾਟਨ ਹਲਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕੀਤਾ ਸੀ, ਜਿਸ ਵਿੱਚ ਵੱਡੀ ਗਿਣਤੀ ’ਚ ਬੇਰੁਜ਼ਗਾਰ ਨੌਜਵਾਨਾਂ ਤੇ ਕੁੜੀਆਂ ਨੇ ਇਸ ਮੇਲੇ ਵਿੱਚ ਸ਼ਮੂਲੀਅਤ ਕੀਤੀ ਸੀ। ਪਰ ਇਹ ਸਾਰੇ ਖਾਲੀ ਹੱਥ ਆਏ ਤੇ ਖਾਲੀ ਹੱਥ ਹੀ ਮੁੜ ਗਏ।

ਰੁਜ਼ਗਾਰ ਮੇਲੇ ਤੋਂ ਮੁੜੇ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਕੰਪਨੀ ਨੇ ਕਰੀਬ 15 ਦਿਨ ਦੇ ਸਿਖਲਾਈ ਕੋਰਸ ਅਤੇ ਵਰਦੀ ਦੇ ਖਰਚੇ ਲਈ ਪਹਿਲਾਂ ਪੰਜ ਹਜ਼ਾਰ ਰੁਪਏ ਜਮ੍ਹਾਂ ਕਰਵਾਉਣ ਲਈ ਕਿਹਾ ਪਰ ਉਨ੍ਹਾਂ ਮੌਕੇ ’ਤੇ ਹੀ ਇਹ ਪੇਸ਼ਕਸ਼ ਠੁਕਰਾ ਦਿੱਤੀ। ਨੌਜਵਾਨਾਂ ਅਨੁਸਾਰ ਉਹ ਦੂਰ-ਦੁਰਾਡੇ ਤੋਂ ਸਰਕਾਰੀ ਨੌਕਰੀ ਦੀ ਆਸ ਨਾਲ ਰੁਜ਼ਗਾਰ ਮੇਲੇ ਵਿੱਚ ਆਏ ਸਨ ਪਰ ਉਨ੍ਹਾਂ ਨੂੰ ਨਿੱਜੀ ਕੰਪਨੀਆਂ ਕੋਲ ਭੇਜਿਆ ਜਾ ਰਿਹਾ ਹੈ।

ਇਸ ਮੌਕੇ ਜ਼ਿਲ੍ਹਾ ਬਿਊਰੋ ਆਫ਼ ਰੁਜ਼ਗਾਰ ਜੈਨਰੇਸ਼ਨ ਐਂਡ ਟ੍ਰੇਨਿੰਗ ਵਿਭਾਗ ਦੀ ਮਹਿਲਾ ਅਧਿਕਾਰੀ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੇ ਇੱਕ ਕੰਪਨੀ ਵੱਲੋਂ ਪੰਜ ਹਜ਼ਾਰ ਰੁਪਏ ਮੰਗਣ ਦਾ ਮਾਮਲਾ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਇਹ ਰਾਸ਼ੀ ਸਿਖਲਾਈ ਕੋਰਸ ਅਤੇ ਵਰਦੀ ਆਦਿ ਲਈ ਮੰਗੀ ਜਾ ਰਹੀ ਹੈ ਪਰ ਉਨ੍ਹਾਂ ਇਸ ਬਾਰੇ ਪਹਿਲਾਂ ਵਿਭਾਗ ਨੂੰ ਜਾਣਕਾਰੀ ਨਹੀਂ ਦਿੱਤੀ ਸੀ।

Exit mobile version