The Khalas Tv Blog Punjab ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ‘ਇੱਕ ਸੀ ਕਾਂਗਰਸ’!
Punjab

ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ‘ਇੱਕ ਸੀ ਕਾਂਗਰਸ’!

 

ਬਿਉਰੋ ਰਿਪੋਰਟ : ਪੰਜਾਬ ਵਿੱਚ ਆਪ ਨਾਲ ਗਠਜੋੜ ਨੂੰ ਲੈਕੇ ਨਾ-ਨਾ ਕਰਨ ਵਾਲੇ ਕਾਂਗਰਸੀ ਆਗੂਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਗਠਜੋੜ ਦੀ ਜ਼ਰੂਰਤ ਸਮਝਾਈ,ਨਸੀਹਤ ਦਿੰਦੇ ਹੋਏ ਤੰਜ ਵੀ ਕੱਸਿਆ । ਸੀਐੱਮ ਮਾਨ ਨੇ ਕਿਹਾ ਦਿੱਲੀ ਅਤੇ ਪੰਜਾਬ ਵਿੱਚ ਵਿੱਚ ਮਾਂ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ ‘ਇੱਕ ਸੀ ਕਾਂਗਰਸ’ ।

ਦਰਅਸਲ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਸਵਾਲ ਪੁੱਛਿਆ ਗਿਆ ਸੀ ਕਿ ਪੰਜਾਬ ਕਾਂਗਰਸ ਦੇ ਆਗੂ ਕਹਿੰਦੇ ਹਨ ਕਿ ਜੇਕਰ ਸੂਬੇ ਵਿੱਚ ਆਪ ਨਾਲ ਸਮਝੌਤਾ ਹੋਇਆ ਤਾਂ ਦਿੱਲੀ ਅਤੇ ਯੂਪੀ ਵਾਂਗ ਪਾਰਟੀ ਖਤਮ ਹੋ ਜਾਵੇਗੀ । ਜਿਸ ਦੇ ਜਵਾਬ ਵਿੱਚ ਸੀਐੱਮ ਨੇ ਕਿਹਾ ਹੁਣ ਕੀ ਬਚਿਆ ਹੈ ? ਫਿਰ ਨਾਲ ਹੀ ਮੁੱਖ ਮੰਤਰੀ ਨੇ INDIA ਗਠਜੋੜ ਦੀ ਜ਼ਰੂਰਤ ਬਾਰੇ ਦੱਸਦੇ ਹੋਏ ਕਿਹਾ ਅਸੀਂ ਦੇਸ਼ ਅਤੇ ਸੰਵਿਧਾਨ ਦੇ ਲਈ ਲੜ ਰਹੇ ਹਾਂ,ਸੰਵਿਧਾਨ ਬਚੇਗਾ ਤਾਂ ਹੀ ਪਾਰਟੀਆਂ ਵੀ ਬਚਣਗੀਆਂ। ਉਨ੍ਹਾਂ ਕਿਹਾ INDIA ਗਠਜੋੜ ਦੀ ਅਗਲੀ ਮੀਟਿੰਗ ਵਿੱਚ ਸੀਟ ਸ਼ੇਅਰਿੰਗ ਨੂੰ ਲੈਕੇ ਗੱਲਬਾਤ ਹੋਵੇਗੀ ।

ਗਠਜੋੜ ਨੂੰ ਲੈਕੇ ਵੰਡੀ ਕਾਂਗਰਸ

ਗਠਜੋੜ ਨੂੰ ਲੈਕੇ ਕਾਂਗਰਸ ਵੀ ਪੂਰੀ ਤਰ੍ਹਾਂ ਨਾਲ ਵੰਡੀ ਹੋਈ ਹੈ, ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ,ਪਰਗਟ ਸਿੰਘ,ਰਾਜਕੁਮਾਰ ਚੱਬੇਵਾਲ,ਭਾਰਤ ਭੂਸ਼ਣ ਆਸ਼ੂ ਵਰਗੇ ਆਗੂ ਸਾਫ-ਸਾਫ ਕਹਿ ਚੁੱਕੇ ਹਨ ਕਿ ਜੇਕਰ ਦਿੱਲੀ ਅਤੇ ਯੂਪੀ ਵਾਂਗ ਪੰਜਾਬ ਵਿੱਚ ਵੀ ਪਾਰਟੀ ਨੂੰ ਖਤਮ ਕਰਨਾ ਹੈ ਤਾਂ ਸਮਝੌਤਾ ਕਰ ਲਿਉ। ਪਰਗਟ ਸਿੰਘ ਤਾਂ ਇੱਥੋਂ ਤੱਕ ਕਹਿ ਚੁੱਕੇ ਹਨ ਲੋਕਸਭਾ ਚੋਣਾਂ ਲੜਨ ਦੇ ਲਈ ਪਾਰਟੀ ਨੂੰ ਇੱਕ ਵੀ ਉਮੀਦਵਾਰ ਨਹੀਂ ਮਿਲੇਗਾ ਜੇਕਰ ਆਪ ਨਾਲ ਪੰਜਾਬ ਵਿੱਚ ਸਮਝੌਤਾ ਹੋਇਆ। ਪਾਰਟੀ ਪ੍ਰਧਾਨ ਰਾਜਾ ਵੜਿੰਗ ਹੁਣ ਤੱਕ ਆਪਣਾ ਮਨ ਨਹੀਂ ਦੱਸ ਰਹੇ ਹਨ ਉਹ ਪਾਰਟੀ ਹਾਈਕਮਾਨ ਦੀ ਲਾਈਨ ‘ਤੇ ਚੱਲ ਰਹੇ ਹਨ। ਉਧਰ ਨਵਜੋਤ ਸਿੰਘ ਸਿੱਧੂ,ਰਵਨੀਤ ਬਿੱਟੂ ਅਤੇ ਗੁਰਜੀਤ ਔਜਲਾ ਆਪ ਨਾਲ ਸਮਝੌਤੇ ਦੇ ਪੱਖ ਵਿੱਚ ਨਜ਼ਰ ਆ ਰਹੇ ਹਨ। ਪਿਛਲੇ ਹਫਤੇ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਕੇ ਨਾਲ ਵੀ ਸਿੱਧੂ,ਵੜਿੰਗ ਅਤੇ ਬਾਜਵਾ ਸਮੇਤ ਪਾਰਟੀ ਦੇ ਆਲਾ ਆਗੂਆਂ ਦੀ ਮੀਟਿੰਗ ਹੋਈ ਸੀ। ਮੀਟਿੰਗ ਤੋਂ ਬਾਅਦ ਵੜਿੰਗ ਨੇ ਹਾਲਾਂਕਿ ਕਿਹਾ ਸੀ ਕਿ ਗਠਜੋੜ ‘ਤੇ ਕੋਈ ਚਰਚਾ ਨਹੀਂ ਹੋਈ ਹੈ । ਪਰ ਖ਼ਬਰਾਂ ਮੁਤਾਬਿਕ ਇਸੇ ਵਿਸ਼ੇ ‘ਤੇ ਹੀ ਚਰਚਾ ਹੋਈ ਹੈ।

Exit mobile version