The Khalas Tv Blog Punjab ਮੁੱਖ ਮੰਤਰੀ ਮਾਨ ਦੀ ਅਦਾਲਤ ‘ਚ ਹੋਈ ਪੇਸ਼ੀ
Punjab

ਮੁੱਖ ਮੰਤਰੀ ਮਾਨ ਦੀ ਅਦਾਲਤ ‘ਚ ਹੋਈ ਪੇਸ਼ੀ

ਦ ਖ਼ਾਲਸ ਬਿਊਰੋ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਏ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਕਾਰਜਕਾਲ ਵਿਚ ਸਾਲ 2020 ਵਿੱਚ ਭਗਵੰਤ ਮਾਨ ਸਮੇਤ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਉੱਤੇ ਪ੍ਰਦਰਸ਼ਨ ਕਰਨ ਉੱਤੇ ਮਾਮਲਾ ਦਰਜ ਹੋਇਆ ਸੀ। ਬਿਜਲੀ ਦੀਆਂ ਕੀਮਤਾਂ ਨੂੰ ਲੈ ਕੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਸੀ। ਭਗਵੰਤ ਮਾਨ ਵੱਲੋਂ ਸਾਬਕਾ ਏ.ਜੀ. ਅਨਮੋਲ ਰਤਨ ਸਿੱਧੂ ਪੇਸ਼ ਹੋਏ ਸਨ। ਅਨਮੋਲ ਰਤਨ ਸਿੱਧੂ ਨੇ ਕਿਹਾ ਕਿ ਇਸ ਮਾਮਲੇ ਵਿੱਚ ਸੀਐਮ ਮਾਨ ਨੂੰ ਪਹਿਲਾਂ ਹੀ ਜ਼ਮਾਨਤ ਮਿਲੀ ਹੋਈ ਹੈ ਅਤੇ ਇਸ ਮਾਮਲੇ ਦੀ ਤਾਰੀਕ ਅੱਗੇ ਪੈ ਗਈ ਹੈ।

ਦਰਅਸਲ, ਸਾਲ 2020 ਵਿੱਚ ਸੈਂਕੜਿਆਂ ਦੀ ਗਿਣਤੀ ਵਿਚ ਆਪ ਵਰਕਰਾਂ ਨੇ ਚੰਡੀਗੜ੍ਹ ਵਿਚ ਪ੍ਰਦਰਸ਼ਨ ਕੀਤਾ ਸੀ। ਪੁਲਿਸ ਨੇ ਆਪ ਨੇਤਾਵਾਂ ਸਣੇ ਕਈ ਅਣਪਛਾਤੇ ਵਰਕਰਾਂ ਖਿਲਾਫ ਕੇਸ ਦਰਜ ਕੀਤਾ ਸੀ। ਭਗਵੰਤ ਮਾਨ ਸਣੇ ਹੋਰਨਾਂ ‘ਤੇ ਪੁਲਿਸ ਨੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਜਾਣਕਾਰੀ ਮੁਤਾਬਕ ਲਗਭਗ 800 ਦੇ ਕਰੀਬ ਵਰਕਰਾਂ ‘ਤੇ ਕੇਸ ਦਰਜ ਹੋਇਆ ਸੀ।

ਜਦੋਂ ਪੁਲਿਸ ਨੇ ਕੇਸ ਦਰਜ ਕੀਤਾ ਸੀ, ਉਦੋਂ ਮਾਨ ਸੰਗਰੂਰ ਤੋਂ ਸੰਸਦ ਮੈਂਬਰ ਸਨ ਤੇ ਪੰਜਾਬ ਯੂਨਿਟ ਦੇ ਚੀਫ ਸਨ। ਇਸ ਪ੍ਰਦਰਸ਼ਨ ਨਾਲ ਕਾਨੂੰਨ ਵਿਵਸਥਾ ‘ਤੇ ਸਵਾਲ ਖੜ੍ਹੇ ਹੋਏ ਸਨ। ਆਪ ਨੇਤਾਵਾਂ ਤੇ ਵਰਕਰਾਂ ਨੇ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘੇਰਾਓ ਕਰਨਾ ਸੀ। ਆਪ ਵਰਕਰਾਂ ਨੇ ਪੁਲਿਸ ਬੈਰੀਕੇਡਿੰਗ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਉੱਤੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਗਿਆ ਸੀ।

ਪਿਛਲੇ ਸਾਲ ਸਤੰਬਰ ਵਿਚ ਪੁਲਿਸ ਨੇ ਸੀਜੇਐੱਮ ਕੋਰਟ ਵਿੱਚ ਮਾਨ ਸਣੇ ਹੋਰਨਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਸੀ। ਇਸ ਵਿਚ 7 ਵਿਧਾਇਕ ਵੀ ਸਨ। ਕੁੱਲ 10 ਆਪ ਨੇਤਾਵਾਂ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਪ੍ਰਦਰਸ਼ਨ ਵਿਚ ਭਗਵੰਤ ਮਾਨ, ਅਮਨ ਅਰੋੜਾ, ਹਰਪਾਲ ਸਿੰਘ ਚਮਾ, ਬਲਜਿੰਦਰ ਕੌਰ, ਮੀਤ ਹੇਅਰ, ਕੁਲਤਾਰ ਸਿੰਘ ਸੰਧਾਵਾਂ ਸਣੇ ਕਈ ਹੋਰ ਨੇਤਾ ਸ਼ਾਮਲ ਸਨ।

Exit mobile version