ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਾਊਥ ਕੋਰੀਆ ਤੇ ਜਪਾਨ ਦੇ 8 ਦਿਨਾਂ ਦੌਰੇ ਤੋਂ ਵਾਪਸ ਪਰਤੇ ਤਾਂ ਚੰਡੀਗੜ੍ਹ ਹਵਾਈ ਅੱਡੇ ‘ਤੇ ਹੀ ਪ੍ਰੈਸ ਕਾਨਫਰੰਸ ਕਰਕੇ ਵੱਡੇ ਨਿਵੇਸ਼ ਦੇ ਐਲਾਨ ਕੀਤੇ। ਮਾਨ ਨੇ ਦੱਸਿਆ ਕਿ ਜਾਪਾਨੀ ਕੰਪਨੀ Fujitsu Limited ਮੁਹਾਲੀ ਵਿੱਚ AI ਤੇ IT ਪ੍ਰੋਜੈਕਟ ਲਗਾਏਗੀ।
ਮਾਨ ਨੇ ਇਹ ਵੀ ਦੱਸਿਆ ਕਿ ਜਪਾਨ ਸਰਕਾਰ ਦੀ METI ਏਜੰਸੀ ਨੇ ਵੀ ਪੰਜਾਬ ਵਿੱਚ ਨਿਵੇਸ਼ ਦਾ ਭਰੋਸਾ ਦਿੱਤਾ। JBIC ਨੇ ਕਲੀਨ ਐਨਰਜੀ ਸੈਕਟਰ ਵਿੱਚ ਨਿਵੇਸ਼ ਕਰਨ ਦੀ ਹਾਮੀ ਭਰੀ। Yamaha ਨੇ Hero ਨਾਲ ਮਿਲ ਕੇ ਪੰਜਾਬ ਵਿੱਚ ਇਲੈਕਟ੍ਰਿਕ ਵਹੀਕਲ ਬਣਾਉਣ ਦਾ ਫੈਸਲਾ ਕੀਤਾ, ਜਦਕਿ Honda ਦੇ ਪਾਰਟਸ ਵੀ ਪੰਜਾਬ ਵਿੱਚ ਹੀ ਤਿਆਰ ਹੋਣਗੇ।
ਉਨ੍ਹਾਂ ਕਿਹਾ ਕਿ JICA ਨੇ ਬਾਗਵਾਨੀ ਲਈ ਵੱਡਾ ਪ੍ਰੋਜੈਕਟ ਮਨਜ਼ੂਰ ਕੀਤਾ। Toppen Holdings ਨੇ 400 ਕਰੋੜ ਰੁਪਏ ਦੇ ਨਿਵੇਸ਼ ਦਾ ਭਰੋਸਾ ਦਿੱਤਾ। ਮਾਨ ਨੇ ਕਿਹਾ ਕਿ ਮੁਹਾਲੀ ਨੂੰ ਜਲਦ ਹੀ ਗਲੋਬਲ IT ਹੱਬ ਬਣਾਇਆ ਜਾਵੇਗਾ।
ਉਨ੍ਹਾਂ ਦਾਅਵਾ ਕੀਤਾ ਕਿ ਜਪਾਨ ਤੇ ਕੋਰੀਆ ਦੀਆਂ ਕਈ ਹੋਰ ਵੱਡੀਆਂ ਕੰਪਨੀਆਂ ਨੇ ਵੀ ਪੰਜਾਬ ਵਿੱਚ ਨਿਵੇਸ਼ ਦੀ ਦਿਲਚਸਪੀ ਦਿਖਾਈ ਹੈ। ਇਸ ਦੌਰੇ ਨਾਲ ਪੰਜਾਬ ਵਿੱਚ ਹਜ਼ਾਰਾਂ ਕਰੋੜ ਦਾ ਨਿਵੇਸ਼ ਤੇ ਲੱਖਾਂ ਨੌਜਵਾਨਾਂ ਲਈ ਨੌਕਰੀਆਂ ਦੇ ਨਵੇਂ ਮੌਕੇ ਪੈਦਾ ਹੋਣਗੇ।

