‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਵਿਖੇ ਹੋਲਾ ਮਹੱਲਾ ਮਨਾ ਰਹੇ ਸਿੱਖ ਸ਼ਰਧਾਲੂਆਂ ਦੀ ਪੁਲਿਸ ਨਾਲ ਝੜਪ ਹੋ ਗਈ, ਜਿਸ ‘ਚ ਚਾਰ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਹਨ। ਹਰ ਸਾਲ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ, ਨਾਂਦੇੜ ਤੋਂ ਹੋਲਾ-ਮਹੱਲਾ ਮੌਕੇ ਇੱਕ ‘ਹੱਲਾ ਬੋਲ’ ਨਾਂ ਦੀ ਇੱਕ ਯਾਤਰਾ ਨਿਕਲਦੀ ਹੈ। ਇਸ ਸਾਲ ਕਰੋਨਾਵਾਇਰਸ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਇਸ ਯਾਤਰਾ ਨੂੰ ਕੱਢਣ ਦੀ ਆਗਿਆ ਨਹੀਂ ਦਿੱਤੀ, ਜਿਸ ਤੋਂ ਬਾਅਦ ਸਿੱਖ ਸ਼ਰਧਾਲੂਆਂ ਅਤੇ ਪੁਲਿਸ ਵਿਚਾਲੇ ਝੜਪ ਹੋ ਗਈ।
ਨਾਂਦੇੜ ਦੇ ਐੱਸਪੀ ਪ੍ਰਮੋਦ ਕੁਮਾਰ ਸ਼ਿਵਾਲੇ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ, “ਸਿੱਖ ਸ਼ਰਧਾਲੂ ਹੋਲਾ ਮਹੱਲਾ ਮੌਕੇ ‘ਹੱਲਾ ਬੋਲ’ ਦੀ ਸਾਲਾਨਾ ਯਾਤਰਾ ਕੱਢਣਾ ਚਾਹੁੰਦੇ ਸਨ। ਕਰੋਨਾਵਾਇਰਸ ਕਾਰਨ ਪ੍ਰਸ਼ਾਸਨ ਨੇ ਇਸ ਯਾਤਰਾ ਦੀ ਇਜਾਜ਼ਤ ਨਹੀਂ ਦਿੱਤੀ ਸੀ। ਸਿੱਖ ਸ਼ਰਧਾਲੂਆਂ ਵੱਲੋਂ ਯਾਤਰਾ ਕੱਢਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਇਹ ਝੜਪ ਹੋਈ।”
ਸ਼ਿਵਾਲੇ ਨੇ ਕਿਹਾ ਕਿ , ” ਸਿੱਖ ਸੰਗਤ ਵੱਲੋਂ ਜ਼ਿਆਦਾ ਜ਼ੋਰ ਦੇਣ ‘ਤੇ ਇਹ ਤੈਅ ਹੋਇਆ ਸੀ ਕਿ ਯਾਤਰਾ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਕੱਢਿਆ ਜਾਵੇਗਾ। ਫਿਰ ਇਨ੍ਹਾਂ ਦੇ ਗਰੁੱਪਾਂ ਵਿੱਚ ਹੀ ਆਪਸੀ ਮਤਭੇਦ ਹੋ ਗਏ। ਉਨ੍ਹਾਂ ਨੇ ਗੇਟ ਤੋੜ ਕੇ ਹਮਲਾ ਕਰ ਦਿੱਤਾ। ਇਸ ਦੌਰਾਨ ਚਾਰ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ ਹਨ। ਸਰਕਾਰੀ ਤੇ ਨਿੱਜੀ ਜਾਇਦਾਦ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅਸੀਂ ਮਾਮਲੇ ਦੀ ਜਾਂਚ ਕਰਕੇ ਮਾਮਲਾ ਦਰਜ ਕਰਾਂਗੇ।”
ਹਜ਼ੂਰ ਸਾਹਿਬ ਬੋਰਡ ਦੇ ਮੈਂਬਰ ਗੁਰਮੀਤ ਸਿੰਘ ਮਹਾਜਨ ਨੇ ਇਸ ਘਟਨਾ ਬਾਰੇ ਬੋਲਦਿਆਂ ਕਿਹਾ ਕਿ, ” ਗੁਰਦੁਆਰਾ ਸਾਹਿਬ ਦੇ ਚਾਰੇ ਗੇਟ ਬੰਦ ਸਨ, ਸੰਗਤ ਵਿੱਚ ਕੁੱਝ ਨੌਜਵਾਨਾਂ ਦਾ ਰੋਸ ਸੀ ਕਿ ਮਰਿਆਦਾ ਦੇ ਹਿਸਾਬ ਨਾਲ ਯਾਤਰਾ ਨਿਕਲਣੀ ਚਾਹੀਦੀ ਹੈ। ਇਸ ਤੋਂ ਬਾਅਦ ਮਾਹੌਲ ਵਿੱਚ ਗੜਬੜੀ ਹੋਈ। ਕਮੇਟੀ ਵੱਲੋਂ ਸੰਗਤ ਨੂੰ ਅਪੀਲ ਕੀਤੀ ਗਈ ਸੀ ਕਿ ਇਹ ਯਾਤਰਾ ਅੰਦਰ ਹੀ ਹੋਣੀ ਚਾਹੀਦੀ ਹੈ, ਬਾਹਰ ਨਹੀਂ ਜਾਣਾ ਚਾਹੀਦਾ। ਜਿਵੇਂ ਸ਼੍ਰੀ ਆਨੰਦਪੁਰ ਸਾਹਿਬ ਵਿੱਚ ਹੁੰਦਾ ਹੈ, ਉਸੇ ਤਰ੍ਹਾਂ ਹੀ ਇਹ ਹੋਲਾ ਮਹੱਲਾ ਕੱਢਿਆ ਜਾਂਦਾ ਹੈ। ਫਿਲਹਾਲ ਮਾਹੌਲ ਸ਼ਾਂਤ ਹੈ।”