The Khalas Tv Blog Punjab ਮੁੱਖ ਮੰਤਰੀ ਮਾਨ ਨੇ ਕੀਤਾ PSPCL ਨੂੰ ਵੱਡੀ ਰਾਹਤ ਦੇਣ ਦਾ ਦਾਅਵਾ,ਕਿਹਾ ਹੁਣ ਕੋਈ ਬਕਾਇਆ ਨਹੀਂ
Punjab

ਮੁੱਖ ਮੰਤਰੀ ਮਾਨ ਨੇ ਕੀਤਾ PSPCL ਨੂੰ ਵੱਡੀ ਰਾਹਤ ਦੇਣ ਦਾ ਦਾਅਵਾ,ਕਿਹਾ ਹੁਣ ਕੋਈ ਬਕਾਇਆ ਨਹੀਂ

ਚੰਡੀਗੜ੍ਹ :  ਪੰਜਾਬ ਦੀ ਆਪ ਸਰਕਾਰ ਪਿਛਲੀਆਂ ਸਰਕਾਰਾਂ ਵੱਲੋਂ ਚੜਾਏ ਗਏ ਕਰਜ਼ਿਆਂ ਨੂੰ ਲਾਹ ਵੀ ਰਹੀ ਹੈ ਤੇ ਸੂਬੇ ਨੂੰ ਹੁਣ ਘਾਟੇ ‘ਚੋਂ ਕੱਢ ਕੇ ਤਰੱਕੀ ਦੀਆਂ ਲੀਹਾਂ ਤੇ ਪਾ ਦਿੱਤਾ ਹੈ। ਇਹ ਪ੍ਰਗਟਾਵਾ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਵਿੱਤੀ ਹਾਲਾਤਾਂ ਬਾਰੇ ਜਾਣਕਾਰੀ ਦੇਣ ਲਈ ਰੱਖੀ ਗਈ ਪ੍ਰੈਸ ਕਾਨਫਰੰਸ ਵਿੱਚ ਕੀਤਾ ਹੈ। ਉਹਨਾਂ ਕਿਹਾ ਕਿ ਵਿਰੋਧੀਆਂ ਦਾ ਦਾਅਵਾ ਸੀ ਕਿ ਇਸ ਕਰਜ਼ੇ ਨੂੰ ਲਾਹੁਣ ਲਈ ਸਰਕਾਰ ਕਿਥੋਂ ਪੈਸਾ ਲੈ ਕੇ ਆਵੇਗੀ ਪਰ ਆਪ ਨੇ ਇਹ ਕਰ ਕੇ ਦਿਖਾ ਦਿੱਤਾ ਹੈ।

ਪੰਜਾਬ ਸਰਕਾਰ ਨੂੰ ਇਸ ਸਾਲ ਹੋਈ ਆਮਦਨ ਦਾ ਬਿਊਰਾ ਪੇਸ਼ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਐਕਸਾਈਜ਼ ਵਿਭਾਗ ਨੂੰ ਇਸ ਸਾਲ 8841 ਕਰੋੜ ਦੀ ਆਮਦਨ ਹੋਈ ਹੈ ਜੋ ਕਿ 2587 ਕਰੋੜ ਜਿਆਦਾ ਹੈ। ਸੰਨ 2011-12 ਵਿੱਚ ਇਹ 2755 ਕਰੋੜ,2012-13 ਵਿੱਚ 3324 ਤੇ ਸਾਲ 2013-14 ਵਿੱਚ 3759 ਕਰੋੜ ਸੀ।

ਪਿਛਲੀਆਂ ਸਰਕਾਰਾਂ ਤੇ ਵਰਦਿਆਂ ਮਾਨ ਨੇ  ਕਿਹਾ ਕਿ ਇਹ ਵਾਧੇ ਪਹਿਲਾਂ ਵੀ ਹੋ ਸਕਦੇ ਸੀ ਪਰ ਮਾਫੀਆ ਉਹਨਾਂ ਦਾ ਆਪਣਾ ਸੀ ਤੇ ਉਹ ਆਪਣਿਆਂ ਨੂੰ ਹੀ ਖਿਲਾਉਣ ਵਿੱਚ ਲੱਗੇ ਹੋਏ ਸੀ।

