The Khalas Tv Blog Lok Sabha Election 2024 ਪੰਜਾਬੀਆਂ ਦੀ ਨਾਰਾਜ਼ਗੀ ਦੂਰ ਕਰਨ ਲਈ ਖ਼ਾਕਾ ਤਿਆਰ ਕਰ ਰਹੀ ਹੈ ‘ਆਪ’ ਸਰਕਾਰ! CM ਮਾਨ ਲਾ ਰਹੇ ਪੂਰੀ ਵਾਹ
Lok Sabha Election 2024 Punjab

ਪੰਜਾਬੀਆਂ ਦੀ ਨਾਰਾਜ਼ਗੀ ਦੂਰ ਕਰਨ ਲਈ ਖ਼ਾਕਾ ਤਿਆਰ ਕਰ ਰਹੀ ਹੈ ‘ਆਪ’ ਸਰਕਾਰ! CM ਮਾਨ ਲਾ ਰਹੇ ਪੂਰੀ ਵਾਹ

ਲੋਕ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਖਾਕਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ। ਪਾਰਟੀ ਨੇ ਆਪਣੀ ਹਾਰ ’ਤੇ ਮੰਥਨ ਕੀਤਾ ਹੈ ਜਿਸ ਵਿੱਚ ਪਤਾ ਲੱਗਾ ਹੈ ਕਿ ਲੋਕ ਸਰਕਾਰੀ ਦਫ਼ਤਰਾਂ ’ਚ ਖੱਜਲ-ਖੁਆਰੀ ਤੋਂ ਪ੍ਰੇਸ਼ਾਨ ਹਨ। ਸੋ ਹੁਣ ਪਾਰਟੀ ਇਸੇ ਮੁੱਦੇ ’ਤੇ ਕੰਮ ਕਰਨ ਦੀ ਯੋਜਨਾ ਬਣਾ ਰਹੀ ਹੈ।

ਇਸੇ ਤਰ੍ਹਾਂ ਵਿਧਾਇਕਾਂ ਅਤੇ ਅਫ਼ਸਰਾਂ ਦਰਮਿਆਨ ਬਣੀ ਦੂਰੀ ਘਟਾਉਣ ਲਈ ਵੀ ਨਵੇਂ ਕਦਮ ਚੁੱਕੇ ਜਾਣਗੇ। ਵਿਧਾਇਕਾਂ ਦੀ ਸ਼ਿਕਾਇਤ ਹੈ ਕਿ ਅਫ਼ਸਰ ਚੁਣੇ ਹੋਈ ਪ੍ਰਤੀਨਿਧ ਦੀ ਕਹੀ ਗੱਲ ’ਤੇ ਗ਼ੌਰ ਨਹੀਂ ਕਰਦੇ। ਇਸ ਤੋਂ ਇਲਾਵਾ ਲੋਕਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਵੀ ਹਰ ਹਫ਼ਤੇ ਸੂਬੇ ਦੇ ਦੌਰੇ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਜਾਣਨ ਲਈ ਸਿੱਧੀ ਗੱਲਬਾਤ ਕਰਿਆ ਕਰਨਗੇ।

‘ਆਪ’ ਸਰਕਾਰ ਨੌਕਰਸ਼ਾਹੀ ਨਾਲ ਨਜਿੱਠਣ ਲਈ ਵਿਉਂਤਬੰਦੀ ਤਿਆਰ ਕਰ ਰਹੀ ਹੈ। ਪੰਜਾਬ ਵਿੱਚ ਪੰਜ ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਹੋਣੀਆਂ ਹਨ ਜਿਨ੍ਹਾਂ ਦੀ ਤਿਆਰੀ ਵੀ ਸਰਕਾਰ ਨੇ ਵਿੱਢੀ ਹੋਈ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ ਸਕੱਤਰ ਅਨੁਰਾਗ ਵਰਮਾ ਅਤੇ ਡੀਜੀਪੀ ਗੌਰਵ ਯਾਦਵ ਨਾਲ ਵੱਖੋ-ਵੱਖਰੀ ਮੀਟਿੰਗ ਕੀਤੀ ਹੈ ਜਿਸ ਦੌਰਾਨ ਨਵੇਂ ਚੁੱਕੇ ਜਾਣ ਵਾਲੇ ਕਦਮਾਂ ਬਾਰੇ ਚਰਚਾ ਕੀਤੀ ਗਈ। ਮੁੱਖ ਮੰਤਰੀ ਨੇ ਆਉਂਦੇ ਦਿਨਾਂ ਵਿੱਚ ਡਿਪਟੀ ਕਮਿਸ਼ਨਰਾਂ ਨਾਲ ਬੈਠਕਾਂ ਤੈਅ ਕੀਤੀਆਂ ਹਨ। ਇਸ ਮੁਹਿੰਮ ਤਹਿਤ ਪ੍ਰਸ਼ਾਸਨ ਵਿੱਚ ਵੱਡੇ ਪੱਧਰ ’ਤੇ ਰੱਦੋਬਦਲ ਵੀ ਕੀਤੇ ਜਾਣ ਦੀ ਸੰਭਾਵਨਾ ਹੈ।

