The Khalas Tv Blog Punjab CM ਮਾਨ ਵੱਲੋਂ ਲੁਧਿਆਣਾ ਵਿੱਚ ਬੁੱਢਾ ਨਾਲੇ ਨੂੰ ਮਿਸ਼ਨ ਤਹਿਤ ਸਾਫ਼ ਕਰਨ ਦਾ ਐਲਾਨ
Punjab

CM ਮਾਨ ਵੱਲੋਂ ਲੁਧਿਆਣਾ ਵਿੱਚ ਬੁੱਢਾ ਨਾਲੇ ਨੂੰ ਮਿਸ਼ਨ ਤਹਿਤ ਸਾਫ਼ ਕਰਨ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਲੁਧਿਆਣਾ ਵਿੱਚ ਬੁੱਢਾ ਨਾਲੇ ਦੀ ਸਫ਼ਾਈ ਤਿੰਨ ਪੜਾਵੀ ਰਣਨੀਤੀ ਬਣਾ ਕੇ ਸ਼ੁਰੂ ਕੀਤੀ ਜਾਵੇਗੀ। ਇੱਥੇ ਵਿਸ਼ਵ ਪ੍ਰਸਿੱਧ ਨੇਬੁਲਾ ਗਰੁੱਪ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਪਾਣੀ ਦੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਸ ਗਰੁੱਪ ਦੀ ਮੁਹਾਰਤ ਦੀ ਸ਼ਲਾਘਾ ਕੀਤੀ।

ਇਸ ਰਣਨੀਤੀ ਤਹਿਤ ਪੰਜਾਬ ਸਰਕਾਰ ਨੇਬੁਲਾ ਓਜ਼ੋਨੇਸ਼ਨ ਤਕਨਾਲੋਜੀ ਨਾਲ ਮਿਲ ਕੇ ਕੈਂਸਰ ਦਾ ਕਾਰਨ ਬਣਨ ਵਾਲੀਆਂ ਅਸ਼ੁੱਧੀਆਂ ਨੂੰ ਸਾਫ਼ ਕਰੇਗੀ। ਇਸ ਤਕਨਾਲੋਜੀ ਜ਼ਰੀਏ ਪਾਣੀ ਦਾ ਟੀਡੀਐੱਸ (ਟੋਟਲ ਡਿਸੋਲਵਡ ਸਾਲਿਡਜ਼) ਪੱਧਰ 100 ਤੋਂ ਥੱਲੇ ਲਿਆ ਕੇ ਇਸ ਨੂੰ ਪੀਣ ਦੇ ਯੋਗ ਬਣਾਉਣਾ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਨੇਬੁਲਾ ਓਜ਼ੋਨੇਸ਼ਨ ਕੋਲ ਪਾਣੀ ਦੀਆਂ ਅਸ਼ੁੱਧੀਆਂ ਅਤੇ ਕੈਂਸਰ ਦਾ ਕਾਰਨ ਬਣਨ ਵਾਲੇ ਤੱਤਾਂ ਦੀ ਸਫ਼ਾਈ ਦੇ ਮਾਮਲੇ ਵਿੱਚ ਨੈਨੋ ਲੈਵਲ ਤਕਨਾਲੋਜੀ ਹੈ। ਤਿੰਨ ਪੜਾਵੀ ਪ੍ਰੋਗਰਾਮ ਦਾ ਉਦੇਸ਼ ਬੁੱਢਾ ਨਾਲੇ ਦੇ ਪਾਣੀ ਦੀ ਗੁਣਵੱਤਾ ਨੂੰ ਸੁਧਾਰਨਾ ਹੈ।

ਉਨ੍ਹਾਂ ਦੱਸਿਆ ਕਿ ਇਸ ਗਰੁੱਪ ਦੀ ਟੀਮ ਨੇ ਪੰਜਾਬ ਜਲ ਸਪਲਾਈ ਤੇ ਸੀਵਰੇਜ ਬੋਰਡ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਅਧਿਕਾਰੀਆਂ ਤੇ ਹੋਰ ਸਬੰਧਿਤ ਧਿਰਾਂ ਨਾਲ ਮਿਲ ਕੇ ਬੁੱਢਾ ਨਾਲੇ ਦਾ ਦੌਰਾ ਵੀ ਕਰ ਲਿਆ ਹੈ।

ਪ੍ਰਾਜੈਕਟ ਦੇ ਪਹਿਲੇ ਪੜਾਅ ਵਿੱਚ ਅਲਟਰਾਸੋਨਿਕ ਵਾਟਰ ਮੀਟਰਿੰਗ ਸਿਸਟਮ ਸਥਾਪਤ ਕਰਨ ਅਤੇ ਸੀਵਰੇਜ ਨੈੱਟਵਰਕ ਦੇ ਅਧਿਐਨ ਲਈ ਸਾਫਟਵੇਅਰ ਦੀ ਮਾਡਲਿੰਗ ਕਰਨਾ ਸ਼ਾਮਲ ਹੈ ਤਾਂ ਕਿ ਪੂਰੇ ਲੁਧਿਆਣਾ ਦੇ ਸੈਂਪਲਿੰਗ ਪੁਆਇੰਟ ਦੀ ਸ਼ਨਾਖ਼ਤ ਕੀਤੀ ਜਾ ਸਕੇ। ਇਸੇ ਤਰ੍ਹਾਂ ਇਸ ਪੜਾਅ ਵਿੱਚ ਲੁਧਿਆਣਾ ਦੀਆਂ ਰੰਗਾਈ ਇਕਾਈਆਂ ਲਈ ਵੱਖ-ਵੱਖ ਪ੍ਰੀ-ਟਰੀਟਮੈਂਟ ਪਲਾਟਾਂ ਦੀ ਸ਼ਨਾਖ਼ਤ ਅਤੇ ਸਥਾਪਨਾ ਉੱਤੇ ਧਿਆਨ ਦਿੱਤਾ ਜਾਵੇਗਾ। ਇਹ 200 ਯੂਨਿਟਾਂ ਪ੍ਰਤੀ ਦਿਨ 95 ਮਿਲੀਅਨ ਲਿਟਰ ਪਾਣੀ ਦੀ ਨਿਕਾਸੀ ਕਰਦੇ ਹਨ।

ਇਸੇ ਤਰ੍ਹਾਂ ਦੂਜੇ ਪੜਾਅ ਵਿੱਚ ਨਿਕਾਸੀ ਰਸਤਿਆਂ ਦੀ ਸ਼ਨਾਖ਼ਤ ਕਰਨ ਅਤੇ ਸੀਵਰੇਜ ਦਾ ਪੱਧਰ ਸੁਧਾਰਨ ਲਈ ਦੂਸ਼ਿਤ ਪਾਣੀ ਨੂੰ ਸੋਧਣ ਲਈ ਛੋਟੇ ਪੱਧਰ ਦੇ ਟਰੀਟਮੈਂਟ ਸਿਸਟਮ ਸਥਾਪਤ ਕਰਨ ਉੱਤੇ ਧਿਆਨ ਦਿੱਤਾ ਜਾਵੇਗਾ। ਤੀਜੇ ਪੜਾਅ ਵਿੱਚ ਬੁੱਢਾ ਨਾਲੇ ਦੀ ਲਾਈਨਿੰਗ ਦੀ ਰੂਪ-ਰੇਖਾ ਤਿਆਰ ਕਰਨ ਅਤੇ ਉਸ ਦੇ ਅਮਲ ਉੱਤੇ ਜ਼ੋਰ ਦਿੱਤਾ ਜਾਵੇਗਾ। ਤੀਜੇ ਪੜਾਅ ਦੇ ਅਮਲ, ਸਾਂਭ-ਸੰਭਾਲ ਅਤੇ ਕਾਰਜਸ਼ੀਲ ਰੱਖਣ ਅਤੇ ਪੂਰੇ ਲੁਧਿਆਣਾ ਵਿੱਚ ਸਥਾਪਤ ਕੀਤੇ ਟਰੀਟਮੈਂਟ ਸਿਸਟਮ ਨੂੰ ਚਾਲੂ ਰੱਖਣ ਲਈ ਨੇਬੁਲਾ ਗਰੁੱਪ ਅਤੇ ਸੂਬਾ ਸਰਕਾਰ ਇਕੱਠੇ ਕੰਮ ਕਰਨਗੇ।

 

Exit mobile version