ਦਿੱਲੀ ਦੀ ਇੱਕ ਕੋਰਟ ਨੇ ਸੱਜਣ ਕੁਮਾਰ ਖਿਲਾਫ 1984 ਦੇ ਸਿੱਖ ਕਤਲੇਆਮ ਮਾਮਲੇ ਵਿੱਚ ਦੋਸ਼ ਆਇਦ ਕੀਤੇ ਹਨ। ਕੋਰਟ ਨੇ 1984 ਦੇ ਸਿੱਖ ਕਤਲੇਆਮ ਮਾਮਲੇ ਵਿੱਚ ਸੱਜਣ ਕੁਮਾਰ ਤੋਂ 302 ਦੀ ਧਾਰਾ ਹਟਾਈ ਹੈ। ਜਾਣਕਾਰੀ ਮੁਤਾਬਕ ਸੱਜਣ ਕੁਮਾਰ ‘ਤੇ ਹੁਣ ਕਤਲ ਦਾ ਕੇਸ ਨਹੀਂ ਚੱਲੇਗਾ। ਸਿੱਖਾਂ ਦੀ ਹੱਤਿਆ ਦਾ ਮਾਮਲੇ ਵਿੱਚ ਰਾਊਜ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਖ਼ਿਲਾਫ਼ ਆਈਪੀਸੀ ਦੀ ਧਾਰਾ 147, 148, 153ਏ, 295ਆਰ/ਡਬਲਯੂ149, 307, 308, 325, 395, 436 ਤਹਿਤ ਦੋਸ਼ ਤੈਅ ਕੀਤੇ। ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 21 ਸਤੰਬਰ ਨੂੰ ਹੋਵੇਗੀ।
ਇਸ ਮਾਮਲੇ ‘ਚ ਹੋ ਰਹੀ ਹੈ ਸੁਣਵਾਈ
ਸੱਜਣ ਕੁਮਾਰ ਆਲ ਇੰਡੀਆ ਕਾਂਗਰਸ ਦੇ ਦਿੱਲੀ ਤੋਂ ਸੀਨੀਅਰ ਆਗੂ ਹਨ, ਜਿਹੜੇ 14ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ। ਗੁਰੂ ਰਾਧਾ ਕ੍ਰਿਸ਼ਨਾ ਸੁਸਾਇਟੀ ਤੋਂ ਬਤੌਰ ਸਮਾਜਸੇਵੀ ਆਪਣਾ ਕਰੀਅਰ ਸ਼ੁਰੂ ਕਰਨ ਵਾਲੇ ਸੱਜਣ ਕੁਮਾਰ ਉੱਤੇ ਸਿੱਖ ਕਤਲੇਆਮ ਵਿੱਚ ਭੂਮਿਕਾ ਹੋਣ ਦਾ ਇਲਜ਼ਾਮ ਲਗਦਾ ਹੈ। ਇਸੇ ਕਾਰਨ ਉਨ੍ਹਾਂ ਦੀ ਆਪਣੀ ਹੀ ਪਾਰਟੀ ਨੇ ਉਨ੍ਹਾਂ ਨੂੰ ਅਲੱਗ-ਥਲੱਗ ਕਰ ਦਿੱਤਾ ਸੀ।
ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ 1984 ਦੌਰਾਨ ਦਿੱਲੀ ਸਣੇ ਮੁਲਕ ਦੇ ਕਈ ਸ਼ਹਿਰਾਂ ਵਿੱਚ ਹੋਏ ਸਿੱਖ ਕਤਲੇਆਮ ਵਿੱਚ ਕਾਂਗਰਸ ਦੇ ਕਈ ਵੱਡੇ ਆਗੂਆਂ ਦੇ ਨਾਂ ਸਾਹਮਣੇ ਆਏ ਸਨ।
ਸੱਜਣ ਕੁਮਾਰ ਦੇ ਖ਼ਿਲਾਫ਼ ਕੇਸ ਕਰਨ ਵਾਲੀ ਬੀਬੀ ਜਗਦੀਸ਼ ਕੌਰ ਨੇ ਸੱਜਣ ਕੁਮਾਰ ਉੱਤੇ ਇਲਜ਼ਾਮ ਲਾਇਆ ਸੀ ਕਿ ਉਸ ਨੇ ਲੋਕਾਂ ਨੂੰ ਭੜਕਾਉਂਦਿਆਂ ਕਿਹਾ ਸੀ, “ਉਨ੍ਹਾਂ ਦੀ ਮਾਂ (ਇੰਦਰਾ ਗਾਂਧੀ) ਨੂੰ ਸਿੱਖਾਂ ਨੇ ਮਾਰਿਆ ਹੈ ਇਸ ਲਈ ਉਹ ਉਨ੍ਹਾਂ ਦਾ ਕਤਲੇਆਮ ਕਰਨ।”
ਇੱਕ ਨਵੰਬਰ 1984 ਵਿੱਚ ਭੀੜ ਨੇ ਦਿੱਲੀ ਕੈਂਟ ਦੇ ਰਾਜ ਨਗਰ ਇਲਾਕੇ ਵਿੱਚ ਜਗਦੀਸ਼ ਕੌਰ ਦੇ ਘਰ ’ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਜਗਦੀਸ਼ ਕੌਰ ਦੇ ਵੱਡੇ ਪੁੱਤਰ ਤੇ ਪਤੀ ਸਣੇ 5 ਲੋਕਾਂ ਦੀ ਮੌਤ ਹੋਈ ਸੀ। ਸੱਜਣ ਕੁਮਾਰ ਉੱਤੇ ਇਲਜ਼ਾਮ ਹੈ ਕਿ ਉਹ ਵੀ ਭੀੜ ਵਿਚ ਸ਼ਾਮਿਲ ਸੀ।
30 ਅਪ੍ਰੈਲ 2013 ਨੂੰ ਦਿੱਲੀ ਦੀ ਕੜਕੜਡੂਮਾ ਅਦਾਲਤ ਨੇ ਇਸ ਕਤਲੇਆਮ ਲਈ 5 ਲੋਕਾਂ ਨੂੰ ਦੋਸ਼ੀ ਠਹਿਰਾਇਆ ਸੀ। ਜਿਸ ਵਿੱਚ ਸਾਬਕਾ ਕਾਂਗਰਸੀ ਵਿਧਾਇਕ ਮਹਿੰਦਰ ਯਾਦਵ ਨੂੰ ਉਮਰ ਕੈਦ ਅਤੇ ਕੌਂਸਲਰ ਬਲਵਾਨ ਖੋਕਰ ਅਤੇ 3 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਸੱਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ।