ਬਿਊਰੋ ਰਿਪੋਰਟ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫ਼ਤਾਰੀ ਅਤੇ ਸਰੰਡਰ ਨੂੰ ਲੈਕੇ ਉੱਠੇ ਵਿਵਾਦ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੇ ਮੌਜੂਦਾ ਰੋਲ ਨੂੰ ਲੈਕੇ 2 ਵੱਡੇ ਬਿਆਨ ਦਿੱਤੇ ਹਨ। ਇਨ੍ਹਾਂ ਬਿਆਨਾਂ ਕਾਰਨ ਆਉਣ ਵਾਲੇ ਦਿਨਾਂ ਵਿੱਚ ਸਿਆਸਤ ਗਰਮਾ ਸਕਦੀ ਹੈ।
ਮੁੱਖ ਮੰਤਰੀ ਭਗੰਵਤ ਮਾਨ ਨੇ ਦੱਸਿਆ ਕਿ 22 ਅਪ੍ਰੈਲ ਦੀ ਰਾਤ ਨੂੰ ਹੀ ਸਾਨੂੰ ਇਨਪੁੱਟ ਮਿਲਿਆ ਸੀ ਕਿ ਅੰਮ੍ਰਿਤਪਾਲ ਰੋਡੇ ਪਿੰਡ ਪਹੁੰਚ ਸਕਦੇ ਹਨ। ਪੁਲਿਸ ਦੇ ਆਲਾ ਅਧਿਕਾਰੀਆਂ ਨਾਲ ਮੇਰੀ ਚਰਚਾ ਹੋਈ ਤਾਂ ਉਨ੍ਹਾਂ ਨੇ ਪਿੰਡ ਨੂੰ ਘੇਰਾ ਪਾਉਣ ਬਾਰੇ ਦੱਸਿਆ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਪਹਿਲਾਂ ਫੋਰਸ ਲੈਕੇ ਨਾ ਜਾਓ, ਰੋਡੇ ਪਿੰਡ ਸਿਵਲ ਪੁਲਿਸ ਤਾਇਨਾਤ ਕਰੋ। ਸੀਐੱਮ ਮਾਨ ਨੇ ਕਿਹਾ ਕਿ ਸਾਢੇ ਤਿੰਨ ਵਜੇ ਪਤਾ ਚੱਲਿਆ ਕਿ ‘ਅੰਮ੍ਰਿਤਪਾਲ ਸਿੰਘ ਗੁਰਦੁਆਰਾ ਸਾਹਿਬ ਪਹੁੰਚ ਗਏ ਹਨ । ਮੈਂ ਪੁਲਿਸ ਨੂੰ ਕਿਹਾ ਕਿ ਉਹ ਗੁਰਦੁਆਰੇ ਦੇ ਅੰਦਰ ਨਹੀਂ ਜਾਣਗੇ ਅਤੇ ਕੋਈ ਵੀ ਗੋਲੀ ਨਹੀਂ ਚੱਲੇਗੀ, ਸਾਡੇ ਵੱਲੋਂ ਇੱਕ ਮੈਸੇਜ ਅੰਦਰ ਭੇਜਿਆ ਗਿਆ ਕਿ ਉਹ ਬਾਹਰ ਆਏ, ਹੁਣ ਤੁਸੀਂ ਇਸ ਨੂੰ ਸਰੰਡਰ ਕਹਿ ਲਓ। ਫੋਰਸ ਕਰਕੇ ਸਰੰਡਰ ਕਹਿਣਾ ਤਾਂ ਕਹਿ ਲਓ, ਤੁਸੀਂ ਕੁਝ ਵੀ ਕਹਿ ਸਕਦੇ ਹੋ।’ ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਵਾਰ ਮੁੜ ਤੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਦੇ ਰੋਲ ਅਤੇ ਫ਼ੈਸਲਿਆਂ ਨੂੰ ਲੈਕੇ ਵੱਡੇ ਸਵਾਲ ਖੜ੍ਹੇ ਕੀਤੇ ।
ਜਥੇਦਾਰ ਦੇ ਫ਼ੈਸਲਿਆਂ ‘ਤੇ ਸੀਐੱਮ ਮਾਨ ਨੇ ਚੁੱਕੇ ਸਵਾਲ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ(SGPC) ਦਾ ਪ੍ਰਧਾਨ ਵੀ ਸ੍ਰੋਮਣੀ ਅਕਾਲੀ ਦਲ ਦਾ ਮੈਂਬਰ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਉਨ੍ਹਾਂ ਅਧੀਨ ਹਨ। ਸੀਐੱਮ ਮਾਨ ਨੇ ਦਾਅਵਾ ਕੀਤਾ ਕਿ ਮੈਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦਾ ਹਾਂ, ਸਾਡੇ ਲਈ ਉੱਥੋਂ ਆਉਣ ਵਾਲਾ ਆਦੇਸ਼ ਫਰਮਾਨ ਹੈ। ਪਰ ਜਿਹੜੇ ਉੱਥੇ ਜਥੇਦਾਰ ਸਾਹਿਬ ਬਿਠਾਏ ਹਨ,ਉਨ੍ਹਾਂ ਕੋਲ ਪਰਚੀ ਆਂਦੀ ਹੈ, ਇਸ ਨੂੰ ਸਜ਼ਾ ਦਿਉ,ਇਸ ਨੂੰ ਮੁਆਫ ਕਰ ਦਿਉ।’
