ਵ੍ਰਿੰਦਾਵਨ (ਮਥੁਰਾ) ਵਿੱਚ ਯਮੁਨਾ ਨਦੀ ਵਿੱਚ ਬੀਤੀ 10 ਅਪ੍ਰੈਲ 2026 ਨੂੰ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ਨੇ ਪੰਜਾਬ ਨੂੰ ਡੂੰਘਾ ਸੋਗ ਵਿੱਚ ਡੋਬ ਦਿੱਤਾ ਹੈ। ਲੁਧਿਆਣਾ, ਮੋਗਾ ਅਤੇ ਜਗਰਾਓਂ ਦੇ ਇਲਾਕਿਆਂ ਵਿੱਚ ਅੱਜ ਸੋਗ ਦੀ ਲਹਿਰ ਹੈ। ਰੱਬ ਦੇ ਦਰਸ਼ਨ ਲਈ ਗਏ ਯਾਤਰੀ ਰੱਬ ਨੂੰ ਪਿਆਰੇ ਹੋ ਗਏ। ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ 5 ਲੋਕ ਅਜੇ ਵੀ ਲਾਪਤਾ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਗਰਾਓਂ ਪੁੱਜੇ ਅਤੇ ਮ੍ਰਿਤਕਾਂ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋ ਕੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਨੇ ਇਸ ਨੂੰ ਭਿਆਨਕ ਹਾਦਸਾ ਦੱਸਦਿਆਂ ਕਿਹਾ ਕਿ ਇਸ ਨੇ ਸਭ ਦਾ ਹਿਰਦਾ ਵਲੂੰਧਰ ਕੇ ਰੱਖ ਦਿੱਤਾ ਹੈ। ਮੁੱਖ ਮੰਤਰੀ ਨੇ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਵਾਅਦਾ ਕੀਤਾ ਅਤੇ ਮ੍ਰਿਤਕਾਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਦਾ ਐਲਾਨ ਵੀ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਪੱਪੀ ਪਰਾਸ਼ਰ, ਸਰਬਜੀਤ ਕੌਰ ਮਾਣੂੰਕੇ ਅਤੇ ਚੰਦ ਸਿੰਘ ਡੱਲਾ ਵੀ ਹਾਜ਼ਰ ਸਨ।
ਇਸ ਟੂਰਿਸਟ ਬੋਟ ਵਿੱਚ ਲਗਭਗ 30-37 ਯਾਤਰੀ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਲੁਧਿਆਣਾ ਜ਼ਿਲ੍ਹੇ ਦੇ ਜਗਰਾਓਂ ਤੋਂ ਸਨ। ਇੱਕੋ ਪਰਿਵਾਰ ਦੇ 7 ਮੈਂਬਰ ਇਸ ਹਾਦਸੇ ਵਿੱਚ ਖਤਮ ਹੋ ਗਏ। ਜਗਰਾਓਂ ਤੋਂ 5 ਲੋਕਾਂ ਦੀਆਂ ਲਾਸ਼ਾਂ ਘਰ ਪਹੁੰਚ ਗਈਆਂ ਹਨ। ਇੱਕ ਵਿਆਹ ਤੋਂ ਠੀਕ ਪਹਿਲਾਂ ਅਬੋਹਰ ਦੇ ਰਹਿਣ ਵਾਲੇ ਮਾਨਿਕ ਦੀ ਵੀ ਮੌਤ ਹੋ ਗਈ। ਹੁਣ ਤੱਕ 11 ਪੰਜਾਬੀਆਂ ਦੀ ਮੌਤ ਦੀ ਖ਼ਬਰ ਹੈ, ਜਿਨ੍ਹਾਂ ਵਿੱਚੋਂ 9 ਲੋਕਾਂ ਦੀਆਂ ਲਾਸ਼ਾਂ ਘਰ ਪਹੁੰਚ ਚੁੱਕੀਆਂ ਹਨ। ਮ੍ਰਿਤਕਾਂ ਵਿੱਚ ਕਵਿਤਾ ਬਹਿਲ ਤੇ ਉਸ ਦਾ ਪੁੱਤਰ ਮਧੁਰ, ਚਰਨਜੀਤ ਤੇ ਉਸ ਦੀ ਧੀ ਪਿੰਕੀ, ਰਾਕੇਸ਼ ਗੁਲਾਟੀ ਤੇ ਉਸ ਦੀ ਪਤਨੀ ਅੰਜੂ, ਮੀਨੂ ਬੰਸਲ, ਇਸ਼ਾਨ ਕਟਾਰੀਆ, ਸਪਨਾ ਹਾਂਸ ਆਦਿ ਸ਼ਾਮਲ ਹਨ।
ਹਾਦਸਾ ਕੇਸ਼ੀ ਘਾਟ ਨੇੜੇ ਵਾਪਰਿਆ। ਤੇਜ਼ ਹਵਾ ਚੱਲ ਰਹੀ ਸੀ ਅਤੇ ਬੋਟ ਨੇ ਇੱਕ ਫਲੋਟਿੰਗ ਪਾਂਟੂਨ ਬ੍ਰਿਜ ਨਾਲ ਟੱਕਰ ਮਾਰੀ। ਬੋਟ ਵਿੱਚ ਲਾਈਫ ਜੈਕਟ ਨਹੀਂ ਸਨ ਅਤੇ ਸਮਰੱਥਾ ਤੋਂ ਵੱਧ ਲੋਕ ਬਿਠਾਏ ਗਏ ਸਨ। ਬਚੇ ਇੱਕ ਨੌਜਵਾਨ ਨੇ ਦੱਸਿਆ ਕਿ ਯਾਤਰੀਆਂ ਨੇ ਨਾਵਿਕ ਨੂੰ ਬੋਟ ਰੋਕਣ ਲਈ ਕਿਹਾ ਸੀ ਪਰ ਉਸ ਨੇ ਨਾ ਸੁਣਿਆ। ਤੀਜੀ ਵਾਰ ਟੱਕਰ ਤੋਂ ਬਾਅਦ ਬੋਟ ਡੁੱਬ ਗਈ। ਪਾਣੀ ਦੀ ਗਹਿਰਾਈ ਲਗਭਗ 25 ਫੁੱਟ ਸੀ ਅਤੇ ਤਲ ਵਿੱਚ ਕੀਚੜ ਤੇ ਰੇਤ ਕਾਰਨ ਲਾਸ਼ਾਂ ਦਬੀਆਂ ਹੋ ਸਕਦੀਆਂ ਹਨ।
ਰੈਸਕਿਊ ਆਪਰੇਸ਼ਨ ਦੂਜੇ ਦਿਨ ਵੀ ਜਾਰੀ ਹੈ। ਫੌਜ ਸਮੇਤ 250 ਲੋਕਾਂ ਦੀ ਟੀਮ 14 ਕਿਲੋਮੀਟਰ ਖੇਤਰ ਵਿੱਚ ਖੋਜ ਕਰ ਰਹੀ ਹੈ। ਹੁਣ ਤੱਕ 22 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ 5 ਲੋਕ ਲਾਪਤਾ ਹਨ। ਯਮੁਨਾ ਦਾ ਤੇਜ਼ ਵਹਾਅ ਹੋਣ ਕਾਰਨ ਲਾਪਤਾ ਲੋਕ ਦੂਰ ਵਹਿ ਸਕਦੇ ਹਨ। ਬੋਟ ਚਾਲਕ ਪੱਪੂ ਨਿਸ਼ਾਦ ਅਤੇ ਪਾਂਟੂਨ ਬ੍ਰਿਜ ਦੇ ਠੇਕੇਦਾਰ ਨਾਰਾਇਣ ਸ਼ਰਮਾ ਖਿਲਾਫ਼ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮ੍ਰਿਤਕਾਂ ਲਈ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50 ਹਜ਼ਾਰ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ ਹੈ। ਧਰਮ ਯੁੱਧ ਮੋਰਚਾ ਸਮਾਣਾ ਵੱਲੋਂ ਵੀ ਮ੍ਰਿਤਕਾਂ ਲਈ ਨਾਮ ਜਪ ਕੇ ਸ਼ਰਧਾਂਜਲੀ ਭੇਟ ਕੀਤੀ ਗਈ।ਇਹ ਹਾਦਸਾ ਇੱਕ ਵੱਡੀ ਤ੍ਰਾਸਦੀ ਬਣ ਗਿਆ ਹੈ।

