The Khalas Tv Blog Punjab ਕਾਂਗਰਸ ਦਾ ਦਲਿਤ ਕਾਰਡ, ਚੰਨੀ ‘ਤੇ ਲਾ ਦਿੱਤੀ ਮੋਹਰ
Punjab

ਕਾਂਗਰਸ ਦਾ ਦਲਿਤ ਕਾਰਡ, ਚੰਨੀ ‘ਤੇ ਲਾ ਦਿੱਤੀ ਮੋਹਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਅਗਲੇ 27ਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਗੇ। ਕਾਂਗਰਸ ਹਾਈਕਮਾਂਡ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਦਲਿਤ ਕਾਰਡ ਖੇਡ ਗਈ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਜਾਣਕਾਰੀ ਦਿੱਤੀ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਵਿਧਾਇਕ ਦਲ ਦੇ ਲੀਡਰ ਚੁਣ ਲਿਆ ਗਿਆ ਹੈ ਅਤੇ ਵਿਧਾਇਕ ਦਲ ਦਾ ਜਿਸਨੂੰ ਲੀਡਰ ਚੁਣਿਆ ਜਾਂਦਾ ਹੈ, ਉਹੀ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੁੰਦੇ ਹਨ। ਮੀਡੀਆ ਦੀਆਂ ਸਾਰੀਆਂ ਕਿਆਸ-ਅਰਾਈਆਂ, ਸਾਰੇ ਦਾਅਵੇ ਝੂਠੇ ਪੈ ਗਏ ਹਨ। ਮੀਡੀਆ ਹੁਣ ਤੱਕ ਰੌਲਾ ਪਾ ਰਿਹਾ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ। ਅੱਜ ਪੰਜਾਬ ਕਾਂਗਰਸ ਦੇ ਵਿਧਾਇਕ ਦਲ ਦੀ ਬੈਠਕ ਹੋਣੀ ਸੀ, ਜੋ ਕਿ ਰੱਦ ਕਰ ਦਿੱਤੀ ਗਈ ਸੀ। ਹਾਲਾਂਕਿ, ਵਿਧਾਇਕਾਂ ਦੀ ਆਪਸ ਵਿੱਚ ਮੀਟਿੰਗ ਹੋਈ ਸੀ, ਜਿਸ ਵਿੱਚ ਕਈ ਨਾਂਵਾਂ ਦੀ ਚਰਚਾ ਹੋਈ ਸੀ, ਜਿਸ ਵਿੱਚ ਸੁਨੀਲ ਜਾਖੜ ਦੇ ਨਾਂ ਦੀ ਵੀ ਚਰਚਾ ਹੋਈ ਸੀ ਕਿ ਹਿੰਦੂ ਨੂੰ ਮੁੱਖ ਮੰਤਰੀ ਬਣਾਇਆ ਜਾਵੇ। ਸੁਖਜਿੰਦਰ ਸਿੰਘ ਰੰਧਾਵਾ ਦਾ ਨਾਂ ਮੁੱਖ ਮੰਤਰੀ ਲਈ ਬਹੁਤ ਵੱਡੇ ਪੱਧਰ ‘ਤੇ ਉਛਾਲਿਆ ਗਿਆ ਸੀ।

ਕੱਲ੍ਹ ਉਸ ਵੇਲੇ ਸਿਆਸਤ ਵਿੱਚ ਵੱਡਾ ਉਛਾਲ ਆਇਆ, ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਪਮਾਨ ਹੁੰਦਾ ਕਹਿ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਅੱਜ ਕਾਂਗਰਸ ਹਾਈਕਮਾਂਡ ਨੇ ਅਗਲੇ ਕੁੱਝ ਮਹੀਨਿਆਂ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ।

ਕੈਪਟਨ ਦੀ ਵਧਾਈ

ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਨੂੰ ਮੁੱਖ ਮੰਤਰੀ ਬਣਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਕੈਪਟਨ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਚੰਨੀ ਸਰਹੱਦ ਸੂਬੇ ਪੰਜਾਬ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਗੇ ਅਤੇ ਸਰਹੱਦ ਪਾਰ ਤੋਂ ਆਉਂਦੀਆਂ ਧਮਕੀਆਂ ਜਾਂ ਖਤਰਿਆਂ ਤੋਂ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰੱਖਣਗੇ।

Exit mobile version