The Khalas Tv Blog Punjab ਮੁੱਖ ਮੰਤਰੀ ਮਾਨ ਦੇ ਪਿੰਡ ‘ਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ
Punjab

ਮੁੱਖ ਮੰਤਰੀ ਮਾਨ ਦੇ ਪਿੰਡ ‘ਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਤੋਂ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਹੋ ਗਈ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਅਤੇ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਦੀ ਹਾਜ਼ਰੀ ਵਿੱਚ ਸਤੌਜ ਪਿੰਡ ਦੇ ਕਿਸਾਨਾਂ ਨੇ ਆਪਣੇ ਖੇਤਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਕੇ ਪੰਜਾਬ ਦਾ ਪਾਣੀ ਬਚਾਉਣ ਦਾ ਸੰਕਲਪ ਲਿਆ ਹੈ।

ਕੁੱਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਪਿੰਡ ਸਤੌਜ ਆਏ ਸਨ ਅਤੇ ਉਨ੍ਹਾਂ ਕਿਸਾਨਾਂ ਨੂੰ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਅਪੀਲ ਕੀਤੀ ਸੀ। ਆਪਣੇ ਪਿੰਡ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਸੀ, ‘ਮੈਂ ਚਾਹੁੰਦਾ ਹਾਂ ਕਿ ਪੰਜਾਬ ਦਾ ਪਾਣੀ ਬਚਾਉਣ ਦੀ ਸ਼ੁਰੂਆਤ ਮੇਰੇ ਪਿੰਡ ਦੇ ਹੀ ਲੋਕ ਕਰਨ। ਇਸ ਨਾਲ ਪੂਰੇ ਪੰਜਾਬ ਵਿੱਚ ਇੱਕ ਚੰਗਾ ਸੁਨੇਹਾ ਜਾਵੇਗਾ, ਨਹੀਂ ਤਾਂ ਲੋਕ ਕਹਿਣਗੇ ਕਿ ਖ਼ੁਦ ਮੁੱਖ ਮੰਤਰੀ ਦੇ ਪਿੰਡ ਦੇ ਲੋਕ ਤਾਂ ਪਾਣੀ ਬਚਾਉਣ ਦੀ ਕੋਸ਼ਿਸ਼ ਨਹੀਂ ਕਰਦੇ ਤਾਂ ਦੂਜੇ ਪਿੰਡਾਂ ਦੇ ਲੋਕ ਕਿਵੇਂ ਕਰਨਗੇ?

ਉਨ੍ਹਾਂ ਨੇ ਕਿਹਾ ਸੀ ਕਿ ਜੇ ਮੇਰੇ ਪਿੰਡ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਹੋਵੇਗੀ ਤਾਂ ਪੂਰਾ ਪੰਜਾਬ ਪਾਣੀ ਬਚਾਉਣ ਲਈ ਇਕੱਠਾ ਹੋਵੇਗਾ ਅਤੇ ਇਸ ਮੁਹਿੰਮ ਨੂੰ ਅੱਗੇ ਵਧਾਏਗਾ। ” ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਜਿਹੜਾ ਕਿਸਾਨ ਝੋਨੇ ਦੀ ਸਿੱਧੀ ਬਿਜਾਈ  ਕਰੇਗਾ, ਉਸ ਨੂੰ ਸਹਾਇਤਾ ਰਾਸ਼ੀ ਦੇ ਤੌਰ ‘ਤੇ ਪੰਜਾਬ ਸਰਕਾਰ 1500 ਰੁਪਏ ਪ੍ਰਤੀ ਏਕੜ ਦੇਵੇਗੀ। ਜੇ ਕੋਈ ਕਿਸਾਨ ਝੋਨੇ ਦੀ ਬਿਜਾਈ ਨਾ ਕਰਕੇ ਮੂੰਗ ਦਾਲ ਦੀ ਫ਼ਸਲ ਬੀਜੇਗਾ ਜਾਂ ਬਰਸਾਤ ਦੇ ਮੌਸਮ ਵਿੱਚ ਬਾਸਮਤੀ ਝੋਨੇ ਦੀ ਖੇਤੀ ਕਰੇਗਾ, ਉਸ ਕਿਸਾਨ ਦੀ ਫ਼ਸਲ ਐਮ.ਐਸ.ਪੀ. ‘ਤੇ ਪੰਜਾਬ ਸਰਕਾਰ ਖ਼ੁਦ ਖਰੀਦੇਗੀ।

Exit mobile version