ਇਸ ਵਾਰ ਇਕੱਠੀ ਹੋਈ ਜੀਐਸਟੀ ਨੂੰ ਆਪਣੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਦੱਸਦਿਆਂ ਮਾਨ ਨੇ ਕਿਹਾ ਕਿ ਪਹਿਲਾਂ ਦੇਸ਼ ਵਿਚ ਇਸ ਮਾਮਲੇ ਵਿੱਚ ਸੂਬਾ ਬਹੁਤ ਥੱਲੇ ਹੁੰਦਾ ਸੀ। ਲੰਘੇ ਸਾਲਾਂ ਵਿੱਚ ਇਹ 2018-19 ਵਿੱਚ 13273 ਕਰੋੜ, 2019-20 ‘ਚ 12752 ਕਰੋੜ ਤੇ 2020-21 ‘ਚ 11820 ਕਰੋੜ ,21-22 ‘ਚ 15542 ਕਰੋੜ ਸਬਸਿਡੀ ਤੇ ਆਪ ਸਰਕਾਰ ਆਉਣ ਮਗਰੋਂ 22-23 ‘ਚ 18126 ਕਰੋੜ ਰੁਪਏ 16.6 ਫੀਸਦੀ ਵਾਧਾ ਹੋਇਆ ਹੈ ਤੇ ਪੰਜਾਬ ਹੁਣ ਮੋਹਰੀ ਸੂਬਿਆਂ ਵਿੱਚ ਆ ਗਿਆ ਹੈ। ਇਸ ਨੂੰ ਹੋਰ ਵਧਾਇਆ  ਜਾਵੇਗਾ।

ਮਾਨ ਨੇ ਕਿਹਾ ਕਿ ਰਜਿਸਟਰੀਆਂ ‘ਤੇ ਸਵਾ ਦੋ ਪ੍ਰਤੀਸ਼ਤ ਇੱਕ ਮਹੀਨੇ ਵਾਸਤੇ ਛੁਟ ਦਿਤੀ ਗਈ ਸੀ,ਜਿਸ ਨਾਲ ਮਾਰਚ ਵਿੱਚ 78 ਫੀਸਦੀ ਵਾਧਾ ਹੋਇਆ।ਜੋ ਕਿ ਫਰਵਰੀ ਵਿੱਚ 338.99 ਸੀ ਪਰ ਮਾਰਚ ਵਿੱਚ 658.69 ਹੋਈ।ਜਿਸ ਕਾਰਨ ਇਸ ਨੂੰ 30 ਅਪ੍ਰੈਲ ਤੱਕ ਵਧਾ ਦਿੱਤਾ ਹੈ ਕਿਉਂਕਿ ਅਪ੍ਰੈਲ ਵਿੱਚ ਖੇਤੀਬਾੜੀ ਸੰਬੰਧੀ ਜ਼ਮੀਨਾਂ ਦਾ ਲੈਣਦੇਣ ਹੁੰਦਾ ਹੈ।

ਉਹਨਾਂ ਇਹ ਵੀ ਕਿਹਾ ਕਿ ਪੀਐਸਪੀਸੀਐਲ ਨੂੰ ਘਾਟਿਆਂ ਲਈ ਜਾਣਿਆਂ ਜਾਂਦਾ ਸੀ ਤੇ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਸਬਸਿਡੀ ਪੂਰੀ ਨਹੀਂ ਦਿੱਤੀ। ਵਿਭਾਗ ਨੂੰ 2018-19 ਵਿੱਚ 9036 ਕਰੋੜ ਰੁਪਏ, 2019-20 ਵਿੱਚ 9394 ਕਰੋੜ ਰੁਪਏ,2020-21 9657 ਕਰੋੜ ਰੁਪਏ,2021-22 ਵਿੱਚ 13443 ਕਰੋੜ ਰੁਪਏ ਦਿੱਤੇ ਗਏ ਸੀ ਪਰ 2022-23 ‘ਚ ਮਾਨ ਸਰਕਾਰ ਨੇ 20200 ਕਰੋੜ ਦੀ ਸਬਸਿਡੀ ਦਿੱਤੀ ਹੈ।ਹੁਣ ਸਰਕਾਰ ਵੱਲ ਵਿਭਾਗ ਦੀ ਸਬਸਿਡੀ ਦਾ ਇੱਕ ਵੀ ਪੈਸਾ ਵਿਭਾਗ ਦਾ ਬਕਾਇਆ ਨਹੀਂ ਹੈ।

