ਜੁਲਾਈ ਤੋਂ ਪੰਜਾਬ ਸਰਕਾਰ ਨੇ 300 ਯੂਨਿਟ ਫ੍ਰੀ ਬਿਜਲੀ ਦੇਣ ਦਾ ਫੈਸਲਾ ਲਾਗੂ ਕਰ ਦਿੱਤਾ ਹੈ
‘ਦ ਖ਼ਾਲਸ ਬਿਊਰੋ : ਭਗਵੰਤ ਮਾਨ ਸਰਕਾਰ ਨੇ 1 ਜੁਲਾਈ ਤੋਂ 2 ਮਹੀਨੇ ਵਿੱਚ 600 ਯੂਨਿਟ ਫ੍ਰੀ ਬਿਜਲੀ ਦੇਣ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਇਸ ਨੂੰ ਕੈਬਨਿਟ ਤੋਂ ਵੀ ਮਨਜ਼ੂਰੀ ਮਿਲ ਗਈ ਹੈ। ਇਸ ਵਾਅਦੇ ਨੂੰ ਪੂਰਾ ਕਰਨ ਤੋਂ ਬਾਅਦ ਭਗਵੰਤ ਮਾਨ ਨੇ ਬਿਜਲੀ ਨਾਲ ਜੁੜਿਆ ਇੱਕ ਹੋਰ ਵੱਡਾ ਐਲਾਨ ਕੀਤਾ ਹੈ ਜਿਸ ਨੂੰ ਸੁਣਕੇ ਪੰਜਾਬੀ ਬਾਗੋਬਾਗ ਹੋ ਜਾਣਗੇ। ਟਵੀਟ ਕਰਕੇ ਸੀਐੱਮ ਮਾਨ ਨੇ ਇਸ ਦੀ ਜਾਣਕਾਰੀ ਦਿੱਤੀ ਹੈ।
51 ਲੱਖ ਲੋਕਾਂ ਦਾ ਬਿਲ ਜ਼ੀਰੋ
ਪੰਜਾਬ ਦੀ ਆਬਾਦੀ ਤਕਰੀਬਨ ਪੌਨੇ ਤਿੰਨ ਕਰੋੜ ਦੇ ਕਰੀਬ ਹੈ। 300 ਯੂਨਿਟ ਮਹੀਨੇ ਦਾ ਬਿਜਲੀ ਦਾ ਬਿਲ ਮੁਆਫ ਹੋਣ ਤੋਂ ਬਾਅਦ ਸੂਬੇ ਦੇ ਤਕਰੀਬਨ 30 ਫੀਸਦੀ ਲੋਕਾਂ ਦਾ ਬਿੱਲ ਜ਼ੀਰੋ ਆਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਇਸ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ‘ਬਿਜਲੀ ਗਰੰਟੀ ਸੰਬੰਧੀ ਬਹੁਤ ਵੱਡੀ ਖੁਸ਼ਖਬਰੀ ਪੰਜਾਬੀਆਂ ਨਾਲ ਸਾਂਝੀ ਕਰਨ ਜਾ ਰਿਹਾ ਹਾਂ ..1 ਜੁਲਾਈ ਤੋਂ ਮੁਫ਼ਤ ਬਿਜਲੀ ਦਾ ਵਾਅਦਾ ਲਾਗੂ ਹੋ ਗਿਆ..ਜੁਲਾਈ-ਅਗਸਤ ਦਾ ਬਿਲ ਸਤੰਬਰ ਦੇ ਪਹਿਲੇ ਹਫ਼ਤੇ ਆਵੇਗਾ ..ਖੁਸ਼ਖਬਰੀ ਹੈ ਕਿ ਲੱਗਭੱਗ 51 ਲੱਖ ਘਰਾਂ ਨੂੰ ਬਿਜਲੀ ਦਾ ਬਿਲ ਜ਼ੀਰੋ ਆਵੇਗਾ ..ਜੋ ਕਹਿੰਦੇ ਹਾਂ ਓਹ ਪੂਰਾ ਕਰਦੇ ਹਾਂ..’
ਇਹ ਹੈ ਬਿਜਲੀ ਮੁਆਫੀ ਦਾ ਫਾਰਮੂਲਾ
ਪੰਜਾਬ ਸਰਕਾਰ ਨੇ 1 ਜੁਲਾਈ ਤੋਂ 600 ਯੂਨਿਟ ਫ੍ਰੀ ਬਿਜਲੀ ਸਕੀਮ ਤੋਂ ਕੁਝ ਸ਼ਰਤਾਂ ਹਟਾ ਦਿੱਤੀਆਂ ਹਨ। ਸਿਰਫ਼ ਜਨਰਲ ਵਰਗ ਦੇ ਗਰੀਬੀ ਰੇਖਾ ਤੋਂ ਹੇਠਾਂ ਪਰਿਵਾਰਾਂ ਨੂੰ 600 ਯੂਨਿਟ ਮੁਫ਼ਤ ਮਿਲਣਗੇ । SC, BC ਅਤੇ ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਹਰ ਬਿੱਲ ‘ਤੇ 600 ਯੂਨਿਟ ਬਿਜਲੀ ਮੁਫਤ ਮਿਲੇਗੀ ਹਾਲਾਂਕਿ ਇਸ ‘ਚ ਕੁਝ ਬਦਲਾਅ ਕੀਤੇ ਗਏ ਹਨ। ਪੰਜਾਬ ਅੰਦਰ 2 ਮਹੀਨਿਆਂ ‘ਚ ਬਿਲ ਆਉਂਦਾ ਹੈ ਇਸ ਲਈ ਬਿੱਲ ‘ਚ 600 ਯੂਨਿਟ ਮੁਫਤ ਹੋਣਗੇ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਿਹਾ ਸੀ ਕਿ 1 ਕਿਲੋਵਾਟ ਕੁਨੈਕਸ਼ਨ ਵਾਲੇ ਹਰੇਕ ਵਰਗ ਲਈ 600 ਯੂਨਿਟ ਬਿਜਲੀ ਪੂਰੀ ਤਰ੍ਹਾਂ ਮੁਫਤ ਹੋਵੇਗੀ।
31 ਦਸੰਬਰ ਤੱਕ ਦੇ ਸਾਰੇ ਬਿਲ ਮੁਆਫ਼
ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ‘ਤੇ 1 ਜੁਲਾਈ ਨੂੰ ਇੱਕ ਹੋਰ ਵੱਡਾ ਐਲਾਨ ਕਰਦੇ ਹੋਏ ਕਿਹਾ ਸੀ ਕਿ ਜਿੰਨਾਂ ਲੋਕਾਂ ਨੇ 31 ਦਸੰਬਰ 2021 ਤੱਕ ਬਿਜਲੀ ਦਾ ਬਿਲ ਨਹੀਂ ਦਿੱਤਾ ਹੈ ਉਨ੍ਹਾਂ ਨੂੰ ਬਿਲ ਨਹੀਂ ਭਰਨਾ ਹੋਵੇਗਾ ਉਹ ਭਾਵੇ ਕਿਸੇ ਵੀ ਤਬਕੇ ਦੇ ਕਿਉਂ ਨਾ ਹੋਣ, ਪੰਜਾਬ ਸਰਕਾਰ ਨੇ 31 ਦਸੰਬਰ ਤੋਂ ਪਹਿਲਾਂ ਵਾਲੇ ਬਿਜਲੀ ਦੇ ਬਿਨਾਂ ਦੇ ਲਕੀਰ ਮਾਰ ਦਿੱਤੀ ਸੀ।