‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਮੈਂ ਐਲਾਨ ਕਰਦਾ ਹਾਂ ਕਿ ਕਿਸੇ ਇਕ ਵੀ ਬੇਦੋਸ਼ੇ ਬੰਦੇ ਨੂੰ ਇਕ ਘੰਟੇ ਤੋਂ ਵੱਧ ਸਮੇਂ ਲਆ ਕਿਸੇ ਥਾਣੇ ਵਿੱਚ ਨਹੀਂ ਬਿਠਾਇਆ ਜਾਵੇਗਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਵੀ ਸਖਤ ਸਜ਼ਾ ਮਿਲੇਗੀ। ਸੀਐੱਮ ਚੰਨੀ ਚਮਕੌਰ ਸਾਹਿਬ ਵਿਖੇ ਬੇਜ਼ਮੀਨੇ ਅਤੇ ਖੇਤ ਮਜ਼ਦੂਰਾਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਵੰਡਣ ਮੌਕੇ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਲਿਕ ਪੰਜਾਬ ਦੇ ਲੋਕ ਹਨ ਨਾ ਕਿ ਪ੍ਰਸ਼ਾਸਨ ਜਾਂ ਪੁਲਿਸ ਪ੍ਰਸ਼ਾਸਨ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਆਪਣੇ ਪੈਰਾਂ ‘ਤੇ ਖਲੋਣ ਅਤੇ ਕੋਈ ਵੀ ਗਲਤ ਗੱਲ ਜਾਂ ਭ੍ਰਿਸ਼ਟਾਚਾਰ ਬਰਦਾਸ਼ਤ ਨਾ ਕਰਨ। ਚੰਨੀ ਨੇ ਕਿਹਾ ਕਿ ਚਮਕੌਰ ਸਾਹਿਬ ਪੱਛੜਿਆ ਹੋਇਆ ਇਲਾਕਾ ਸੀ ਤੇ ਸਰਕਾਰ ਦੀਆਂ ਨੀਤੀਆਂ ਕਾਰਨ ਅੱਗੇ ਵਿਕਾਸ ਕਰੇਗਾ। ਇਸ ਮੌਕੇ ਉਨ੍ਹਾਂ 25 ਖੇਤ ਮਜਦੂਰਾਂ ਤੇ ਬੇਜਮੀਨੇ ਪਰਿਵਾਰਾਂ ਨੂੰ ਖੁਦ ਸਟੇਜ ਉੱਤੇ ਬੁਲਾ ਕੇ ਤੇ ਬਾਕੀ ਪਰਿਵਾਰਾਂ ਨੂੰ ਸੁਸਾਇਟੀਆਂ ਤੇ ਹੋਰ ਅਧਿਕਾਰੀਆਂ ਦੇ ਮਾਰਫਤ ਕਰਜ਼ਾ ਮਾਫੀ ਦੇ ਸਰਟੀਫਿਕੇਟ ਵੰਡੇ।
ਉਨ੍ਹਾਂ ਕਿਹਾ ਕਿ ਮੈਂ ਪਿਆਸਾ ਹਾਂ, ਤੁਸੀਂ ਖੂਹ ਹੋ। ਅੱਧੀ ਰਾਤ ਨੂੰ ਵੀ ਮਿਲਣ ਆਵੋਗੇ ਤਾਂ ਮੈਂ ਜਰੂਰ ਮਿਲਾਂਗਾ। ਉਨ੍ਹਾਂ ਕਿਹਾ ਕਿ ਕਰਜਾ ਸਾਰਾ ਹੀ ਮਾਫ ਕੀਤਾ ਜਾ ਰਿਹਾ ਹੈ। ਚਮਕੌਰ ਸਾਹਿਬ ਦੇ 7445 ਪਰਿਵਾਰਾਂ ਦਾ 12 ਕਰੋੜ 73 ਲੱਖ ਦਾ ਕਰਜਾ ਮਾਫ ਕੀਤਾ ਹੈ। ਪੰਜਾਬ ਵਿਚ 2 ਲੱਖ 85 ਹਜਾਰ ਪਰਿਵਾਰਾਂ ਦਾ 520 ਕਰੋੜ ਕਰਜਾ ਮਾਫ ਕੀਤਾ ਹੈ।
ਉਨ੍ਹਾਂ ਕਿਹਾ ਲਾਲ ਲਕੀਰਾਂ ਦੇ ਅੰਦਰਲੇ ਝਗੜੇ ਹੱਲ ਕੀਤੇ ਜਾਣਗੇ ਤੇ ਸਰਕਾਰ ਡਰੋਨ ਸਿਸਟਮ ਰਾਹੀਂ ਇਹ ਕਾਰਜ ਸ਼ੁਰੂ ਕਰ ਰਹੀ ਹੈ। ਪਿੰਡਾ ਦੇ ਅੰਦਰ ਬਾਹਰ ਨਕਸ਼ੇ ਬਣਾਏ ਜਾ ਰਹੇ ਹਨ। ਸਰਕਾਰੀ ਜਮੀਨ ਉੱਤੇ ਕਈ ਸਾਲਾਂ ਤੋਂ ਘਰ ਬਣਾ ਕੇ ਬੈਠੇ ਲੋਕਾਂ ਨੂੰ ਮਾਲਕੀ ਦਾ ਹੱਕ ਦਿੱਤਾ ਜਾ ਰਿਹਾ ਹੈ। ਚੰਨੀ ਨੇ ਕਿਹਾ ਕਿ ਸਹੀ ਭਾਵਨਾ ਨਾਲ ਸਾਰੇ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਤਰੱਕੀ ਦੇ ਸਾਰੇ ਕਾਰਜ ਸਰਕਾਰ ਕਰ ਰਹੀ ਹੈ। ਕਜੌਲੀ ਤੋਂ ਮਰਿੰਡੇ ਲਈ ਪਾਣੀ ਮੁਹੱਈਆ ਕਰਵਾਇਆ ਜਾਵੇਗਾ।