The Khalas Tv Blog Punjab ਰਾਹੁਲ ਗਾਂਧੀ ਦੇ ਬਿਆਨ ‘ਤੇ ਮੁੱਖ ਮੰਤਰੀ ਮਾਨ ਦਾ ਪਲਟਵਾਰ,ਕਿਹਾ ਰਾਹੁਲ ਆਪ ਦੱਸਣ,ਉਹ ਕਿਥੋਂ ਚੱਲਦੇ ਹਨ ?
Punjab

ਰਾਹੁਲ ਗਾਂਧੀ ਦੇ ਬਿਆਨ ‘ਤੇ ਮੁੱਖ ਮੰਤਰੀ ਮਾਨ ਦਾ ਪਲਟਵਾਰ,ਕਿਹਾ ਰਾਹੁਲ ਆਪ ਦੱਸਣ,ਉਹ ਕਿਥੋਂ ਚੱਲਦੇ ਹਨ ?

ਮੁੰਬਈ : ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਆਪਣੇ ਮੁੰਬਈ ਦੌਰੇ ਦੌਰਾਨ ਇੱਕ ਅਹਿਮ ਐਲਾਨ ਕੀਤਾ ਹੈ ।ਉਹਨਾਂ ਕਿਹਾ ਹੈ ਹੁਣ ਪੰਜਾਬ ਵਿੱਚ ਵੀ ਫਿਲਮ ਸਿਟੀ ਬਣਾਈ ਜਾਵੇਗੀ ਕਿਉਂਕਿ ਹਿੰਦੀ ਫਿਲਮਾਂ ਵਿੱਚ ਅਕਸਰ ਹੀ ਪੰਜਾਬੀ ਗਾਣਿਆਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ ਪੰਜਾਬ ਦੀਆਂ ਲੋਕੇਸ਼ਨਾਂ ‘ਤੇ ਫਿਲਮਾਂ ਦੀ ਸ਼ੂਟਿੰਗ ਕੀਤੀ ਜਾਂਦੀ ਹੈ।ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਉਹਨਾਂ ਰਾਹੁਲ ਗਾਂਧੀ ‘ਤੇ ਤੰਜ ਕਸਦਿਆਂ ਹੋਇਆਂ ਕਿਹਾ ਹੈ ਕਿ ਉਹਨਾਂ ਨੂੰ ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਕਾਂਗਰਸ ਨੂੰ ਜੋੜਨਾ  ਚਾਹੀਦਾ ਹੈ ।

ਉਹਨਾਂ ਜ਼ਿਕਰ ਕੀਤਾ ਕਿ ਰਾਹੁਲ ਦੇ ਪੰਜਾਬ ਆਉਣ ਤੋਂ ਬਾਅਦ ਮਨਪ੍ਰੀਤ ਬਾਦਲ ਸਣੇ ਕਈ ਕਾਂਗਰਸੀਆਂ ਨੇ ਪਾਰਟੀ ਛੱਡ ਦਿੱਤੀ ਹੈ। ਇਸ ਤੋਂ ਇਲਾਵਾ ਦਿੱਲੀ ਵਿੱਚ ਨਾ ਤਾਂ ਉਹਨਾਂ ਕੋਲ ਕੋਈ ਐਮਐਲਏ ਹੈ ਤੇ ਨਾਂ ਹੀ ਐਮਪੀ। ਰਾਹੁਲ ਆਪ ਤਾਂ ਦਿੱਲੀ ਤੋਂ ਵੀ ਨਹੀਂ ਚੱਲਦੇ। ਲੋਕਾਂ ਨੇ ਕੈਪਟਨ ਨੂੰ ਮੁੱਖ ਮੰਤਰੀ ਬਣਾਇਆ ਸੀ ਪਰ ਉਹਨਾਂ ਨੇ ਚੰਨੀ ਨੂੰ ਬਣਾ ਦਿੱਤਾ,ਉਸ ਵੇਲੇ ਕੀ ਜਨਤਾ ਨੂੰ ਪੁੱਛਿਆ ਗਿਆ ਸੀ? ਹਿਮਾਚਲ ਦੇ ਨਵੇਂ ਬਣੇ ਮੁੱਖ ਮੰਤਰੀ ਸੁਖਵਿੰਦਰ ਸੁਖੁ ਜੀ ਨੂੰ ਇੱਕ ਮਹੀਨੇ ਤੱਕ ਕੈਬਿਨਟ ਨਹੀਂ ਬਣਾਉਣ ਦਿੱਤੀ ਗਈ ਸੀ ਪਰ ਮੈਂ ਆਪਣੀ ਕੈਬਿਨਟ ਦਾ ਐਲਾਨ ਅਗਲੇ ਹੀ ਦਿਨ ਕਰ ਦਿੱਤਾ ਸੀ। ਉਹਨਾਂ ਤੰਜ ਕਸਦਿਆਂ ਕਿਹਾ ਕਿ ਮੈਨੂੰ ਤਾਂ ਕਹਿੰਦੇ ਹਨ ਕਿ ਦਿੱਲੀ ਤੋਂ ਚੱਲਦਾ ਪਰ ਰਾਹੁਲ ਗਾਂਧੀ ਆਪ ਪਤਾ ਨਹੀਂ ਕਿਥੋਂ ਚੱਲਦੇ ਹਨ।

