ਆਮ ਆਦਮੀ ਪਾਰਟੀ (ਆਪ) ਨੇ ਅੱਜ ਲੁਧਿਆਣਾ ਵਿੱਚ ਫਿਰੋਜ਼ਪੁਰ ਰੋਡ ’ਤੇ ਕਿੰਗਜ਼ ਵਿਲਾ ਵਿਖੇ ਇੱਕ ਵੱਡਾ ਸਮਾਗਮ ਕੀਤਾ, ਜਿਸ ਵਿੱਚ ਹਾਲੀਆ ਉਪ-ਚੋਣ ਜਿੱਤ ਲਈ ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸਾਬਕਾ ਦਿੱਲੀ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਸ਼ਾਮਿਲ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਮਾਗਮ ਵਿੱਚ ਨਸ਼ਾ ਤਸਕਰੀ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਉਨ੍ਹਾਂ ਦੀ ਸਰਕਾਰ ਦਾ ਮੁੱਖ ਮਿਸ਼ਨ ਹੈ। ਮਾਨ ਨੇ ਬਿਕਰਮ ਮਜੀਠੀਆ ਦੀ ਨਾਮ ਲਏ ਬਿਨਾਂ ਕਿਹਾ ਹੈ ਕਿ ਜਿਨ੍ਹਾਂ ਨੇ 13 ਅਪ੍ਰੈਲ 1919 ਨੂੰ ਅੰਗਰੇਜ਼ ਨੂੰ ਰੋਟੀ ਖੁਆਈ ਉਹ ਅੱਜ ਨਾਭਾ ਜੇਲ੍ਹ ਵਿੱਚ ਬੰਦ ਹਨ। ਇਨ੍ਹਾਂ ਨੇ ਪਹਿਲਾਂ ਪੰਜਾਬੀਆ ਨੂੰ ਬੰਦੂਕਾਂ ਨਾਲ ਮਰਵਾਇਆ ਫਿਰ ਲੋਕਾਂ ਨੂੰ ਚਿੱਟੇ ਨਾਲ ਮਾਰਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਨੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ ’ਤੇ ਤੰਜ ਕਸਦਿਆਂ ਕਿਹਾ ਕਿ ਉਹ ਕੁਝ ਲੋਕਾਂ ਨੂੰ ਮੋਬਾਈਲ ਠੀਕ ਕਰਨ ਵਾਲਾ ਜਾਂ ਬੈਂਡ ਵਜਾਉਣ ਵਾਲਾ ਕਹਿੰਦੇ ਹਨ, ਪਰ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਆਮ ਲੋਕਾਂ ਵਿੱਚੋਂ ਉੱਠੇ ਹਨ ਅਤੇ ਅੱਜ ਮੰਤਰੀਆਂ ਦੇ ਅਹੁਦਿਆਂ ’ਤੇ ਹਨ। ਮਾਨ ਨੇ ਕਿਹਾ ਕਿ ਇਹ ਲੋਕ ਬੈਂਡ ਵਾਦਕ ਨਹੀਂ, ਸਗੋਂ ਬਾਜਵਾ ਵਰਗੇ ਲੋਕਾਂ ਦਾ “ਬੈਂਡ ਵਜਾਉਣ ਵਾਲੇ” ਹਨ।
ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਦੇ ਕਿਸੇ ਵੀ ਵਿਧਾਇਕ ਜਾਂ ਮੰਤਰੀ ਦਾ ਕਿਸੇ ਠੇਕੇ ਵਿੱਚ ਹਿੱਸਾ ਨਹੀਂ ਹੈ। ਉਨ੍ਹਾਂ ਨੇ ਲੁਧਿਆਣਾ ਪੱਛਮੀ ਦੇ ਵੋਟਰਾਂ ਨੂੰ ਨਵੇਂ ਵਿਧਾਇਕ ਸੰਜੀਵ ਅਰੋੜਾ ਨਾਲ ਸੰਪਰਕ ਕਰਕੇ ਸ਼ਹਿਰ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਾਅਦਾ ਕੀਤਾ ਕਿ ਸਰਕਾਰ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦੇਵੇਗੀ।ਸ਼੍ਰੋਮਣੀ ਅਕਾਲੀ ਦਲ ਦੀ ਅਪੀਲ ਦਾ ਜਿਕਰ ਕਰਦਿਆਂ ਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਲੋਕਾਂ ਨੂੰ ਬਿਕਰਮ ਸਿੰਘ ਮਜੀਠੀਆ ਦੇ ਸਮਰਥਨ ਵਿੱਚ ਸੜਕਾਂ ’ਤੇ ਨਿਕਲਣ ਦੀ ਅਪੀਲ ਕੀਤੀ ਸੀ, ਪਰ ਲੋਕਾਂ ਨੇ ਆਪਣੇ ਘਰਾਂ ਨੂੰ ਤਾਲੇ ਲਗਾ ਦਿੱਤੇ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਨਸ਼ਿਆਂ ਦੇ ਸਮਰਥਨ ਵਿੱਚ ਨਹੀਂ ਨਿਕਲੇਗਾ।
ਮਾਨ ਨੇ ਵਿਰੋਧੀ ਆਗੂਆਂ, ਜਿਵੇਂ ਚਰਨਜੀਤ ਸਿੰਘ ਚੰਨੀ ਅਤੇ ਰਵਨੀਤ ਸਿੰਘ ਬਿੱਟੂ ’ਤੇ ਵੀ ਨਿਸ਼ਾਨਾ ਸਾਧਿਆ। ਮਾਨ ਨੇ ਕਿਹਾ ਕਿ ਜਿਨ੍ਹਾਂ ਨੇ ਨਸ਼ਿਆਂ ਦੇ ਮੁੱਦੇ ’ਤੇ ਗਲਤ ਬਿਆਨਬਾਜ਼ੀ ਕੀਤੀ ਅਤੇ ਬਾਅਦ ਵਿੱਚ ਮੁਆਫੀ ਮੰਗਣੀ ਪਈ।
ਮਾਨ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ, ਸਿਹਤ ਅਤੇ ਬਿਜਲੀ ਦੇ ਖੇਤਰ ਵਿੱਚ ਅਹਿਮ ਸੁਧਾਰ ਹੋਏ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਪੰਜਾਬ ਨੂੰ ਨਸ਼ਾ-ਮੁਕਤ ਅਤੇ ਵਿਕਸਤ ਸੂਬਾ ਬਣਾਉਣ ਲਈ ਵਚਨਬੱਧ ਹੈ। ਸਮਾਗਮ ਵਿੱਚ ਸੰਜੀਵ ਅਰੋੜਾ ਨੇ ਵੀ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਲੁਧਿਆਣਾ ਪੱਛਮੀ ਦੇ ਵਿਕਾਸ ਲਈ ਪੂਰੀ ਤਰ੍ਹਾਂ ਕੰਮ ਕਰਨ ਦਾ ਵਾਅਦਾ ਕੀਤਾ।ਇਹ ਸਮਾਗਮ ਆਪ ਦੀ ਲੁਧਿਆਣਾ ਪੱਛਮੀ ਵਿੱਚ ਜਿੱਤ ਅਤੇ ਪੰਜਾਬ ਵਿੱਚ ਉਸ ਦੀ ਮਜ਼ਬੂਤ ਸਥਿਤੀ ਨੂੰ ਦਰਸਾਉਂਦਾ ਹੈ, ਜਦਕਿ ਵਿਰੋਧੀਆਂ ’ਤੇ ਕੀਤੇ ਗਏ ਹਮਲੇ ਪਾਰਟੀ ਦੀ ਸਖ਼ਤ ਰਣਨੀਤੀ ਨੂੰ ਉਜਾਗਰ ਕਰਦੇ ਹਨ।