ਸਮਰਾਲਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ( cm Bhagwant Mann) ਨੇ ਸਮਰਾਲਾ ਤਹਿਸੀਲ ਕੰਪਲੈਕਸ ਦਾ ਦੌਰਾ ਕੀਤਾ ਅਤੇ ਇਥੇ ਲੋਕਾਂ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਸਮੱਸਿਆਵਾਂ ਦਾ ਜਾਇਜ਼ਾ ਲਿਆ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਰਿਸ਼ਵਤ ਮੰਗੇ ਜਾਣ ‘ਤੇ ਬਿਨਾਂ ਕਿਸੇ ਡਰ ਤੋਂ ਇਸ ਦਾ ਖੁਲਾਸਾ ਕਰਨ ।
ਇਸੇ ਤਰਾਂ ਕਿਸੇ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਨੂੰ ਬਚਾਉਣ ਲਈ ਨਿਧੜਕ ਹੋ ਕੇ ਅੱਗੇ ਆਉਣ ਤੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਤਾਂ ਜੋ ਕਿਸੇ ਦੀ ਜਾਨ ਬਚ ਸਕੇ। ਇਸ ਤਰਾਂ ਕਿਸੇ ਦੀ ਜਾਨ ਬਚਾਉਣ ਵਾਲੇ ਵਿਅਕਤੀ ਨੂੰ ਇਨਾਮ ਦਿੱਤਾ ਜਾਵੇਗਾ ਤੇ ਉਸ ਦਾ ਨਾਂ ਕਿਸੇ ਵੀ ਪਾਸੇ ਨਹੀਂ ਆਵੇਗਾ।
ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਸਾਫ ਕੀਤਾ ਹੈ ਕਿ ਪੰਚਾਇਤੀ ਜ਼ਮੀਨ ਛੁਡਾਉਣ ਦੀ ਮੁਹਿੰਮ ਵਿੱਚ ਕਿਸੇ ਵੀ ਆਮ ਵਿਅਕਤੀ ਦਾ ਘਰ ਨਹੀਂ ਤੋੜਿਆ ਜਾਵੇਗਾ।ਪੰਜਾਬ ਦੇ ਸਕੂਲਾਂ ਕਾਲਜਾਂ ਦਾ ਨਵੀਨੀਕਰਨ ਕੀਤਾ ਜਾਵੇਗਾ ਤੇ ਹੋਰ ਵੀ ਨਵੇਂ ਕਾਲਜ ਤੇ ਸਕੂਲ ਬਣਾਏ ਜਾਣਗੇ।
ਅੱਜ ਸਮਰਾਲਾ ਦੀ ਤਹਿਸੀਲ ਤੇ ਸੁਵਿਧਾ ਸੈਂਟਰ ਦਾ ਦੌਰਾ ਕੀਤਾ…ਮਾਂਵਾਂ-ਭੈਣਾਂ ਤੇ ਬਜ਼ੁਰਗਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਮੱਸਿਆਵਾਂ ਪਾਰਦਰਸ਼ੀ ਤਰੀਕੇ ਨਾਲ ਹੱਲ ਕਰਨ ਲਈ ਆਖਿਆ…
ਅਸੀਂ ਲੋਕਾਂ ਦੀ ਸੇਵਾ ‘ਚ ਹਰ ਪਲ਼ ਹਾਜ਼ਰ ਹਾਂ…ਲੋਕਾਂ ਦੀ ਦਿੱਤੀ ਤਾਕਤ ਲੋਕਾਂ ਲਈ ਵਰਤ ਰਹੇ ਹਾਂ… pic.twitter.com/olfT5MohwC
— Bhagwant Mann (@BhagwantMann) November 3, 2022
ਉਹਨਾਂ ਪੰਜਾਬ ਸਰਕਾਰ ਦੇ ਕੰਮਾਂ ਤੇ ਪ੍ਰਾਪਤੀਆਂ ਦਾ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਬਿਨਾਂ ਰੁਕਾਵਟ ਹੋਈ ਹੈ ਤੇ ਹੁਣ ਕਿਸਾਨ ਨੂੰ ਕੋਈ ਮੁਸ਼ਕਿਲ ਨਹੀਂ ਆਈ ਹੈ। ਝੋਨੇ ਦੀ ਚੁਕਾਈ ਵੀ ਸਰਕਾਰ ਤੇਜੀ ਨਾਲ ਕਰਵਾ ਰਹੀ ਹੈ ।
ਹਰਿਆਣੇ ਦੇ ਮੁੱਖ ਮੰਤਰੀ ਵਲੋਂ ਮਾਨ ਤੇ ਪਰਾਲੀ ਦੇ ਮੁੱਦੇ ਤੇ ਰਾਜਨੀਤੀ ਕਰਨ ਦੇ ਇਲਜ਼ਾਮ ਲਾਏ ਜਾਣ ਦੇ ਸਵਾਲ ‘ਤੇ ਮਾਨ ਨੇ ਕਿਹਾ ਹੈ ਕਿ ਹਰਿਆਣੇ ਦੇ ਸ਼ਹਿਰਾਂ ਵਿੱਚ ਪ੍ਰਦੂਸ਼ਣ ਕੀਤੇ ਜਿਆਦਾ ਹੈ। ਫਰੀਦਾਬਾਦ ,ਚਰਖੀ ਦਾਦਰੀ,ਗੁੜਗਾਉਂ,ਕਰਨਾਲ ਵਰਗੇ ਸ਼ਹਿਰਾਂ ਦਾ ਜ਼ਿਕਰ ਕਰਦੇ ਹੋਏ ਮਾਨ ਨੇ ਪਲਟਵਾਰ ਕੀਤਾ ਹੈ ਤੇ ਕਿਹਾ ਹੈ ਕਿ ਇਹ ਸਾਰੇ ਉੱਤਰੀ ਭਾਰਤ ਦਾ ਮਸਲਾ ਹੈ ਤੇ ਹੋਰ ਕਈ ਸੂਬਿਆਂ ਦੇ ਸ਼ਹਿਰ ਵੀ ਇਸ ਪ੍ਰਦੂਸ਼ਣ ਦੀ ਮਾਰ ਹੇਠ ਹਨ ਪਰ ਕੇਂਦਰ ਸਿਰਫ ਪੰਜਾਬ ਤੇ ਦਿੱਲੀ ਨੂੰ ਕਸੂਰਵਾਰ ਮੰਨ ਰਿਹਾ ਹੈ। ਕੇਂਦਰ ਸਰਕਾਰ ਨਾ ਤਾਂ ਪੰਜਾਬ ਸਰਕਾਰ ਦੇ ਕੋਈ ਸੁਝਾਅ ਮੰਨਦੀ ਹੈ ਤੇ ਨਾ ਹੀ ਵਿੱਤੀ ਸਹਾਇਤਾ ਪੰਜਾਬ ਨੂੰ ਦਿੰਦੀ ਹੈ।
ਪੰਜਾਬ ਦਾ ਕਿਸਾਨ ਪਰਾਲੀ ਨਹੀਂ ਸਾੜਨਾ ਚਾਹੁੰਦਾ ਪਰ ਉਸ ਕੋਲ ਕੋਈ ਹੋਰ ਬਦਲ ਵੀ ਨਹੀਂ ਹੈ।
ਇਸ ਤੋਂ ਪਹਿਲਾਂ ਮਾਨ ਨੇ ਤਹਿਸੀਲ ਕਾਂਪਲੈਕਸ ਵਿੱਚ ਕੰਮਾਂ ਦਾ ਜਾਇਜ਼ਾ ਲਿਆ ਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਵੀ ਮੌਕੇ ਦੇ ਅਫਸਰਾਂ ਨੂੰ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਕਿਹਾ ਕਿ ਉਹ ਚੈਕਿੰਗ ਕਰਨ ਨਹੀਂ ਆਏ, ਉਹ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਆਏ ਹਨ।