ਬਿਊਰੋ ਰਿਪੋਰਟ (16 ਫਰਵਰੀ, 2026): ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੁਲਿਸ ਕਰਮਚਾਰੀਆਂ ਨੂੰ ਜਨਤਾ ਨਾਲ ਸਤਿਕਾਰਯੋਗ ਅਤੇ ਨਿਮਰ ਭਾਸ਼ਾ ਵਿੱਚ ਗੱਲ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਜਨਤਕ ਥਾਵਾਂ ‘ਤੇ ਨਾਗਰਿਕਾਂ ਨੂੰ ‘ਓਏ’ ਕਹਿ ਕੇ ਸੰਬੋਧਨ ਕਰਨ ਵਰਗੀ ਬਦਤਮੀਜ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਲਾਹੌਰ ਵਿਖੇ ਪੁਲਿਸ ਸੁਧਾਰਾਂ ਨੂੰ ਲੈ ਕੇ ਹੋਈ ਇੱਕ ਉੱਚ ਪੱਧਰੀ ਬੈਠਕ ਦੌਰਾਨ ਮਰੀਅਮ ਨਵਾਜ਼ ਨੇ ਕਿਹਾ ਕਿ ਪੁਲਿਸ ਨੂੰ ਜਨਤਾ ਦੀ ਗਰਿਮਾ ਅਤੇ ਮਾਣ-ਸਨਮਾਨ ਦਾ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਪੁਰਾਣੀ ਅਤੇ ਨੁਕਸਾਨਦੇਹ ਸੋਚ ਅਤੇ ਵਤੀਰੇ ਨੂੰ ਬਦਲਣ ਦੀ ਸਖ਼ਤ ਲੋੜ ਹੈ ਅਤੇ ਇਸ ਲਈ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਵੇਗੀ।
ਸਰ-ਮੈਡਮ ਜਾਂ ਸਾਹਿਬ-ਸਾਹਿਬਾ ਕਹਿਣਾ ਹੋਵੇਗਾ ਲਾਜ਼ਮੀ
ਮੁੱਖ ਮੰਤਰੀ ਨੇ ਨਿਰਦੇਸ਼ ਦਿੱਤੇ ਹਨ ਕਿ ਸਾਰੇ ਪੁਲਿਸ ਥਾਣਿਆਂ, ਦਫ਼ਤਰਾਂ ਅਤੇ ਚੈੱਕ ਪੋਸਟਾਂ ‘ਤੇ ਆਉਣ ਵਾਲੇ ਨਾਗਰਿਕਾਂ ਨੂੰ ‘ਸਰ ਜਾਂ ਮੈਡਮ’ ਅਥਵਾ ‘ਸਾਹਿਬ ਜਾਂ ਸਾਹਿਬਾ’ ਕਹਿ ਕੇ ਹੀ ਸੰਬੋਧਨ ਕੀਤਾ ਜਾਵੇ। ਜੇਕਰ ਕੋਈ ਪੁਲਿਸ ਕਰਮਚਾਰੀ ਅਜਿਹਾ ਕਰਨ ਤੋਂ ਇਨਕਾਰ ਕਰਦਾ ਹੈ ਜਾਂ ਬਦਸਲੂਕੀ ਕਰਦਾ ਹੈ, ਤਾਂ ਉਸ ਨੂੰ ਜਨਤਾ ਨਾਲ ਸਿੱਧੇ ਸੰਪਰਕ ਵਾਲੀ ਕਿਸੇ ਵੀ ਡਿਊਟੀ ‘ਤੇ ਤਾਇਨਾਤ ਨਹੀਂ ਕੀਤਾ ਜਾਵੇਗਾ।
ਮਰੀਅਮ ਨਵਾਜ਼ ਨੇ ਦੱਸਿਆ ਕਿ ਪੁਲਿਸ ਕਰਮਚਾਰੀਆਂ ਦੇ ਡਰਾਉਣ-ਧਮਕਾਉਣ ਵਾਲੇ ਵਤੀਰੇ ਦੀਆਂ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਨੇ ਉੱਚ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਮੁਲਾਜ਼ਮਾਂ ਨੂੰ ਗੱਲਬਾਤ ਕਰਨ ਦਾ ਸਹੀ ਤਰੀਕਾ ਸਿਖਾਇਆ ਜਾਵੇ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਵੀ ਨਿਮਰ ਰਹਿਣ ਲਈ ਤਿਆਰ ਕੀਤਾ ਜਾਵੇ। ਖ਼ਾਸ ਕਰਕੇ ਗਸ਼ਤ ਕਰਨ ਵਾਲੇ ਅਤੇ ਜਨਤਾ ਨਾਲ ਸਿੱਧਾ ਡੀਲ ਕਰਨ ਵਾਲੇ ਮੁਲਾਜ਼ਮਾਂ ਨੂੰ ਆਪਣੀ ‘ਬਾਡੀ ਲੈਂਗੂਏਜ’ (Body Language) ‘ਤੇ ਧਿਆਨ ਦੇਣ ਲਈ ਕਿਹਾ ਗਿਆ ਹੈ।
ਬਾਡੀ ਕੈਮਰਿਆਂ ਨਾਲ ਹੋਵੇਗੀ ਨਿਗਰਾਨੀ
ਪੁਲਿਸ ਦੀ ਕਾਰਜਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਮੁੱਖ ਮੰਤਰੀ ਨੇ ਪੁਲਿਸ ਕਰਮਚਾਰੀਆਂ ਨੂੰ ‘ਬਾਡੀ ਕੈਮਰੇ’ (Body Camera) ਪਹਿਨਣ ਦੇ ਨਿਰਦੇਸ਼ ਵੀ ਦਿੱਤੇ ਹਨ। ਅਗਲੇ ਦੋ ਮਹੀਨਿਆਂ ਦੇ ਅੰਦਰ ਪੰਜਾਬ ਪੁਲਿਸ ਅਤੇ ਟ੍ਰੈਫਿਕ ਪੁਲਿਸ ਦੇ ਸਾਰੇ ਕਰਮਚਾਰੀਆਂ ਨੂੰ ਬਾਡੀ ਕੈਮਰੇ ਮੁਹੱਈਆ ਕਰਵਾਏ ਜਾਣਗੇ, ਤਾਂ ਜੋ ਜਨਤਾ ਨਾਲ ਉਨ੍ਹਾਂ ਦੀ ਹਰ ਗੱਲਬਾਤ ਰਿਕਾਰਡ ਹੋ ਸਕੇ।