ਬਿਜਲੀ ਵਿਭਾਗ ਦੇ ਉੱਚ ਅਧਿਕਾਰੀ ਨੇ ਮੁੱਖ ਮੰਤਰੀ ਮਾਨ ਦੇ ਇਸ ਦਾਅਵੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ 2022-23 ਦੀ ਸ਼ੁਰੂਆਤ ਵੇਲੇ 9020 ਕਰੋੜ ਦਾ ਬਕਾਇਆ ਖੜਾ ਸੀ,2022-23 ਦੀ ਸਬਸਿਡੀ ਨੂੰ ਮਿਲਾ ਕੇ ਪੰਜਾਬ ਸਰਕਾਰ ਨੇ ਕੁੱਲ 20200 ਕਰੋੜ ਰੁਪਏ ਵਿਭਾਗ ਨੂੰ ਅਦਾ ਕੀਤੇ ਹਨ। ਪਿਛਲੇ ਸਾਲ ਬਿਜਲੀ ਖਪਤਕਾਰਾਂ ਤੇ ਕਿਸਾਨਾ ਨੂੰ ਨਿਰਵਿਘਨ ਸਪਲਾਈ ਦਿੱਤੀ ਗਈ ਸੀ ਤੇ ਇਸ ਵਾਰ ਵੀ ਇਸੇ ਤਰਾਂ ਜਾਰੀ ਰਹੇਗੀ।ਆਉਣ ਵਾਲੇ ਸੀਜ਼ਨ ਲਈ ਲੋੜ ਅਨੁਸਾਰ ਪ੍ਰਬੰਧ ਕਰ ਲਏ ਹਨ ਤੇ ਲੋੜ ਅਨੁਸਾਰ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੇ ਲਈ ਖਰੀਦੀ ਵੀ ਜਾਵੇਗੀ। ਇੰਡਸਟਰੀ ਨੂੰ ਵੀ ਨਿਰਵਿਘਨ ਸਪਲਾਈ ਜਾਰੀ ਰਹੇਗੀ ਤੇ ਕੋਈ ਕੱਟ ਨਹੀਂ ਲਗੇਗਾ।

ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ 9020 ਕਰੋੜ ਦਾ ਬਕਾਇਆ ਪੀਐਸਪੀਸੀਐਲ ਵੱਲ ਖੜਾ ਸੀ,ਜਿਸ ਵਿੱਚੋਂ 1804 ਕਰੋੜ ਦੀ ਕਿਸ਼ਤ ਵਿਆਜ ਸਣੇ ਅਦਾ ਕਰ ਦਿੱਤੀ ਗਈ ਹੈ ਤੇ ਬਾਕੀ ਕਿਸ਼ਤਾਂ ਵੀ ਅਦਾ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 3538 ਨਵੀਆਂ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ। ਮਾਨ ਨੇ ਭਰੋਸਾ ਦਿਵਾਉਂਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੋਵੇਗੀ।

ਖੇਤੀਬਾੜੀ ਸੈਕਟਰ ਵਿੱਚ ਦਿੱਤੇ ਗਏ 9063 ਕਰੋੜ 79 ਲੱਖ ਬਿਜਲੀ ਸਬਸਿਡੀ ਲਈ ਦਿੱਤੇ ਗਏ ਹਨ। ਘਰੇਲੂ ਸਬਸਿਡੀ 8225 ਕਰੋੜ 90 ਲੱਖ,ਇੰਡਸਟਰੀ ਵਾਸਤੇ ਲਗਭਗ 2911 ਕਰੋੜ ਸ਼ਾਮਿਲ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਵਾਰ ਸਰਕਾਰ ਨੇ ਕੋਈ ਵੀ ਪੈਸਾ ਵਿਭਾਗ ਦਾ ਨਹੀਂ ਦੇਣਾ ਹੈ ਤੇ ਇਸ ਤੋਂ ਇਲਾਵਾ ਨੌਕਰੀਆਂ ਵੀ ਦਿੱਤੀਆਂ ਗਈਆਂ ਹਨ।

