The Khalas Tv Blog Punjab ਭਗਵੰਤ ਮਾਨ ਨੇ ਸੀਚੇਵਾਲ ਤੇ ਸਾਹਨੀ ਦੇ ਪੈੱਨ ਵਿੱਚ ਭਰੀ ਹਰੀ ਸਿਆਹੀ
Punjab

ਭਗਵੰਤ ਮਾਨ ਨੇ ਸੀਚੇਵਾਲ ਤੇ ਸਾਹਨੀ ਦੇ ਪੈੱਨ ਵਿੱਚ ਭਰੀ ਹਰੀ ਸਿਆਹੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦੀਆਂ ਖਾਲੀ ਹੋ ਰਹੀਆਂ ਦੋ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਸੱਭਿਆਚਾਰ ਖੇਤਰ ਦੀ ਜਾਣ ਪਹਿਚਾਣੀ ਸ਼ਖਸੀਅਤ ਵਿਕਰਮਜੀਤ ਸਿੰਘ ਸਾਹਨੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਰਾਜ ਸਭਾ ਦੀਆਂ ਪੰਜ ਸੀਟਾਂ ਲਈ ਆਪ ਦੇ ਉਮੀਦਵਾਰ ਸਰਬ ਸੰਮਤੀ ਨਾਲ ਚੁਣੇ ਗਏ ਸਨ। ਦੋ ਸੀਟਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 31 ਮਈ ਹੈ। ਸੰਤ ਸੀਚੇਵਾਲ ਅਤੇ ਸਾਹਨੀ ਦੇ ਸਰਬ ਸੰਮਤੀ ਨਾਲ ਚੁਣੇ ਜਾਣ ਦੇ ਪੂਰੇ ਆਸਾਰ ਹਨ।

ਸੰਤ ਸੀਚੇਵਾਲ ਦਾ ਸਬੰਧ ਪੰਜਾਬ ਨਾਲ ਹੈ ਜਦਕਿ ਵਿਕਰਮਜੀਤ ਸਿੰਘ ਸਾਹਨੀ ਦਿੱਲੀ ਤੋਂ ਹਨ। ਸੰਤ ਸੀਚੇਵਾਲ ਵਾਤਾਵਰਣ ਪ੍ਰੇਮੀ ਹਨ ਅਤੇ ਉਨ੍ਹਾਂ ਨੇ ਸੁਲਤਾਨਪੁਰ ਲੋਧੀ ਵਿੱਚ 160 ਕਿਲੋਮੀਟਰ ਲੰਬੀ ਕਾਲੀ ਵੇਈਂ ਨੂੰ ਸਾਫ਼ ਕਰਨ ਦਾ ਸਿਹਰਾ ਜਾਂਦਾ ਹੈ। ਸੰਤ ਸੀਚੇਵਾਲ ਨੂੰ ਪਦਮਸ਼੍ਰੀ ਨਾਲ ਦੇਸ਼ ਦੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸਮਾਜ ਸੇਵੀ ਵਿਕਰਮਜੀਤ ਸਿੰਘ ਸਾਹਨੀ ਨੂੰ ਮੌਰੀਸ਼ਸ਼ ਦੇ ਰਾਸ਼ਟਰਪਤੀ ਵੱਲੋਂ ਅੰਤਰ ਰਾਸ਼ਟਰੀ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ 27 ਮਈ ਨੂੰ ਸੰਤ ਸੀਚੇਵਾਲ ਵੱਲੋਂ ਆਯੋਜਿਤ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਨ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਸੰਤਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ ਦਾ ਸੰਕੇਤ ਦੇ ਦਿੱਤਾ ਸੀ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਸੰਤ ਸੀਚੇਵਾਲ ਦੇ ਹਰੇ ਪੈੱਨ ਵਿੱਚ ਸਿਆਹੀ ਭਰੀ ਜਾ ਰਹੀ ਹੈ। ਦੂਜੇ ਪਾਸੇ ਸਾਹਨੀ ਨੇ ਕਰੋਨਾ ਕਾਲ ਵਿੱਚ ਲੋੜਵੰਦਾਂ ਦੀ ਸੇਵਾ ਕਰਨ ਲਈ ਅਣਥੱਕ ਮਿਹਨਤ ਕੀਤੀ ਸੀ।

Exit mobile version