ਮੁੱਖ ਮੰਤਰੀ ਚੋਣਾਂ ਵਿੱਚ ਹਾਰ ਦੇ ਮੰਥਨ ਲਈ ਹਲਕਾ ਵਾਈਜ਼ ਮੀਟਿੰਗਾਂ ਕਰ ਰਹੇ ਹਨ। ਇਨ੍ਹਾਂ ਮੀਟਿੰਗਾਂ ਵਿੱਚ ਵਿਧਾਇਕਾਂ ਨੇ ਅਫ਼ਸਰਸ਼ਾਹੀ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਹਨ। ਡੀਜੀਪੀ ਨੇ ਕਿਹਾ ਕਿ ਚੰਡੀਗੜ੍ਹ ਸਥਿਤ ਪੰਜਾਬ ਪੁਲਿਸ ਹੈੱਡਕੁਆਰਟਰ ਵਿੱਚ, ਸਪੈਸ਼ਲ ਡੀਜੀਪੀ, ਐਡੀਸ਼ਨਲ ਡੀਜੀਪੀ ਰੈਂਕ ਦੇ ਸੀਨੀਅਰ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਉਪਲੱਬਧ ਰਹਿਣ ਦੇ ਦਿਨ ਨਿਰਧਾਰਤ ਕੀਤੇ ਗਏ ਹਨ।

ਸਪੈਸ਼ਲ ਡੀਜੀਪੀ ਭਲਾਈ ਈਸ਼ਵਰ ਸਿੰਘ ਸੋਮਵਾਰ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ। ਇਸੇ ਤਰ੍ਹਾਂ, ਏਡੀਜੀਪੀ ਸੁਰੱਖਿਆ ਐੱਸਐੱਸ ਸ੍ਰੀਵਾਸਤਵ ਮੰਗਲਵਾਰ ਨੂੰ, ਏਡੀਜੀਪੀ ਏ ਐੱਸ ਰਾਏ ਬੁੱਧਵਾਰ ਨੂੰ, ਏਡੀਜੀਪੀ ਪ੍ਰੋਵਿਜਨਿੰਗ ਜੀ ਨਾਗੇਸ਼ਵਰ ਰਾਓ ਵੀਰਵਾਰ ਅਤੇ ਸਪੈਸ਼ਲ ਡੀਜੀਪੀ ਕਾਨੂੰਨ ਤੇ ਵਿਵਸਥਾ ਅਰਪਿਤ ਸ਼ੁਕਲਾ ਸ਼ੁੱਕਰਵਾਰ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨਗੇ।

ਇਸ ਤੋਂ ਇਲਾਵਾ ਸਰਕਾਰ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਵੀ ਦਫ਼ਤਰਾਂ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਡੀਜੀਪੀ ਗੌਰਵ ਯਾਦਵ ਨੇ ਅੱਜ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ ਦੇ ਰੈਂਕ ਤੋਂ ਲੈ ਕੇ ਸਟੇਸ਼ਨ ਹਾਊਸ ਅਫ਼ਸਰਾਂ (ਐੱਸਐਚਓਜ਼) ਤੱਕ ਦੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਜਨਤਕ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਾਰੇ ਕੰਮ-ਕਾਜੀ ਦਿਨਾਂ ਵਿੱਚ ਸਵੇਰੇ 11 ਤੋਂ ਦੁਪਹਿਰ 1 ਵਜੇ ਤੱਕ ਦਫ਼ਤਰਾਂ ਵਿੱਚ ਮੌਜੂਦ ਰਹਿਣ ਦੇ ਨਿਰਦੇਸ਼ ਦਿੱਤੇ ਹਨ।

Exit mobile version