ਇਸ ਤੋਂ ਇਲਾਵਾ ਬੰਬਈ ਵਿੱਚ ਨਿਵੇਸ਼ਕਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੰਦੇ ਹੋਏ ਉਹਨਾਂ ਕਿਹਾ ਕਿ ਪਹਿਲਾਂ ਪੰਜਾਬ ‘ਚ ਨਿਵੇਸ਼ ਕਰਨ ਆਏ ਸਨਅਤਕਾਰਾਂ ਤੋਂ ਹਿੱਸਾ ਮੰਗਿਆ ਜਾਂਦਾ ਸੀ ਤਾਂ ਉਨ੍ਹਾਂ ਨੂੰ ਪਰਿਵਾਰਾਂ ਨਾਲ ਸਮਝੌਤਾ ਕਰਨਾ ਪੈਂਦਾ ਸੀ ਪਰ ਹੁਣ ਹਾਲਾਤ ਬਦਲ ਚੁੱਕੇ ਹਨ। ਹੁਣ ਜੋ ਵੀ ਆਵੇਗਾ ਉਹ 3 ਕਰੋੜ ਪੰਜਾਬੀਆਂ ਨਾਲ MOU ਸਾਈਨ ਕਰੇਗਾ ਤੇ ਹੁਣ ਸਿੰਗਲ ਵਿੰਡੋ ਸਿਸਟਮ ਹੋਣ ਕਾਰਨ ਇਜਾਜ਼ਤ ਲੈਣ ‘ਚ ਕੋਈ ਦਿੱਕਤ ਨਹੀਂ ਹੋਵੇਗੀ। ਪੰਜਾਬ ਵਿੱਚ ਫਰਵਰੀ ਮਹੀਨੇ ਇਨਵੈਸਟਮੈਂਟ ਮੀਟ ਕਰਵਾਈ ਜਾ ਰਹੀ ਹੈ,ਜਿਸ ਵਿੱਚ ਦੁਨੀਆ ਭਰ ਤੋਂ ਨਿਵੇਸ਼ਕ ਆ ਰਹੇ ਹਨ ਤੇ ਇਸ ਲਈ ਮੁੰਬਈ ਤੋਂ ਵੀ ਨਿਵੇਸ਼ਕਾਂ ਨੂੰ ਸੱਦਾ ਦਿੱਤਾ ਗਿਆ ਹੈ ।

ਇਸ ਤੋਂ ਇਲਾਵਾ ਉਹਨਾਂ ਇਹ ਵੀ ਕਿਹਾ ਹੈ ਕਿ  ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਸਰਕਾਰ ਵਲੋਂ ਬਣਾਏ ਗਏ ਚੰਗੇ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਜ਼ਿਕਰ ਅੱਜ ਪੂਰੀ ਦੁਨੀਆ ਵਿੱਚ ਹੋ ਰਿਹਾ ਹੈ। ਪੰਜਾਬ ਵਿੱਚ ਵੀ ਅਜਿਹਾ ਹੀ ਹੋ ਰਿਹਾ ਹੈ ਤੇ ਹੁਣ 27 ਜਨਵਰੀ ਨੂੰ ਅੰਮ੍ਰਿਤਸਰ ਵਿੱਚ 500 ਆਮ ਆਦਮੀ ਕਲੀਨਿਕ ਆਮ ਲੋਕਾਂ ਨੂੰ ਸਮਰਪਿਤ ਕੀਤੇ ਜਾਣਗੇ। ਇਸ ਤੋਂ ਇਲਾਵਾ ਕੱਲ੍ਹ ਹੀ ਪੰਜਾਬ ਵਿੱਚ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਗਿਆ ਸੀ।

 

 

Exit mobile version