ਬਿਉਰੋ ਰਿਪੋਰਟ – ਫਿਲਮ ‘ਜਾਟ’ ਤੋਂ ਵਿਵਾਦਪੂਰਨ ਚਰਚ ਦਾ ਸੀਨ ਹਟਾ ਦਿੱਤਾ ਗਿਆ। ਇਹ ਫੈਸਲਾ ਜਲੰਧਰ ਵਿੱਚ FIR ਤੋਂ ਬਾਅਦ ਲਿਆ ਗਿਆ ਹੈ। ਇੱਕ ਦਿਨ ਪਹਿਲਾਂ ਈਸਾਈ ਭਾਈਚਾਰੇ ਦੇ ਅਲਟੀਮੇਟਮ ਮਗਰੋਂ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਅਤੇ ਰਣਦੀਪ ਹੁੱਡਾ ਸਮੇਤ 5 ਲੋਕਾਂ ਖਿਲਾਫ FIR ਦਰਜ ਕੀਤੀ ਗਈ ਸੀ। ਈਸਾਈ ਭਾਈਚਾਰੇ ਨੇ ਇਲਜ਼ਾਮ ਲਗਾਇਆ ਕਿ ਫਿਲਮ ‘ਜਾਟ’ ਵਿੱਚ ਚਰਚ ਦੇ ਸੀਨ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਇਸਾਈ ਭਾਈਚਾਰੇ ਨੇ ਫਿਲਮ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਵਿਰੋਧ ਪ੍ਰਦਰਸ਼ਨ ਤੋਂ ਬਾਅਦ ਜਲੰਧਰ ਦੇ ਸਦਰ ਪੁਲਿਸ ਸਟੇਸ਼ਨ ਵਿੱਚ ਸੰਨੀ ਦਿਓਲ, ਰਣਦੀਪ ਹੁੱਡਾ, ਵਿਨੀਤ ਕੁਮਾਰ, ਨਿਰਦੇਸ਼ਕ ਗੋਪੀ ਚੰਦ ਅਤੇ ਨਿਰਮਾਤਾ ਨਵੀਨ ਮਾਲੀਨੇਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਜਾਟ ਫਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਈ ਸੀ ।
ਈਸਾਈ ਭਾਈਚਾਰੇ ਦੇ ਆਗੂ ਵਿਕਾਸ ਗੋਲਡੀ ਨੇ 15 ਅਪ੍ਰੈਲ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਉਨ੍ਹਾਂ ਕਿਹਾ ਸੀ- ਜਾਟ ਫਿਲਮ ਵਿੱਚ ਰਣਦੀਪ ਹੁੱਡਾ ਨੇ ਸਾਡੇ ਯੀਸ਼ੂ ਮਸੀਹ ਅਤੇ ਸਾਡੇ ਧਰਮ ਵਿੱਚ ਵਰਤੀਆਂ ਜਾਂਦੀਆਂ ਪਵਿੱਤਰ ਚੀਜ਼ਾਂ ਦਾ ਨਿਰਾਦਰ ਕੀਤਾ ਹੈ। ਰਣਦੀਪ ਹੁੱਡਾ ਚਰਚ ਦੇ ਅੰਦਰ ਪ੍ਰਭੂ ਯੀਸੂ ਮਸੀਹ ਵਾਂਗ ਖੜ੍ਹਾ ਸੀ ।
ਉਨ੍ਹਾਂ ਕਿਹਾ ਕਿ ਫਿਲਮ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਤੁਹਾਡਾ ਪ੍ਰਭੂ ਯੀਸੂ ਮਸੀਹ ਸੌਂ ਰਿਹਾ ਹੈ ਅਤੇ ਉਸ ਨੇ ਮੈਨੂੰ ਭੇਜਿਆ ਹੈ ।
ਈਸਾਈ ਭਾਈਚਾਰੇ ਦੇ ਆਗੂਆਂ ਨੇ ਪੁਲਿਸ ਅਧਿਕਾਰੀਆਂ ਨੂੰ FIR ਦਰਜ ਕਰਨ ਲਈ 2 ਦਿਨਾਂ ਦਾ ਸਮਾਂ ਦਿੱਤਾ ਸੀ। ਉਨ੍ਹਾਂ ਨੇ ਕੇਸ ਦਰਜ ਨਾ ਹੋਣ ‘ਤੇ ਵੱਡੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਸੀ। ਹੁਣ 2 ਦਿਨਾਂ ਦੇ ਅੰਦਰ, ਪੁਲਿਸ ਨੇ ਵੀਰਵਾਰ ਨੂੰ ਐਫਆਈਆਰ ਦਰਜ ਕਰ ਲਈ।