The Khalas Tv Blog Punjab ਚੰਨੀ ਨੇ ਬਿਆਸ ਦੇ ਕੰਪਲੈਕਸ ਦੀ ਸਬ-ਤਹਿਸੀਲ ਦੀ ਇਮਾਰਤ ਕੀਤੀ ਲੋਕ-ਅਰਪਣ
Punjab

ਚੰਨੀ ਨੇ ਬਿਆਸ ਦੇ ਕੰਪਲੈਕਸ ਦੀ ਸਬ-ਤਹਿਸੀਲ ਦੀ ਇਮਾਰਤ ਕੀਤੀ ਲੋਕ-ਅਰਪਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵੇਂ ਬਣੇ ਸਬ-ਤਹਿਸੀਲ ਬਿਆਸ ਦੇ ਕੰਪਲੈਕਸ ਦੀ ਅਤਿ-ਆਧੁਨਿਕ ਇਮਾਰਤ ਨੂੰ ਲੋਕ ਅਰਪਣ ਕੀਤਾ। ਇਸ ਮੌਕੇ ਚੰਨੀ ਨੇ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਧਾਰਮਿਕ ਸੰਸਥਾਵਾਂ ਦੀ ਭੂਮਿਕਾ ਹਮੇਸ਼ਾ ਹੀ ਸ਼ਲਾਘਾਯੋਗ ਰਹੀ ਹੈ। ਚੰਨੀ ਨੇ ਆਧੁਨਿਕ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਬਿਆਸ ਵਿਖੇ ਇਸ ਸਹੂਲਤ ਦਾ ਸਿੱਧਾ ਲਾਭ ਲਗਭਗ 30 ਪਿੰਡਾਂ ਦੇ 70,000 ਤੋਂ ਵੱਧ ਵਸਨੀਕਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਕੰਪਲੈਕਸ ਪ੍ਰਸ਼ਾਸਨਿਕ ਕੰਮਾਂ ਅਤੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਜ਼ਮੀਨ ਦੀ ਰਜਿਸਟਰੀ, ਫਰਦ ਲੈਣ ਆਦਿ ਤੋਂ ਇਲਾਵਾ ਸੁਵਿਧਾ ਕੇਂਦਰ ਤੇ ਫਰਦ ਕੇਂਦਰ ਵਰਗੀਆਂ ਜ਼ਰੂਰੀ ਸੇਵਾਵਾਂ ਦੇਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਵੱਧ ਤੋਂ ਵੱਧ ਨਾਗਰਿਕ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਨਾਲ ਲੋਕਾਂ ਨੂੰ ਲੋੜੀਂਦੇ ਦਸਤਾਵੇਜ਼ ਸਮੇਂ ਸਿਰ ਅਤੇ ਤੁਰੰਤ ਜਾਰੀ ਹੋ ਸਕਣਗੇ।

ਕੀ ਹੈ ਸਬ-ਤਹਿਸੀਲ ਬਿਆਸ ਦੇ ਕੰਪਲੈਕਸ ਦੀ ਅਤਿ-ਆਧੁਨਿਕ ਇਮਾਰਤ

  • ਜਾਣਕਾਰੀ ਮੁਤਾਬਕ ਰਾਧਾਸੁਆਮੀ ਸਤਿਸੰਗ ਬਿਆਸ ਨੇ ਸਬ ਤਹਿਸੀਲ ਦਫ਼ਤਰ ਲਈ ਨਵਾਂ ਕੰਪਲੈਕਸ ਬਣਾ ਕੇ ਪੰਜਾਬ ਸਰਕਾਰ ਨੂੰ ਦਿੱਤਾ ਹੈ।
  • ਇਹ ਇਮਾਰਤ ਪੰਜ ਏਕੜ ਜ਼ਮੀਨ ਵਾਲੇ ਵਿਸ਼ਾਲ ਖੇਤਰ ਦੇ ਨਾਲ ਸੂਬੇ ਦੀਆਂ ਆਧੁਨਿਕ ਇਮਾਰਤਾਂ ਵਿੱਚੋਂ ਇੱਕ ਹੈ।
  • ਸਬ-ਤਹਿਸੀਲ ਕੰਪਲੈਕਸ ਵਿੱਚ 15,559 ਵਰਗ ਫੁੱਟ ਦੇ ਖੇਤਰ ਉਸਾਰੇ ਗਏ ਹਨ।
  • 10 ਹਜ਼ਾਰ 492 ਵਰਗ ਫੁੱਟ ਦੇ ਖੁੱਲ੍ਹੇ ਸ਼ੈੱਡ ਹਨ।
  • 22 ਹਜ਼ਾਰ 519 ਵਰਗ ਫੁੱਟ ਖੇਤਰ ਵਿੱਚ ਪਾਰਕਿੰਗ ਤੋਂ ਇਲਾਵਾ 1 ਲੱਖ 28 ਹਜ਼ਾਰ 156 ਵਰਗ ਫੁੱਟ ਹਰੇ ਭਰੇ ਪਾਰਕ ਹਨ।
  • ਪੂਰੀ ਤਰ੍ਹਾਂ ਸਜਾਏ ਇਸ ਕੰਪਲੈਕਸ ਵਿੱਚ ਉਪ ਤਹਿਸੀਲਦਾਰ ਦੇ ਦਫ਼ਤਰ ਅਤੇ ਅਦਾਲਤੀ ਕਮਰੇ ਸਮੇਤ ਕੁੱਲ 34 ਕਮਰੇ ਹਨ।
  • ਸਮੁੱਚੇ ਸਟਾਫ਼ ਲਈ ਕਮਰੇ ਅਤੇ ਇੱਕ ਕਾਨਫਰੰਸ ਰੂਮ ਹੈ।
  • ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੇ ਕੈਂਪ ਦਫ਼ਤਰ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
  • ਇਮਾਰਤ ਦਾ ਡਿਜ਼ਾਇਨ, ਲੇਆਉਟ ਅਤੇ ਆਰਕੀਟੈਕਚਰ ਭਵਿੱਖ ਵਿੱਚ ਬਣਨ ਵਾਲੀਆਂ ਅਜਿਹੀਆਂ ਇਮਾਰਤਾਂ ਲਈ ਨਮੂਨੇ ਵਜੋਂ ਵਰਤਿਆ ਜਾ ਸਕਦਾ ਹੈ।

ਚੰਨੀ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਵੱਲੋਂ 5 ਕਰੋੜ ਰੁਪਏ ਦੀ ਲਾਗਤ ਨਾਲ ਸਬ-ਤਹਿਸੀਲ ਬਣਾਉਣ ਲਈ ਧੰਨਵਾਦ ਕੀਤਾ। ਇੱਕ ਸਵਾਲ ਦਾ ਜਵਾਬ ਦਿੰਦਿਆਂ ਚੰਨੀ ਨੇ ਕਿਹਾ ਕਿ ਡੀਜੀਪੀ ਦੀ ਨਿਯੁਕਤੀ ਦਾ ਪੈਨਲ ਪਹਿਲਾਂ ਹੀ ਭੇਜਿਆ ਜਾ ਚੁੱਕਾ ਹੈ ਅਤੇ ਉਸ ਅਨੁਸਾਰ ਹੀ ਨਿਯੁਕਤੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ ਦੇ ਮੁੱਦੇ ‘ਤੇ ਪੰਜਾਬ ਸਰਕਾਰ ਇਸ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਵੱਡੀਆਂ ਮੱਛੀਆਂ ਨੂੰ ਫੜਨ ਲਈ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।

Exit mobile version