The Khalas Tv Blog Punjab CM ਮਾਨ ਦੀ ਲੋਕਾਂ ਨੂੰ ਅਪੀਲ, “ਧਮਾਕਾ ਹੋਣ ‘ਤੇ ਪੁਲਿਸ ਜਾਂ ਫੌਜ ਨੂੰ ਦਿਓ ਸੂਚਨਾ”
Punjab

CM ਮਾਨ ਦੀ ਲੋਕਾਂ ਨੂੰ ਅਪੀਲ, “ਧਮਾਕਾ ਹੋਣ ‘ਤੇ ਪੁਲਿਸ ਜਾਂ ਫੌਜ ਨੂੰ ਦਿਓ ਸੂਚਨਾ”

 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਧਦੇ ਤਣਾਅ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਆ ਸੰਬੰਧੀ ਜਾਗਰੂਕਤਾ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਫੌਜ ਦੀ ਸਲਾਹ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਕਿਤੇ ਧਮਾਕਾ ਹੁੰਦਾ ਹੈ ਜਾਂ ਕੋਈ ਸ਼ੱਕੀ ਵਸਤੂ ਜਿਵੇਂ ਮਿਜ਼ਾਈਲ ਜਾਂ ਡਰੋਨ ਦਾ ਹਿੱਸਾ ਮਿਲਦਾ ਹੈ, ਤਾਂ ਤੁਰੰਤ ਪੁਲਿਸ ਜਾਂ ਫੌਜ ਨੂੰ ਸੂਚਿਤ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕੇ ਕਿਹਾ ਕਿ ਲੋਕਾਂ ਨੂੰ ਅਜਿਹੀਆਂ ਥਾਵਾਂ ‘ਤੇ ਭੀੜ ਨਹੀਂ ਇਕੱਠੀ ਕਰਨੀ ਚਾਹੀਦੀ, ਕਿਉਂਕਿ ਮਿਜ਼ਾਈਲ ਜਾਂ ਡਰੋਨ ਦੇ ਕੁਝ ਹਿੱਸੇ ਜ਼ਿੰਦਾ ਹੋ ਸਕਦੇ ਹਨ, ਜੋ ਵੱਡਾ ਨੁਕਸਾਨ ਪਹੁੰਚਾ ਸਕਦੇ ਹਨ।

ਮਾਨ ਨੇ ਕਿਹਾ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਸੁਰੱਖਿਆ ਯੰਤਰ ਅੱਜ ਹੀ ਜਾਰੀ ਕੀਤੇ ਜਾਣਗੇ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਅਫਵਾਹਾਂ ਤੋਂ ਬਚਣ ਅਤੇ ਘਬਰਾਹਟ ਨਾ ਫੈਲਾਉਣ ਦੀ ਅਪੀਲ ਕੀਤੀ। ਫੌਜ ਵੱਲੋਂ ਲਗਾਤਾਰ ਅਪਡੇਟ ਦਿੱਤੇ ਜਾ ਰਹੇ ਹਨ, ਅਤੇ ਸਥਿਤੀ ਕਾਬੂ ਵਿੱਚ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕੋਈ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ, ਤਾਂ ਉਸ ਨੂੰ ਛੂਹਣ ਜਾਂ ਨੇੜੇ ਜਾਣ ਦੀ ਬਜਾਏ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕਰੋ, ਤਾਂ ਜੋ ਉਸ ਨੂੰ ਸੁਰੱਖਿਅਤ ਢੰਗ ਨਾਲ ਡਿਫਿਊਜ਼ ਕੀਤਾ ਜਾ ਸਕੇ।

ਉਨ੍ਹਾਂ ਨੇ ਦੱਸਿਆ ਕਿ ਪਾਕਿਸਤਾਨ ਵੱਲੋਂ ਦਿਨ ਦੇ ਸਮੇਂ ਵੀ ਹਮਲੇ ਕੀਤੇ ਜਾ ਰਹੇ ਹਨ, ਜਦਕਿ ਉਹ ਤਣਾਅ ਘਟਾਉਣ ਦੀਆਂ ਗੱਲਾਂ ਵੀ ਕਰ ਰਹੇ ਹਨ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅੱਜ ਸ਼ਾਮ 4 ਵਜੇ ਸਰਵ ਧਰਮ ਮੀਟਿੰਗ ਅਤੇ 5 ਵਜੇ ਸਾਰੀਆਂ ਪਾਰਟੀਆਂ ਦੀ ਮੀਟਿੰਗ ਬੁਲਾਈ ਗਈ ਹੈ, ਤਾਂ ਜੋ ਫੌਜ ਨੂੰ ਇਹ ਸੁਨੇਹਾ ਦਿੱਤਾ ਜਾ ਸਕੇ ਕਿ ਸਾਰੇ ਧਰਮ ਅਤੇ ਸਿਆਸੀ ਪਾਰਟੀਆਂ ਇਸ ਮੁਸ਼ਕਲ ਸਮੇਂ ਵਿੱਚ ਇਕਜੁੱਟ ਹੋ ਕੇ ਫੌਜ ਦੇ ਨਾਲ ਖੜ੍ਹੇ ਹਨ।

ਮਾਨ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਸਰਹੱਦ ‘ਤੇ ਮੋਹਰੀ ਭੂਮਿਕਾ ਨਿਭਾਈ ਹੈ ਅਤੇ ਅੱਜ ਵੀ ਪੰਜਾਬ ਲੀਡ ਕਰੇਗਾ। ਉਨ੍ਹਾਂ ਨੇ ਐਲਾਨ ਕੀਤਾ ਕਿ ਉਹ ਭਲਕੇ ਉਨ੍ਹਾਂ ਇਲਾਕਿਆਂ ਦਾ ਦੌਰਾ ਕਰਨਗੇ, ਜਿੱਥੇ ਮਿਜ਼ਾਈਲਾਂ ਜਾਂ ਡਰੋਨ ਡਿੱਗੇ ਹਨ। ਉਨ੍ਹਾਂ ਨੇ ਲੋਕਾਂ ਨੂੰ ਰਾਸ਼ਨ ਇਕੱਠਾ ਕਰਨ ਜਾਂ ਘਬਰਾਉਣ ਦੀ ਲੋੜ ਨਹੀਂ ਹੋਣ ਦੀ ਗੱਲ ਕਹੀ, ਕਿਉਂਕਿ ਸਰਕਾਰ ਕੋਲ ਸਾਰੇ ਸਰੋਤ ਮੌਜੂਦ ਹਨ। ਫੌਜ ਦੀਆਂ ਜ਼ਰੂਰਤਾਂ ਜਿਵੇਂ ਸਕੂਲ, ਕਾਲਜ, ਜਾਂ ਐਂਬੂਲੈਂਸ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਮੀਡੀਆ ਨਾਲ ਗੱਲਬਾਤ ਦੌਰਾਨ ਮਾਨ ਨੇ ਦੁਹਰਾਇਆ ਕਿ ਜੇਕਰ ਕੋਈ ਧਮਾਕਾ ਜਾਂ ਸ਼ੱਕੀ ਵਸਤੂ ਮਿਲਦੀ ਹੈ, ਤਾਂ ਲੋਕ ਖੁਦ ਉਸ ਵੱਲ ਨਾ ਜਾਣ, ਸਗੋਂ ਪੁਲਿਸ ਜਾਂ ਫੌਜ ਨੂੰ ਸੂਚਿਤ ਕਰਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸੁਰੱਖਿਆ ਪਹਿਲੀ ਤਰਜੀਹ ਹੈ, ਅਤੇ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ।

Exit mobile version