The Khalas Tv Blog Khetibadi CM ਮਾਨ ਨੇ ਜਲਦ ਗਿਰਦਾਉਰੀ ਕਰਵਾਉਣ ਦੇ ਦਿੱਤੇ ਹੁਕਮ , ਵਿਰੋਧੀਆਂ ਨੁਕਸਾਨੀ ਗਈ ਫਸਲ ਦੇ ਮੁਆਵਜ਼ੇ ਨੂੰ ਲੈ ਸਰਕਾਰ ਨੂੰ ਘੇਰਿਆ
Khetibadi Punjab

CM ਮਾਨ ਨੇ ਜਲਦ ਗਿਰਦਾਉਰੀ ਕਰਵਾਉਣ ਦੇ ਦਿੱਤੇ ਹੁਕਮ , ਵਿਰੋਧੀਆਂ ਨੁਕਸਾਨੀ ਗਈ ਫਸਲ ਦੇ ਮੁਆਵਜ਼ੇ ਨੂੰ ਲੈ ਸਰਕਾਰ ਨੂੰ ਘੇਰਿਆ

CM ਮਾਨ ਨੇ ਜਲਦ ਗਿਰਦਾਉਰੀ ਕਰਵਾਉਣ ਦੇ ਦਿੱਤੇ ਹੁਕਮ , ਵਿਰੋਧੀਆਂ ਨੁਕਸਾਨੀ ਗਈ ਫਸਲ ਦੇ ਮੁਆਵਜ਼ੇ ਨੂੰ ਲੈ ਸਰਕਾਰ ਨੂੰ ਘੇਰਿਆ

ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਕਣਕ ਦੀ ਫਸਲ ਨੁਕਸਾਨੀ ਗਈ ਹੈ, ਜਿਸ ਕਰਕੇ ਕਿਸਾਨਾਂ ਦੇ ਸਾਹ ਸੂਤੇ ਗਏ ਹਨ। ਇਸ ਬੇਮੌਸਮੀ ਮੀਂਹ ਕਾਰਨ ਕਣਕ ਦੀ ਵਾਢੀ ਵੀ ਇੱਕ ਹਫ਼ਤਾ ਪੱਛੜ ਗਈ ਹੈ। ਬੇਮੌਸਮੀ ਮੀਂਹ ਕਾਰਨ ਹਾੜੀ ਦੀ ਫ਼ਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਪਾਣੀ ਭਰਨ ਨਾਲ ਕਣਕ ਦੇ ਝਾੜ ਵਿਚ ਭਾਰੀ ਕਮੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ, ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈ ਕੇ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ’ਤੇ ਸੂਬੇ ਵਿੱਚ ਫਸਲਾਂ ਦੀ ਗਿਰਦਾਉਰੀ ਦਾ ਕੰਮ ਜਾਰੀ ਹੈ। ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਟਵੀਟ ਕਰਕੇ ਮੁੜ ਗਿਰਦਾਵਰੀ ਲਈ ਵਿਧਾਇਕਾਂ ਦੇ ਨਾਮ ਸੁਨੇਹਾ ਲਾਇਆ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਪਿਛਲੇ ਦਿਨਾਂ ‘ਚ ਪਏ ਮੀਂਹ ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ ਤੇ ਸਾਡੀ ਸਰਕਾਰ ਨੇ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਵੀ ਦਿੱਤੇ ਹਨ। ਸਾਰੇ ਵਿਧਾਇਕ ਪਿੰਡਾਂ ‘ਚ ਜਾ ਕੇ ਕਿਸਾਨਾਂ ਨਾਲ ਮੁਲਾਕਾਤ ਕਰਨ ਤੇ ਅਫ਼ਸਰ ਵੀ ਪਿੰਡਾਂ ‘ਚ ਜਾ ਕੇ ਜਲਦ ਗਿਰਦਾਵਰੀ ਦੀ ਰਿਪੋਰਟ ਬਣਾਉਣ।