ਸੀਐੱਮ ਮਾਨ ਨੇ ਕਿਹਾ ਕਿ ‘ਮੈਂ ਜਥੇਦਾਰ ਸਾਹਿਬ ਨੂੰ ਇਹ ਹੀ ਕਿਹਾ ਸੀ ਕਿ ਤੁਸੀਂ ਧਰਮ ਨਾਲ ਸਬੰਧਤ ਫੈਸਲੇ ਕਰੋਂ, ਪਰਿਵਾਰ ਨਾਲ ਸਬੰਧਕ ਫੈਸਲੇ ਨਾ ਕਰੋ, ਮੈਂ ਚਾਹੁੰਦਾ ਹਾਂ ਰਾਜਨੀਤੀ ਧਰਮ ਤੋਂ ਸਿੱਖਿਆ ਲਏ, ਪਰ ਸਿਆਸਤ ਧਰਮ ਨੂੰ ਸਿੱਖਿਆ ਦੇਣ ਲੱਗੀ ਹੈ। ਜਦੋਂ ਅਜਨਾਲੇ ਵਾਲੀ ਘਟਨਾ ਹੋਈ ਸੀ ਤਾਂ ਚਾਰੋਂ ਪਾਸੇ ਤੋਂ ਨਿੰਦਾ ਹੋਈ, ਕਿਉਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਲੈਕੇ ਗਏ ਹੋ, ਥਾਣੇ ਵਿੱਚ ਸ਼ਰਾਬ ਫੜੀਆਂ ਜਾਂਦੀਆਂ ਹਨ। ਜਥੇਦਾਰ ਸਾਹਿਬ ਨੇ ਫ਼ੈਸਲੇ ਲੈਣ ਦੀ ਥਾਂ ਕਮੇਟੀ ਬਣਾ ਦਿੱਤੀ। ਕਮੇਟੀ ਨੇ ਆਪਣੀ ਰਿਪੋਰਟ ਸੌਂਪ ਦਿੱਤੀ ਹੈ, ਕੀ ਹੋਇਆ ਉਸ ਰਿਪੋਰਟ ਦਾ ? ਕਮੋਟੀ ਦਾ ਕੋ-ਆਡੀਨੇਟਰ ਵੀ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਲਗਾਇਆ ਗਿਆ, ਜੋ ਅਕਾਲੀ ਦਲ ਦਾ ਮੈਂਬਰ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਦਰਅਸਲ ਇਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾ ਕੇ ਵਰਤਨਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੇ ਖਿਲਾਫ਼ ਲੱਗ ਰਹੇ ਐਂਟੀ ਸਿੱਖ ਹੋਣ ਦਾ ਵੀ ਜਵਾਬ ਦਿੱਤਾ ।
‘ਮੈਂ ਕਿਵੇਂ ਐਂਟੀ ਸਿੱਖ’
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਦੋਂ ਪੁੱਛਿਆ ਗਿਆ ਤਾਂ ਕਿ ਤੁਹਾਡੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਖਿਲਾਫ ਦਿੱਤੇ ਬਿਆਨ ਅਤੇ ਅੰਮ੍ਰਿਤਪਾਲ ਸਿੰਘ ‘ਤੇ ਕੀਤੀ ਕਾਰਵਾਈ ਤੋਂ ਬਾਅਦ ਤੁਹਾਨੁੰ ਐਂਟੀ ਸਿੱਖ ਦੱਸਿਆ ਜਾ ਰਿਹਾ ਹੈ। ਸੀਐੱਮ ਮਾਨ ਨੇ ਕਿਹਾ ਅਸੀਂ 400 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਪਰ ਜਦੋਂ ਛੱਡਿਆ ਸੀ ਤਾਂ ਪੰਚਾਇਤ ਨੂੰ ਬੁਲਾਇਆ ਸੀ ਤਾਂਕਿ ਉਹ ਨੌਜਵਾਨਾਂ ਨੂੰ ਸਮਝਾਉਣ। ਇਸ ਤੋਂ ਇਲਾਵਾ ਮੈਂ 2 ਵਕਤ ਅਰਦਾਸ ਕਰਨ ਵਾਲਾ ਬੰਦਾ ਹਾਂ, ਸਾਡੀ ਸਰਕਾਰ ਨੇ ਆਉਂਦੇ ਹੀ ਪਾਲਕੀ ਸਾਹਿਬ ਦੀ ਗੱਡੀਆਂ ‘ਤੇ ਲੱਗਣ ਵਾਲਾ ਟੈਕਸ ਖਤਮ ਕੀਤਾ, ਕਿਸੇ ਨੇ ਸੋਚਿਆ ਨਹੀਂ ਸੀ ਕਦੇ। ਆਨੰਦ ਮੈਰੇਜ ਐਕਟ ਵਿੱਚ ਸੋਧ ਕਰਕੇ ਜਲਦ ਲਾਗੂ ਕਰਨ ਜਾ ਰਹੇ ਹਾਂ। ਫਤਿਹਗੜ੍ਹ ਸਾਹਿਬ ਆਉਣ ਵਾਲਿਆਂ ਲਈ 18 ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ। ਕਰਨਾਟਕਾ ਵਰਗੇ ਸੂਬੇ ਵਿੱਚ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲ ਹਾਂ ਅਤੇ ਸੰਬੋਧਨ ਖਤਮ ਕਰਨ ਵੇਲੇ ਵਾਹਿਗੁਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਬੋਲ ਦਾ ਹਾਂ। ਮੁੱਖ ਮੰਤਰੀ ਮਾਨ ਨੇ ਇਲਜ਼ਾਮ ਇੰਨਾ ਅਬਦਾਲੀ ਨੇ ਪੰਜਾਬ ਦਾ ਨੁਕਸਾਨ ਨਹੀਂ ਕੀਤਾ, ਜਿੰਨਾ ਅਕਾਲੀ ਦਲ ਨੇ ਕਰ ਦਿੱਤਾ ।