The Khalas Tv Blog Punjab CM ਮਾਨ ਨੇ MLAs ਦੀ ਲਗਾਈ ਚੰਗੀ ‘ਕਲਾਸ’ !
Punjab

CM ਮਾਨ ਨੇ MLAs ਦੀ ਲਗਾਈ ਚੰਗੀ ‘ਕਲਾਸ’ !

ਮੁੱਖ ਮੰਤਰੀ ਨੇ ਵਿਧਾਇਕਾਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਜਨਤਾ ਦੇ ਮੁੱਦਿਆਂ ਨੂੰ ਚੁੱਕਣ ਦਾ ਤਰੀਕਾ ਦੱਸਿਆ

‘ਦ ਖ਼ਾਲਸ ਬਿਊਰੋ : ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿਧਾਇਕਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀ ਚੰਗੀ ਕਲਾਸ ਲਗਾਈ। ਸੀਐੱਮ ਨੇ ਵਿਧਾਇਕਾਂ ਨੂੰ ਕਿਹਾ ਕਿ ਉਹ ਜਨਤਾ ਦੇ ਮੁੱਦੇ ਚੁੱਕਣ ਲਈ ਅਧਿਕਾਰੀਆਂ ਕੋਲ ਜਾਣ ਪਰ ਉਨ੍ਹਾਂ ਦਾ ਵਤੀਰਾ ਠੀਕ ਹੋਣਾ ਚਾਹੀਦਾ ਹੈ। ਭਗਵੰਤ ਮਾਨ ਨੇ ਵਿਧਾਇਕਾਂ ਨੂੰ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਉਹ ਰੇਡ ਦੌਰਾਨ ਗੁੱਸੇ ਤੋਂ ਬਚਣ ਅਤੇ ਸਰਕਾਰੀ ਅਧਿਕਾਰੀਆਂ ਅਤੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨਾਲ ਨਰਮੀ ਨਾਲ ਪੇਸ਼ ਆਉਣ, ਉਨ੍ਹਾਂ ਕਿਹਾ ਕਈ ਵਾਰ ਗੁੱਸੇ ਵਿੱਚ ਵਿਧਾਇਕ ਅਜਿਹੀ ਚੀਜ਼ਾ ਕਰ ਦਿੰਦੇ ਹਨ ਜਿਸ ਨਾਲ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਦੀ ਵਿਧਾਇਕਾਂ ਨੂੰ ਇਹ ਚੇਤਾਵਨੀ ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵੀਸੀ ਡਾਕਟਰ ਰਾਜ ਬਹਾਦੁਰ ਨਾਲ ਸਿਹਤ ਮੰਤਰੀ ਵੱਲੋਂ ਕੀਤੇ ਗਏ ਵਤੀਰੇ ਤੋਂ ਬਾਅਦ ਆਈ ਹੈ ਜਿਸ ਦੀ ਵਿਰੋਧੀ ਧਿਰਾਂ ਦੇ ਨਾਲ ਸਰਕਾਰ ਦੇ ਮੰਤਰੀਆਂ ਨੇ ਵੀ ਨਿਖੇਧੀ ਕੀਤੀ ਸੀ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਮੁਆਫੀ ਤੋਂ ਬਾਅਦ ਵੀ ਖ਼ਬਰਾ ਆ ਰਹੀਆਂ ਹਨ। ਡਾਕਟਰ ਰਾਜ ਬਹਾਦੁਰ ਨੇ ਆਪਣੀ ਸੁਰੱਖਿਆ ਵਾਪਸ ਕਰ ਦਿੱਤੀ ਹੈ ਅਤੇ ਵੀਸੀ ਦੇ ਅਹੁਦੇ ਤੋਂ ਆਪਣਾ ਅਸਤੀਫ਼ਾ ਵੀ ਹੁਣ ਤੱਕ ਵਾਪਸ ਨਹੀਂ ਲਿਆ ਹੈ, ਡਾਕਟਰ ਰਾਜ ਬਹਾਦੁਰ ਦੇ ਅਸਤੀਫ਼ੇ ਤੋਂ ਬਾਅਦ ਸੂਬੇ ਦੇ ਕਈ ਸੀਨੀਅਰ ਡਾਕਟਰਾਂ ਵੱਲੋਂ ਵੀ ਅਸਤੀਫ਼ਾ ਦਿੱਤਾ ਗਿਆ ਸੀ।

ਮੁੱਖ ਮੰਤਰੀ ਮਾਨ ਨੇ ਵਿਧਾਇਕਾਂ ਤੋਂ ਸੁਝਾਅ ਮੰਗੇ

ਮਾਨ ਨੇ ਵਿਧਾਇਕਾਂ ਨੂੰ ਕਿਹਾ ਹੈ ਕਿ ਕਾਰਜ ਪਾਲਿਕਾ ਅਤੇ ਵਿਧਾਨ ਪਾਲਿਕਾ ਦੋਵੇਂ ਲੋਕਤੰਤਰ ਦੇ ਮਹੱਤਵਪੂਰਨ ਥੰਮ੍ਹ ਹਨ ਅਤੇ ਰਾਜ ਦੀ ਤਰੱਕੀ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਲਈ ਦੋਵਾਂ ਵਿੱਚਾਲੇ ਸੰਤੁਲਨ ਦੀ ਜ਼ਰੂਰਤ ਹੈ। ਹਾਲਾਂਕਿ MLA ਦੀ ਮੀਟਿੰਗ ਵਿੱਚ ਕੋਈ ਵੀ ਮੰਤਰੀ ਮੌਜੂਦ ਨਹੀਂ ਸੀ, ਮਾਨ ਨੇ ਖੁਦ ਵਿਧਾਇਕਾਂ ਤੋਂ ਚੰਗੇ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਸੁਝਾਅ ਵੀ ਮੰਗੇ,ਸੂਤਰਾਂ ਮੁਤਾਬਿਕ ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਤਿੰਨ ਪ੍ਰੋਜੈਕਟਾਂ ਦੀ ਸੂਚੀ ਦੇਣ ਲਈ ਵੀ ਕਿਹਾ ਜੋ ਉਹ ਆਪਣੇ ਹਲਕਿਆਂ ਵਿੱਚ ਪਹਿਲਾਂ ਹੀ ਚੱਲ ਰਹੇ ਵਿਕਾਸ ਕਾਰਜਾਂ ਤੋਂ ਇਲਾਵਾ ਸ਼ੁਰੂ ਕਰਨਾ ਚਾਹੁੰਦੇ ਹਨ। ਉਨ੍ਹਾਂ ਸੂਬਾ ਸਰਕਾਰ ਦੀਆਂ ਲੋਕ ਪੱਖੀ ਅਤੇ ਵਿਕਾਸ ਪੱਖੀ ਸਕੀਮਾਂ ਦਾ ਲਾਭ ਸਮਾਜ ਦੇ ਹੇਠਲੇ ਪੱਧਰ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ।

Exit mobile version