ਮਾਈਨਿੰਗ ਵਿਭਾਗ ਬਾਰੇ ਗੱਲ ਕਰਦਿਆਂ ਮਾਨ ਨੇ ਕਿਹਾ ਹੈ ਕਿ ਇਸ ਵਾਰ 150 ਖੱਡਾਂ ਆਮ ਲੋਕਾਂ ਲਈ ਖੋਲਣ ਦਾ ਟੀਚਾ ਹੈ।ਜਿਥੋਂ ਲੋਕਾਂ ਨੂੰ ਸਹੀ ਰੇਟ ਤੇ ਰੇਤਾ ਮਿਲ ਸਕੇਗਾ।

ਸਰਕਾਰ ਵੱਲੋਂ ਖੋਲੇ ਗਏ 504 ਆਮ ਆਦਮੀ ਕਲੀਨਿਕਾਂ ਵਿੱਚ 21 ਲੱਖ 21 ਹਜ਼ਾਰ 350 ਲੋਕ ਆਪਣਾ ਇਲਾਜ਼ ਕਰਵਾ ਚੁੱਕੇ ਹਨ। ਜਿਸ ਨਾਲ ਹਸਪਤਾਲਾਂ ‘ਤੇ ਬੋਝ ਘਟਿਆ ਹੈ। ਆਉਣ ਵਾਲੇ ਸਮੇਂ ਵਿੱਚ 134 ਹੋਰ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ।

ਮਾਨ ਨੇ ਕਿਹਾ ਹੈ ਕਿ ਇਸ ਸਾਰੇ ਕੰਮ ਇਮਾਨਦਾਰ ਸਰਕਾਰ ਕਰਕੇ ਹੋ ਰਿਹਾ ਹੈ ਪਰ ਇਸ ਤੋਂ ਪਹਿਲਾਂ ਪੈਸਾ ਪਿਛਲੀਆਂ ਸਰਕਾਰਾਂ ਦੇ ਚਹੇਤਿਆਂ ਵੱਲ ਜਾਂਦਾ ਸੀ । ਮਾਨ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਸਾਰੇ ਮੰਤਰੀ ਬੇਦਾਗ ਹਨ ਪਰ ਪਿਛਲੀਆਂ ਸਰਕਾਰਾਂ ਦੇ ਕਈ ਮੰਤਰੀ ਇਸੇ ਕਰਕੇ ਜੇਲ੍ਹ ਵਿੱਚ ਵੀ ਡੱਕੇ ਹੋਏ ਹਨ।ਪਿਛਲੀਆਂ ਸਰਕਾਰਾਂ ਵੱਲੋਂ ਬੀਜੇ ਗਏ ਕੰਡਿਆਂ ਨੂੰ ਹੁਣ ਸਰਕਾਰ ਚੁੱਗ ਰਹੀ ਹੈ ਤੇ ਕਰਜ਼ਾ ਵੀ ਲਾਹ ਰਹੀ ਹੈ। ਇਹਨਾਂ ਨੇ 9 ਬਜਟ ਪੇਸ਼ ਕੀਤੇ ਪਰ ਇੱਕ ਵੀ ਢੰਗ ਦਾ ਕੰਮ ਨਹੀਂ ਕੀਤਾ।

ਮਾਨ ਨੇ ਐਲਾਨ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਨੌਜਵਾਨਾਂ ਨਾਲ ਸੰਬੰਧਿਤ ਕਈ ਸਕੀਮਾਂ ਲਿਆਂਦੀਆਂ ਜਾ ਰਹੀਆਂ ਹਨ। ਆਪਣਾ ਸਟਾਰਟਅੱਪ ਲਈ ਉਹਨਾਂ ਨੂੰ ਕਰਜ਼ੇ ਵੀ ਸਰਕਾਰ ਮੁਹੱਈਆ ਕਰਵਾਵੇਗੀ।ਇਸ ਤੋਂ ਇਲਾਵਾ 10 ਮੁਫਤ ਟਰੇਨਿੰਗ ਦੇਣ ਲਈ UPSC ਟਰੇਨਿੰਗ ਸੈਂਟਰ ਖੋਲੇ ਜਾਣਗੇ ਤੇ ਹਰ ਮਹੀਨੇ ਦੋ ਨੌਜਵਾਨ ਸਭਾਵਾਂ ਕੀਤੀਆਂ ਜਾਣਗੀਆਂ।

 

 

 

 

 

 

 

Exit mobile version