ਬਿਊਰੋ ਰਿਪੋਰਟ (ਚੰਡੀਗੜ੍ਹ, 19 ਸਤੰਬਰ 2024): ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਦੇ ਥਾਚ ਪਿੰਡ ’ਚ ਵੀਰਵਾਰ ਦੇਰ ਰਾਤ ਬੱਦਲ ਫਟਣ ਨਾਲ ਵੱਡੀ ਤਬਾਹੀ ਹੋਈ। ਹੜ੍ਹ ਵਿੱਚ ਦੋ ਗੱਡੀਆਂ ਵਹਿ ਗਈਆਂ। ਲੋਕ ਰਾਤੋ-ਰਾਤ ਘਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚੇ।
ਉੱਧਰ ਸ਼ਿਮਲਾ ਦੇ ਐਡਵਰਡ ਸਕੂਲ ਨੇੜੇ ਵੀ ਰਾਤ ਸਮੇਂ ਜ਼ਮੀਨ ਖਿਸਕ ਗਈ। ਸ਼ਹਿਰ ਦੀ ਲਾਈਫਲਾਈਨ ਮੰਨੀ ਜਾਣ ਵਾਲੀ ਸਰਕੁਲਰ ਰੋਡ ਬੰਦ ਹੋ ਗਈ। ਐਡਵਰਡ ਸਕੂਲ ਨੂੰ ਦੋ ਦਿਨਾਂ ਲਈ ਬੰਦ ਕੀਤਾ ਗਿਆ। ਕੁਮਾਰਸੈਨ ਦੇ ਕਰੇਵਥੀ ’ਚ ਤਿੰਨ ਮੰਜ਼ਲਾ ਮਕਾਨ ਧਸ ਗਿਆ। ਹੁਣ ਤੱਕ ਹੜ੍ਹ ਤੇ ਬਾਰਿਸ਼ ਨਾਲ ਸੂਬੇ ਵਿੱਚ 424 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਨੰਦਨਗਰ ਵਿੱਚ ਬੱਦਲ ਫਟਣ ਨਾਲ ਕਰੀਬ 35 ਮਕਾਨ ਤਬਾਹ ਹੋਏ, 20 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ ਤੇ 14 ਲੋਕ ਲਾਪਤਾ ਹਨ। ਕਰੀਬ 200 ਲੋਕ ਪ੍ਰਭਾਵਿਤ ਹੋਏ ਹਨ ਅਤੇ 10 ਲੋਕ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ।
ਦੇਹਰਾਦੂਨ-ਮਸੂਰੀ ਰੋਡ ਅਜੇ ਵੀ ਖ਼ਰਾਬ ਹੈ ਪਰ ਮਸੂਰੀ ਵਿੱਚ ਮੌਜੂਦ ਕਰੀਬ 2 ਹਜ਼ਾਰ ਟੂਰਿਸਟ ਸੁਰੱਖਿਅਤ ਹਨ। ਉੱਤਰ ਪ੍ਰਦੇਸ਼ ਦੇ ਸੋਨਭਦਰ ਵਿੱਚ ਰਿਹੰਦ ਬੰਨ੍ਹ ਪੰਜਵੀਂ ਵਾਰ ਓਵਰਫਲੋ ਹੋਇਆ। ਕੌਸ਼ਾਂਬੀ ਵਿੱਚ ਬਿਜਲੀ ਡਿਗਣ ਨਾਲ 2 ਔਰਤਾਂ ਦੀ ਮੌਤ ਹੋ ਗਈ।
ਮੱਧ ਪ੍ਰਦੇਸ਼ ਵਿੱਚ ਇਸ ਮਾਨਸੂਨ ਸੀਜ਼ਨ ਦੌਰਾਨ ਔਸਤ 1097.28 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ, ਜੋ ਸਧਾਰਣ ਤੋਂ 187.96 ਮਿਲੀਮੀਟਰ ਵੱਧ ਹੈ। ਗੁਣਾ ਵਿੱਚ ਸਭ ਤੋਂ ਵੱਧ 1651 ਮਿਲੀਮੀਟਰ ਅਤੇ ਖਰਗੋਨ ਵਿੱਚ ਸਭ ਤੋਂ ਘੱਟ 665.48 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ।