ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿੱਖੇ ਸਰਕਾਰੀ ਵਿਭਾਗਾਂ ਵਿੱਚ ਨਵੇਂ ਭਰਤੀ ਹੋਏ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ ਹਨ।ਇਹਨਾਂ ਵਿੱਚ 164 ਉਮੀਦਵਾਰਾਂ ਵਿਚੋਂ ਵਾਟਰ ਸਪਲਾਈ ਵਿਭਾਗ ਦੇ 57 ਜੂਨੀਅਰ ਨਕਸ਼ਾ ਨਵੀਸ,4 ਕਲਰਕ,ਇੱਕ ਜੂਨੀਅਰ ਟੈਕਨੀਸ਼ੀਅਨ,14 ਹੈਲਪਰ ਟੈਕਨੀਸ਼ੀਅਨ,ਸਿਹਤ ਵਿਭਾਗ ਦੇ ਵਿੱਚ 57 ਨਰਸਾਂ,ਮੈਡੀਕਲ ਏਜੂਕੇਸ਼ਨ ਤੇ ਰਿਸਰਚ ਦੇ ਵਿੱਚ 29 ਸਟਾਫ ਨਰਸਾਂ ਤੇ 6 ਪੈਰਾਮੈਡੀਕਲ ਸਟਾਫ ਦੇ ਮੈਂਬਰ ਸ਼ਾਮਲ ਹਨ। ਇਸ ਮੌਕੇ ਉਹਨਾਂ ਨਾਲ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਮਾਜਰਾ ,ਬ੍ਰਹਮ ਸ਼ੰਕਰ ਜਿੰਪਾ,ਐਮਐਲਏ ਗੋਲਡੀ ਕੰਬੋਜ ਤੇ ਅਜੀਤਪਾਲ ਕੋਹਲੀ ਵੀ ਹਾਜ਼ਰ ਸਨ।
ਸਿਹਤ ਮੰਤਰੀ ਚੇਤਨ ਸਿੰਘ ਜੋੜਮਜਾਰਾ ਨੇ ਸਟੇਜ ਤੋਂ ਸੰਬੋਧਨ ਕਰਦੇ ਹੋਏ ਨਿਯੁਕਤੀ ਪੱਤਰ ਲੈਣ ਵਾਲਿਆਂ ਨੂੰ ਵਧਾਈ ਦਿੱਤੀ ਹੈ ਤੇ ਕਿਹਾ ਕਿ ਆਪ ਸਰਕਾਰ ਉਹ ਪਹਿਲੀ ਸਰਕਾਰ ਹੈ ਜਿਸ ਨੇ ਆਉਂਦੇ ਸਾਰ ਹੀ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਇਹ ਲਗਾਤਾਰ ਜਾਰੀ ਰਹਿਣਗੇ।
ਬ੍ਰਹਮ ਸ਼ੰਕਰ ਜਿੰਪਾ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਉਹਨਾਂ ਪਹਿਲਾ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਆਪ ਆ ਕੇ ਨਿਯੁਕਤੀ ਪੱਤਰ ਵੰਡ ਰਹੇ ਹਨ।ਸਰਕਾਰ ਬਣਦਿਆਂ ਸਾਰ ਪਹਿਲਾਂ ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦੇਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਉਹਨਾਂ ਦਾ ਵਿਭਾਗ ਕੰਮ ਕਰਨ ਲੱਗਿਆ ਹੋਇਆ ਹੈ ਤੇ ਦਿਨ ਰਾਤ ਮਿਹਨਤ ਕਰ ਰਿਹਾ ਹੈ ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸੰਬੋਧਨ ਵਿੱਚ ਸਾਰਿਆਂ ਨੂੰ ਮਿਹਨਤ ਕਰਨ ਦੀ ਅਪੀਲ ਕੀਤੀ ਹੈ।ਉਹਨਾਂ ਖੁਸ਼ੀ ਪ੍ਰਗਟ ਕੀਤੀ ਕਿ ਧਰਨੇ ਲਾਉਣ ਵਾਲੇ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਗਿਆ ਹੈ ਤੇ ਬਾਕੀਆਂ ਦੀ ਵੀ ਬਾਰੀ ਜਲਦੀ ਆਵੇਗੀ।ਉਹਨਾਂ ਨਿਯੁਕਤੀ ਪੱਤਰ ਲੈਣ ਵਾਲੇ ਮੁਲਾਜ਼ਮਾਂ ਨੂੰ ਵਧਾਈ ਦਿੱਤੀ ਹੈ ਤੇ ਉਮੀਦ ਜ਼ਾਹਿਰ ਕੀਤੀ ਕਿ ਉਹ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਨਗੇ।ਉਹਨਾਂ ਮੁਲਾਜ਼ਮਾਂ ਤੋਂ ਇਹ ਵੀ ਮੰਗ ਕੀਤੀ ਹੈ ਕਿ ਨਵੀਆਂ ਯੋਜਨਾਵਾਂ ਵੀ ਸੋਚੀਆਂ ਜਾਣ।
ਉਹਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਹੁਣ ਇੰਡਸਟਰੀ ਲਈ ਵਧੀਆ ਮਾਹੌਲ ਬਣਾਇਆ ਜਾ ਰਿਹਾ ਹੈ ਤੇ ਹਰ ਤਰਾਂ ਨਾਲ ਉਹਨਾਂ ਨੂੰ ਸਹੂਲਤਾਂ ਵੀ ਸਰਕਾਰ ਦੇਵੇਗੀ।ਇਸ ਨਾਲ ਪੰਜਾਬ ਦੇ ਕਿੰਨੇ ਹੀ ਬੇਰੁਜ਼ਗਾਰਾਂ ਨੂੰ ਕੰਮ ਮਿਲੇਗਾ।ਸਰਕਾਰ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਉੱਚ ਸਿੱਖਿਆ ਵਿੱਚ ਵੀ ਕੁੱਝ ਸੁਧਾਰ ਕਰੇਗੀ ਤਾਂ ਜੋ ਪੰਜਾਬ ਨੂੰ ਤਕਨੀਕੀ ਮਾਹਿਰ ਇੱਥੇ ਹੀ ਮਿਲ ਜਾਣ। ਪੰਜਾਬ ਦੇ ਸ਼ਹੀਦਾਂ ਤੇ ਸਿੱਕ ਗੁਰੂਆਂ ਦੀ ਕੁਰਬਾਨੀ ਦੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਸ਼ਹਾਦਤਾਂ ਦੀ ਕੋਈ ਵੀ ਉਮਰ ਨਹੀਂ ਹੁੰਦੀ। ਸਿਕੰਦਰ ਦੀ ਗੱਲ ਕਰਦਿਆਂ ਕਿਹਾ ਉਹਨਾਂ ਕਿਹਾ ਕਿ ਕਿਸੇ ਨੇ ਵੀ ਪੈਸਾ ਨਾਲ ਨੀ ਲੈ ਜਾਣਾ ਹੁੰਦਾ।ਸੋ ਮਿਹਨਤ ਕਰੋ ਤੇ ਆਪਸ ਵਿੱਚ ਮਿਲ ਕੇ ਰਹੋ।ਇਸ ਤੋਂ ਇਲਾਵਾ ਉਹਨਾਂ ਨਵ ਨਿਯੁਕਤ ਅਧਿਕਾਰੀਆਂ ਨੂੰ ਆਮ ਜਨਤਾ ਨਾਲ ਸਹੀ ਤਰੀਕੇ ਨਾਲ ਪੇਸ਼ ਆਉਣ ਦੀ ਸਲਾਹ ਵੀ ਦਿੱਤੀ।