The Khalas Tv Blog Punjab ਜਥੇਦਾਰ ਦੇ ਆਦੇਸ਼ਾਂ ’ਤੇ ਬੋਲੇ CM ਮਾਨ, ਵਿਵਾਦਤ ਵੀਡੀਓ ਨੂੰ ਸਿਰੇ ਤੋਂ ਨਕਾਰਿਆ
Punjab Religion

ਜਥੇਦਾਰ ਦੇ ਆਦੇਸ਼ਾਂ ’ਤੇ ਬੋਲੇ CM ਮਾਨ, ਵਿਵਾਦਤ ਵੀਡੀਓ ਨੂੰ ਸਿਰੇ ਤੋਂ ਨਕਾਰਿਆ

ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਿਲਾਫ਼ ਆਦੇਸ਼ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ’ਚ ਆਪਣਾ ਸਪੱਸ਼ਟੀਕਰਨ ਦਿੱਤਾ ਹੈ। ਇੱਕ ਵੀਡੀਓ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਵਾਇਰਲ ਵੀਡੀਓ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਉਸ ਵੀਡੀਓ ਵਿਚ ਦਿਖਾਈ ਦੇ ਰਹੇ ਵਿਅਕਤੀ ਨਾਲ ਉਨ੍ਹਾਂ ਦਾ ਕੋਈ ਵੀ ਸਬੰਧ ਨਹੀਂ ਹੈ ਅਤੇ ਉਸ ਵਿਅਕਤੀ ਦਾ ਕੱਦ-ਕਾਠ ਵੀ ਉਨ੍ਹਾਂ ਨਾਲ ਮੇਲ ਨਹੀਂ ਖਾਂਦਾ।

ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਸਿਆਸੀ ਲੋਕਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ’ਤੇ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ 2 ਦਸੰਬਰ 2024 ਵਾਲੇ ਫੈਸਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਸਾਰੇ ਦੋਸ਼ ਮੰਨ ਲੈਣ ਤੋਂ ਬਾਅਦ ਵੀ ਉਸ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ, ਪਰ ਉਨ੍ਹਾਂ ਖਿਲਾਫ਼ ਇੱਕ ਵੀਡੀਓ ਦੇ ਆਧਾਰ ’ਤੇ ਤੁਰੰਤ ਐਕਸ਼ਨ ਲਿਆ ਜਾ ਰਿਹਾ ਹੈ।

ਮਾਨ ਨੇ ਕਿਹਾ ਕਿ ਮੇਰੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਸਰਵਉੱਚ ਹੈ ਤੇ ਮੈਂ ਸੁਪਨੇ ’ਚ ਵੀ ਅਜਿਹਾ ਨਹੀਂ ਸੋਚ ਸਕਦਾ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਬਾਰੇ ਕੋਈ ਵੀ ਸੋਚ ਨਹੀਂ ਸਕਦਾ । ਉਨ੍ਹਾਂ ਕਿਹਾ ਕਿ ਮੈਂ ਪੰਜਾਬ ਲਈ ਦਿਨ ਰਾਤ ਕੰਮ ਕਰ ਰਿਹਾ ਹਾਂ ਤੇ ਅੱਗੇ ਵੀ ਪੰਜਾਬ ਦੇ ਹਿੱਤ ’ਚ ਫ਼ੈਸਲੇ ਲੈਂਦਾ ਰਹਾਂਗਾ।

ਬੇਅਦਬੀ ਖਿਲਾਫ਼ ਕਾਨੂੰਨ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਹਿੰਦੇ ਸੀ ਕਿ ਬੇਅਦਬੀ ਖ਼ਿਲਾਫ਼ ਕਾਨੂੰਨ ਕਿਉਂ ਨਹੀਂ ਬਣਾਉਂਦੇ ਤੇ ਜਦੋਂ ਕਾਨੂੰਨ ਬਣਾ ਦਿੱਤਾ ਤਾਂ ਹੁਣ ਇਸ ਦਾ ਵਿਰੋਧ ਕਰ ਰਹੇ ਹਨ ਤੇ ਮੇਰੇ ਖ਼ਿਲਾਫ਼ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਬੈਠੇ ਰਾਜਨੀਤਕ ਕਾਰਵਾਈਆਂ ਕਰ ਰਹੇ ਹਨ ਤੇ ਰਾਜਨੀਤਕ ਆਕਾਵਾਂ ਦੇ ਕਹਿਣ ’ਤੇ ਇਹ ਸਭ ਕੁਝ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ’ਚ ਦਿੱਸ ਰਿਹਾ ਸ਼ਖ਼ਸ ਮੈਂ ਨਹੀਂ ਹਾਂ, ਮੇਰਾ ਕੱਦ ਕਾਠ ਉਸ ਨਾਲ ਮੇਲ ਨਹੀਂ ਖਾਂਦਾ।

ਮਾਨ ਨੇ ਇਸ ਘਟਨਾ ਨੂੰ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਪਾਣੀ ਦੀ ਰੱਖਿਆ, ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੀ ਰੱਖਿਆ ਅਤੇ ਪੰਜਾਬ ਦੇ ਕਿਸਾਨਾਂ ਤੇ ਨੌਜਵਾਨਾਂ ਲਈ ਲਏ ਗਏ ਫੈਸਲਿਆਂ ਕਾਰਨ ਉਨ੍ਹਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਅਕਾਲ ਤਖ਼ਤ ਸਾਹਿਬ ’ਤੇ ਬੈਠੀਆਂ ਕੁਝ ਰਾਜਨੀਤਕ ਤਾਕਤਾਂ ਰਾਜਨੀਤਕ ਆਕਾਵਾਂ ਦੇ ਇਸ਼ਾਰੇ ’ਤੇ ਕੰਮ ਕਰ ਰਹੀਆਂ ਹਨ।

 

Exit mobile version