The Khalas Tv Blog Punjab DM ਰੰਧਾਵਾ ਮਾਮਲਾ: CM ਮਾਨ ਨੇ CBI ਜਾਂਚ ਤੋਂ ਕੀਤਾ ਸਾਫ਼ ਇਨਕਾਰ
Punjab

DM ਰੰਧਾਵਾ ਮਾਮਲਾ: CM ਮਾਨ ਨੇ CBI ਜਾਂਚ ਤੋਂ ਕੀਤਾ ਸਾਫ਼ ਇਨਕਾਰ

ਚੰਡੀਗੜ੍ਹ (24 ਮਾਰਚ, 2026): ਅੰਮ੍ਰਿਤਸਰ ਵਿੱਚ ਵੇਅਰਹਾਊਸ ਦੇ ਡੀਐਮ (DM) ਗਗਨਦੀਪ ਸਿੰਘ ਰੰਧਾਵਾ ਦੀ ਖ਼ੁਦਕੁਸ਼ੀ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪੱਖ ਸਪੱਸ਼ਟ ਕੀਤਾ ਹੈ। ਸੀਐਮ ਮਾਨ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਤੋਂ ਸਾਫ਼ ਇਨਕਾਰ ਕਰਦਿਆਂ ਕਿਹਾ ਕਿ ਸਰਕਾਰ ਪਹਿਲਾਂ ਹੀ ਸਖ਼ਤ ਕਾਰਵਾਈ ਕਰ ਚੁੱਕੀ ਹੈ।

ਵਿਰੋਧੀਆਂ ਨੂੰ ਪੁਰਾਣੇ ਕੇਸ ਕੀਤੇ ਯਾਦ

ਮੁੱਖ ਮੰਤਰੀ ਨੇ ਵਿਰੋਧੀਆਂ ’ਤੇ ਹਮਲਾ ਕਰਦਿਆਂ ਕਿਹਾ ਕਿ ਪਹਿਲਾਂ ਵੀ ਕਈ ਲੋਕਾਂ ਨੇ ਵੱਡੇ ਆਗੂਆਂ ਦੇ ਨਾਂ ਲੈ ਕੇ ਖ਼ੁਦਕੁਸ਼ੀਆਂ ਕੀਤੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਇੱਕ ਵਿਅਕਤੀ ਅਮਿਤ ਸ਼ਾਹ ਦਾ ਨਾਂ ਲੈ ਕੇ ਮਰਿਆ ਸੀ, ਉਦੋਂ ਕਿਸ ਨੇ ਅਸਤੀਫ਼ਾ ਦਿੱਤਾ ਜਾਂ ਕਿਸ ਦੀ ਗ੍ਰਿਫ਼ਤਾਰੀ ਹੋਈ? 

ਉਨ੍ਹਾਂ ਨੇ ਰਾਜਾ ਵੜਿੰਗ, ਕੈਪਟਨ ਅਮਰਿੰਦਰ ਸਿੰਘ ਅਤੇ ਭਰਤਇੰਦਰ ਚਾਹਲ ਦੇ ਨਾਂ ਲੈ ਕੇ ਹੋਈਆਂ ਖ਼ੁਦਕੁਸ਼ੀਆਂ ਦਾ ਵੀ ਜ਼ਿਕਰ ਕੀਤਾ ਅਤੇ ਪੁੱਛਿਆ ਕਿ ਉਦੋਂ ਸੀਬੀਆਈ ਜਾਂਚ ਕਿਉਂ ਨਹੀਂ ਹੋਈ?

ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਿੱਚ ਕੋਈ ਵੀ ਕਾਨੂੰਨ ਤੋਂ ਉੱਪਰ ਨਹੀਂ ਹੈ। ਉਨ੍ਹਾਂ ਕਿਹਾ, “ਸਾਡੇ ਲਈ ਮੰਤਰੀ ਹੋਵੇ ਜਾਂ ਸੰਤਰੀ, ਸਭ ਇੱਕ ਸਮਾਨ ਹਨ। ਅਸੀਂ ਮੰਤਰੀ ਦਾ ਅਸਤੀਫ਼ਾ ਲੈ ਲਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ। ਚੀਫ਼ ਸੈਕਟਰੀ ਪੱਧਰ ਦੀ ਕਮੇਟੀ ਜਾਂਚ ਕਰ ਰਹੀ ਹੈ ਅਤੇ ਕਾਨੂੰਨ ਮੁਤਾਬਕ ਹੀ ਕਾਰਵਾਈ ਹੋਵੇਗੀ।”

ਚੌਥੇ ਦਿਨ ਹੋਇਆ ਪੋਸਟਮਾਰਟਮ

ਇਸ ਦੌਰਾਨ, ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਅੱਜ ਚੌਥੇ ਦਿਨ ਡੀਐਮ ਰੰਧਾਵਾ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਇਹ ਸਾਰੀ ਪ੍ਰਕਿਰਿਆ ਐਗਜ਼ੀਕਿਊਟਿਵ ਮੈਜਿਸਟ੍ਰੇਟ ਦੀ ਨਿਗਰਾਨੀ ਹੇਠ ਹੋਈ ਅਤੇ ਇਸ ਦੀ ਵੀਡੀਓਗ੍ਰਾਫ਼ੀ ਵੀ ਕਰਵਾਈ ਗਈ। ਅੱਜ ਦੁਪਹਿਰ ਬਾਅਦ ਹੀ ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਪੁਲਿਸ ਅੱਜ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਕਰੇਗੀ।

 

Exit mobile version