The Khalas Tv Blog India ਫਿਰ ਫਟਿਆ ਬੱਦਲ! ਮੰਦਰਾਂ, ਦੁਕਾਨਾਂ ਤੇ ਘਰਾਂ ’ਚ ਵੜਿਆ ਗਾਰਾ, 8 ਦੀ ਮੌਤ, ਸੜਕਾਂ ਗਾਇਬ
India

ਫਿਰ ਫਟਿਆ ਬੱਦਲ! ਮੰਦਰਾਂ, ਦੁਕਾਨਾਂ ਤੇ ਘਰਾਂ ’ਚ ਵੜਿਆ ਗਾਰਾ, 8 ਦੀ ਮੌਤ, ਸੜਕਾਂ ਗਾਇਬ

ਬਿਊਰੋ ਰਿਪੋਰਟ (16 ਸਤੰਬਰ 2025): ਉੱਤਰਾਖੰਡ ਦੇ ਦੇਹਰਾਦੂਨ ਵਿੱਚ ਮੰਗਲਵਾਰ ਸਵੇਰੇ 5 ਵਜੇ ਬੱਦਲ ਫਟਣ ਦੀ ਘਟਨਾ ਕਾਰਨ ਤਮਸਾ, ਕਾਰਲੀਗਾੜ, ਟੋਂਸ ਅਤੇ ਸਹਸਤਰਧਾਰਾ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਇਕਦਮ ਵਧ ਗਿਆ। ਸਹਸਤਰਧਾਰਾ ਸਮੇਤ ਤਪੋਵਨ, ਆਈ.ਟੀ. ਪਾਰਕ, ਘੰਗੌਰਾ ਅਤੇ ਘੜੀ ਕੈਂਟ ਇਲਾਕਿਆਂ ਵਿੱਚ ਪਾਣੀ ਘਰਾਂ ਤੇ ਸੜਕਾਂ ਵਿੱਚ ਦਾਖ਼ਲ ਹੋ ਗਿਆ। ਕਈ ਸੜਕਾਂ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਈਆਂ।

ਵਿਕਾਸਨਗਰ ਵਿੱਚ ਟੋਂਸ ਦਰਿਆ ਵਿੱਚ ਪਾਣੀ ਦਾ ਵਹਾਅ ਅਚਾਨਕ ਤੇਜ਼ ਹੋ ਗਿਆ, ਜਿਸ ਦੌਰਾਨ ਮਜ਼ਦੂਰਾਂ ਨਾਲ ਭਰੀ ਇੱਕ ਟਰੈਕਟਰ-ਟਰਾਲ਼ੀ ਦਰਿਆ ਵਿੱਚ ਵਹਿ ਗਈ। ਇਸ ਹਾਦਸੇ ਵਿੱਚ 8 ਲੋਕਾਂ ਦੀ ਮੌਤ ਹੋਣ ਅਤੇ 4 ਦੇ ਲਾਪਤਾ ਹੋਣ ਦੀ ਖ਼ਬਰ ਹੈ।

ਤਮਸਾ ਦਰਿਆ ਦੇ ਕਿਨਾਰੇ ਸਥਿਤ ਟਪਕੇਸ਼ਵਰ ਮਹਾਦੇਵ ਮੰਦਰ ਵਿੱਚ ਪਾਣੀ ਦਾਖ਼ਲ ਹੋ ਗਿਆ ਅਤੇ ਇੱਥੇ ਬਣੀਆਂ ਕਈ ਦੁਕਾਨਾਂ ਵਹਿ ਗਈਆਂ। ਦੋ ਲੋਕ ਲਾਪਤਾ ਹਨ। ਸਹਸਤਰਧਾਰਾ ਵਿੱਚ SDRF, NDRF ਅਤੇ ਸਥਾਨਕ ਪ੍ਰਸ਼ਾਸਨ ਨੇ 5 ਲੋਕਾਂ ਨੂੰ ਬਚਾਇਆ। ਰਾਹਤ ਅਤੇ ਬਚਾਅ ਕਾਰਜ ਜ਼ੋਰਾਂ ’ਤੇ ਜਾਰੀ ਹਨ।

ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਵੀ ਮੰਗਲਵਾਰ ਨੂੰ ਲੈਂਡਸਲਾਈਡ ਦੀ ਵੱਡੀ ਘਟਨਾ ਸਾਹਮਣੇ ਆਈ। ਧਰਮਪੁਰ ਖੇਤਰ ਵਿੱਚ ਇੱਕ ਮਕਾਨ ਢਹਿ ਗਿਆ ਜਿਸ ’ਚ ਇੱਕੋ ਪਰਿਵਾਰ ਦੇ 5 ਲੋਕ ਮਲਬੇ ਹੇਠਾਂ ਦੱਬ ਗਏ। ਇਨ੍ਹਾਂ ਵਿੱਚੋਂ 3 ਦੀ ਮੌਤ ਹੋ ਗਈ ਜਦੋਂ ਕਿ 2 ਨੂੰ ਸੁਰੱਖਿਅਤ ਬਚਾ ਲਿਆ ਗਿਆ।

ਮੰਡੀ ਦੇ ਦਰੰਗ ਖੇਤਰ ਵਿੱਚ ਮੰਗਲਵਾਰ ਸਵੇਰੇ ਮੰਦਰ ਜਾ ਰਹੇ ਦੋ ਲੋਕ ਸੁਮਾ ਖੱਡ ਦੇ ਤੇਜ਼ ਭਾਵ ਵਿੱਚ ਵਹਿ ਗਏ। ਇਨ੍ਹਾਂ ਵਿੱਚੋਂ ਇੱਕ ਦਾ ਸਰੀਰ ਮਿਲ ਗਿਆ ਹੈ ਜਦਕਿ ਦੂਜੇ ਦੀ ਤਲਾਸ਼ ਜਾਰੀ ਹੈ। ਧਰਮਪੁਰ ਬੱਸ ਅੱਡੇ ਵਿੱਚ ਵੀ ਭਾਰੀ ਬਾਰਿਸ਼ ਤੋਂ ਬਾਅਦ ਮਲਬਾ ਭਰ ਗਿਆ ਅਤੇ ਕਈ ਬੱਸਾਂ ਵਹਿ ਗਈਆਂ।

ਦੂਜੇ ਪਾਸੇ ਸੋਮਵਾਰ ਨੂੰ ਮਹਾਰਾਸ਼ਟਰ ਦੇ ਮੁੰਬਈ ਵਿੱਚ ਵੀ ਭਾਰੀ ਬਾਰਿਸ਼ ਨਾਲ ਰੇਲਵੇ ਟਰੈਕ, ਸਬਵੇਅ ਅਤੇ ਸੜਕਾਂ ’ਤੇ ਪਾਣੀ ਭਰ ਗਿਆ। ਬੀਡ ਜ਼ਿਲ੍ਹੇ ਵਿੱਚ ਫਸੇ 11 ਪਿੰਡ ਵਾਸੀਆਂ ਨੂੰ ਹਵਾਈ ਸੈਨਾ ਨੇ ਏਅਰਲਿਫਟ ਕਰਕੇ ਬਚਾਇਆ ਗਿਆ।

Exit mobile version