ਦੂਜੇ ਪਾਸੇ ਲੰਘੇ ਕੱਲ੍ਹ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਦੇ ਬਾਵਜੂਦ ਵੀ ਖ਼ਰਾਬ ਮੌਸਮ ਕਾਰਨ ਕਿਸੇ ਵੀ ਮੰਡੀ ਵਿੱਚ ਫਸਲ ਨਹੀਂ ਪੁੱਜੀ। ਮੌਸਮ ਵਿਭਾਗ ਨੇ ਅੱਜ ਰਾਤ ਨੂੰ ਗੜੇ ਪੈਣ ਅਤੇ 3 ਤੇ 4 ਅਪਰੈਲ ਨੂੰ ਮੁੜ ਮੀਂਹ ਪੈਣ ਦੀ ਭਵਿੱਖਬਾਣੀ ਵੀ ਕੀਤੀ ਹੈ। ਭਾਵੇਂ ਸੂਬਾ ਸਰਕਾਰ ਨੇ ਐਲਾਨ ਕੀਤਾ ਹੋਇਆ ਹੈ ਕਿ ਉਸ ਦੇ ਖਰੀਦ ਕੇਂਦਰ 1 ਅਪਰੈਲ ਤੋਂ ਕਣਕ ਦੀ ਖਰੀਦ ਲਈ ਤਿਆਰ ਹਨ ਪਰ ਸੂਬੇ ਦੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੌਸਮ ਨੂੰ ਦੇਖਦੇ ਹੋਏ 15 ਅਪਰੈਲ ਤੋਂ ਬਾਅਦ ਹੀ ਕਣਕ ਦੀ ਵਾਢੀ ਸ਼ੁਰੂ ਹੋ ਸਕੇਗੀ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਸਨ ਕਿ ਕਣਕ ਦੀ ਫ਼ਸਲ ਦਾ ਦਾਣਾ-ਦਾਣਾ ਖਰੀਦਿਆ ਜਾਵੇ ਅਤੇ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਪਹਿਲੀ ਅਪਰੈਲ ਤੋਂ ਖ਼ਰੀਦ ਸ਼ੁਰੂ ਹੋਣ ਦੇ ਪਹਿਲੇ ਦਿਨ ਤੋਂ ਹੀ ਜਿਣਸ ਦੀ ਅਦਾਇਗੀ ਯਕੀਨੀ ਬਣਾਈ ਜਾਵੇ। ਉਨ੍ਹਾਂ ਕਿਹਾ ਸੀ ਕਿ ਸੂਬਾ ਸਰਕਾਰ ਅਨਾਜ ਦੀ ਸੁਚਾਰੂ ਢੰਗ ਨਾਲ ਖ਼ਰੀਦ ਲਈ ਵਚਨਬੱਧ ਹੈ ਪਰ ਬੇਮੌਸਮੇ ਮੀਂਹ ਕਾਰਨ ਕਣਕ ਤਾਂ ਮੰਡੀਆਂ ਵਿੱਚ ਪਹੁੰਚ ਹੀ ਨਹੀਂ ਰਹੀ।

ਪਿਛਲੇ ਦਿਨੀਂ ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਇੱਕ ਸਲਾਹ ਵੀ ਦਿੱਤੀ ਸੀ। ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨੂੰ ਕੁਝ ਫ਼ਸਲਾਂ ਬੀਜਣ ਦੀ ਸਲਾਹ ਦਿੱਤੀ ਸੀ ਅਤੇ ਕੁਝ ਫ਼ਸਲਾਂ ਨਾ ਬੀਜਣ ਦੀ ਸਲਾਹ ਦਿੱਤੀ ਸੀ। ਮਾਨ ਨੇ 4 ਜ਼ਿਲ੍ਹਿਆਂ ਵਿੱਚ ਮੂੰਗੀ ਦੀ ਫ਼ਸਲ ਨਾ ਲਗਾਉਣ ਦੀ ਸਲਾਹ ਵੀ ਦਿੱਤੀ ਸੀ। ਤੁਸੀਂ ਵੀ ਸੁਣੋ ਸੀਐੱਮ ਮਾਨ ਦੀ ਕਿਸਾਨਾਂ ਨੂੰ ਕੀਤੀ ਗਈ ਖ਼ਾਸ ਅਪੀਲ…

 

ਵਿਰੋਧੀ ਪਾਰਟੀਆਂ ਵੱਲੋਂ ਕਿਸਾਨਾਂ ਦੀ ਨੁਕਸਾਨੀ ਗਈ ਫਸਲ ਦੇ ਮੁਆਵਜ਼ੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਵੀ ਜਾਂਦਾ ਰਿਹਾ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਕਿਸਾਨਾਂ ਦੇ ਮਸਲਿਆਂ ਦੀ ਅਣਦੇਖੀ ਕਰਨ ਅਤੇ ਕੁਦਰਤੀ ਆਫਤਾਂ ਕਾਰਨ ਫਸਲਾਂ ਦੇ ਬਰਬਾਦ ਹੋਣ ਦੀ ਸੂਰਤ ਵਿੱਚ ਗਿਰਦਾਉਰੀ ਤੋਂ ਪਹਿਲਾਂ 20,000 ਰੁਪਏ ਪ੍ਰਤੀ ਏਕੜ ਅੰਤਰਿਮ ਮੁਆਵਜ਼ਾ ਦੇਣ ਦੇ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ। ਮੁੱਖ ਮੰਤਰੀ ਨੇ ਕਣਕ ਦੀ ਫਸਲ ਦੇ ਲਗਭਗ ਨੁਕਸਾਨ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ 15,000 ਰੁਪਏ ਪ੍ਰਤੀ ਏਕੜ ਦੇ ਮਾਮੂਲੀ ਮੁਆਵਜ਼ੇ ਦਾ ਐਲਾਨ ਕਰਕੇ ਇਸ ਦੁਖਾਂਤ ਨੂੰ ਵੀ ਫੋਟੋ ਆਪ੍ਰੇਸ਼ਨ ਵਿੱਚ ਬਦਲ ਦਿੱਤਾ। ਮੈਂ ਉਨ੍ਹਾਂ ਕਿਸਾਨਾਂ ਨਾਲ ਇਕਮੁੱਠਤਾ ਪ੍ਰਗਟ ਕਰਦਾ ਹਾਂ ਜਿਨ੍ਹਾਂ ਨੇ ਇਸ ਮਾਮੂਲੀ ਮੁਆਵਜ਼ੇ ਨੂੰ ਰੱਦ ਕਰ ਦਿੱਤਾ ਹੈ। ਜ਼ਮੀਨ ਮਾਲਕਾਂ ਲਈ ਮੁਆਵਜ਼ਾ ਵਧਾਉਣ ਦੇ ਨਾਲ-ਨਾਲ ਠੇਕਾ ਧਾਰਕਾਂ ਲਈ ਵੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। 750 ਕਰੋੜ ਰੁਪਏ ਦੇ ਇਸ਼ਤਿਹਾਰੀ ਬਜਟ ਵਿੱਚ ਕਟੌਤੀ ਕਰਕੇ ਅੰਤਰਿਮ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਮਸਲੇ ਉੱਤੇ ਸਰਕਾਰ ਨੂੰ ਘੇਰਿਆ ਹੈ। ਬਾਦਲ ਨੇ ਕਿਹਾ ਕਿ ਚਾਹੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੇ ਇਸ ਦੁੱਖ ‘ਚ ਉਨ੍ਹਾਂ ਦੀ ਬਾਂਹ ਫੜਨ ਦੀ ਬਜਾਏ ਅੱਖਾਂ ਫੇਰ ਲਈਆਂ ਹਨ, ਪਰ ਮੈਂ ਭਰੋਸਾ ਦਿਵਾਉਂਦਾ ਹਾਂ ਕਿ ਹਰ ਪੀੜਤ ਦੀ ਬਣਦੀ ਮਦਦ ਕੀਤੀ ਜਾਵੇਗੀ। ਸੁਖਬੀਰ ਬਾਦਲ ਨੇ ਫ਼ੌਰੀ ਤੌਰ ਉੱਤੇ ਕਿਸਾਨਾਂ ਦੀ 6 ਲੱਖ ਰੁਪਏ ਦੀ ਮਦਦ ਕਰਨ ਦਾ ਦਾਅਵਾ ਕੀਤਾ।

ਭਾਰਤੀ ਰਿਜ਼ਰਵ ਬੈਂਕ ਨੇ ਹਾੜੀ ਦੇ ਸੀਜ਼ਨ ਦੌਰਾਨ ਕਣਕ ਦੀ ਖ਼ਰੀਦ ਵਾਸਤੇ ਪੰਜਾਬ ਲਈ 29 ਹਜ਼ਾਰ ਕਰੋੜ ਰੁਪਏ ਦੀ ਕੈਸ਼ ਕ੍ਰੈਡਿਟ ਲਿਮਟ ਨੂੰ ਪ੍ਰਵਾਨਗੀ ਦਿੱਤੀ ਹੋਈ ਹੈ। ਮੁੱਖ ਮੰਤਰੀ ਨੇ ਆਗਾਮੀ ਹਾੜੀ ਦੇ ਸੀਜ਼ਨ ਲਈ ਆਰਬੀਆਈ ਵੱਲੋਂ ਸੀਸੀਐੱਲ ਦੇ 25,445 ਕਰੋੜ ਰੁਪਏ ਪਹਿਲਾਂ ਹੀ ਜਾਰੀ ਕਰਨ ’ਤੇ ਤਸੱਲੀ ਜ਼ਾਹਰ ਕੀਤੀ ਹੈ। ਉਨ੍ਹਾਂ ਕਿਹਾ ਕਿ ਆਰਬੀਆਈ ਨੇ ਇਸ ਸੀਜ਼ਨ ਲਈ ਸੂਬਾ ਸਰਕਾਰ ਵੱਲੋਂ ਕੀਤੀ ਮੰਗ ਵਿੱਚੋਂ ਸੀਸੀਐੱਲ ਦਾ ਵੱਡਾ ਹਿੱਸਾ ਜਾਰੀ ਕਰ ਦਿੱਤਾ ਹੈ, ਜਿਸ ਨਾਲ ਮੌਜੂਦਾ ਸੀਜ਼ਨ ਦੌਰਾਨ ਕਣਕ ਦੀ ਖ਼ਰੀਦ ਸੁਚਾਰੂ ਤਰੀਕੇ ਨਾਲ ਕੀਤੀ ਜਾ ਸਕੇਗੀ।

Exit mobile version