The Khalas Tv Blog India ਮੁੱਖ ਮੰਤਰੀ ਚੰਨੀ ਨੇ ਰੇਤ ਮਾਫੀਆ ਨੂੰ “ਫੁੰਡਣ” ਦਾ ਕੀਤਾ ਹੀਆ
India Punjab

ਮੁੱਖ ਮੰਤਰੀ ਚੰਨੀ ਨੇ ਰੇਤ ਮਾਫੀਆ ਨੂੰ “ਫੁੰਡਣ” ਦਾ ਕੀਤਾ ਹੀਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਕੀਤੇ ਵਾਅਦਿਆਂ ਨੂੰ ਬੂਰ ਪੈਣ ਲੱਗਾ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚਾਹੇ 90 ਫ਼ੀਸਦੀ ਵਾਅਦੇ ਪੂਰੇ ਕਰਨ ਦਾ ਦਾਅਵਾ ਕਰਦੇ ਰਹੇ ਹਨ ਪਰ ਲੋਕਾਂ ਦੀ ਦੁਖਦੀ ਰਗ ‘ਤੇ ਹੱਥ ਰੱਖਣਾ ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸ਼ੁਰੂ ਹੋਇਆ ਹੈ। ਚੰਨੀ ਮੰਤਰੀ ਮੰਡਲ ਦੇ ਰਾਜਾ ਵੜਿੰਗ ਨੇ ਟਰਾਂਸਪੋਰਟ ਮਾਫੀਏ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਹੈ ਜਦੋਂਕਿ ਮੁੱਖ ਮੰਤਰੀ ਨੇ ਆਪ ਰੇਤ ਮਾਫੀਆ ਨੂੰ ਡੱਕਣ ਲਈ ਯੋਜਨਾ ਦਾ ਐਲਾਨ ਕਰ ਦਿੱਤਾ ਹੈ। ਉਂਝ, ਰੇਤ ਮਾਫੀਆ ‘ਤੇ ਲਗਾਮ ਕੱਸਣ ਲਈ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਲੰਬੇ-ਚੌੜੇ ਐਲਾਨ ਕੀਤੇ ਗਏ ਸਨ ਪਰ ਅਮਲੀ ਤੌਰ ‘ਤੇ ਕਿਸੇ ਦਾ ਕੁੱਝ ਵਿਗਾੜਿਆ ਨਹੀਂ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਰੇਤ ਮਾਫੀਆ ਨੂੰ ਹੱਥ ਪਾਉਣ ਲਈ ਵੱਖਰਾ ਐਨਫੋਰਸਮੈਂਟ ਡਾਇਰੈਕਟੋਰੇਟ ਗਠਿਤ ਕਰ ਦਿੱਤਾ ਸੀ, ਜਿਸਦੀ ਅਗਵਾਈ ਡੀਆਈਜੀ ਰੈਂਕ ਦੇ ਪੁਲਿਸ ਅਫਸਰ ਨੂੰ ਦਿੱਤੀ ਗਈ ਸੀ। ਡਾਇਰੈਕਟੋਰੇਟ ਵਿੱਚ ਤਿੰਨ ਐੱਸਪੀ, 21 ਇੰਸਪੈਕਟਰ ਅਤੇ 175 ਹੌਲਦਾਰ ਸ਼ਾਮਿਲ ਕੀਤੇ ਗਏ ਸਨ। ਜਦੋਂ ਰੇਤ ਮਾਫੀਆ ਨੂੰ ਨੱਥ ਨਾ ਪਈ ਤਾਂ ਆਵਾਜ਼ਾਂ ਵੀ ਉੱਠਣ ਲੱਗੀਆਂ ਕਿ ਡਾਇਰੈਕਟੋਰੇਟ ਬਣਾਇਆ ਹੀ ਸੁਰੱਖਿਆ ਦੇ ਲਈ ਹੈ।

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੇਤ ਮਾਫੀਆ ਨੂੰ ਹੱਥ ਪਾਉਣ ਦਾ ਹੀਆ ਕੀਤਾ ਹੈ। ਉਨ੍ਹਾਂ ਨੇ ਰੇਤ ਦੀਆਂ ਖੱਡਾਂ ਦੀ ਪੈਮਾਇਸ਼ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਖੱਡਾਂ ਬਾਰੇ ਰਿਪੋਰਟ ਇੱਕ ਮਹੀਨੇ ਦੇ ਅੰਦਰ-ਅੰਦਰ ਪੇਸ਼ ਕੀਤੀ ਜਾਵੇ। ਉਸ ਤੋਂ ਬਾਅਦ ਉਹ ਖੱਡਾਂ ਵਿੱਚੋਂ ਨਿਕਲਦੀ ਰੇਤ ਅਤੇ ਬਾਕੀ ਬਚੇ ਮਾਲ ਦੀ ਰੋਜ਼ਾਨਾ ਰਿਪੋਰਟ ਲਿਆ ਕਰਨਗੇ। ਉਨ੍ਹਾਂ ਨੇ ਅਫ਼ਸਰਾਂ ਨੂੰ ਡਰੋਨ ਰਾਹੀਂ ਖੱਡਾਂ ‘ਤੇ ਅੱਖ ਰੱਖਣ ਲਈ ਵੀ ਕਿਹਾ ਹੈ। ਮੁੱਖ ਮੰਤਰੀ ਚੰਨੀ ਰੇਤ ਮਾਫੀਆ ਦੀ ਸਚਮੁੱਚ ਬਾਂਹ ਮਰੋੜ ਲੈਂਦੇ ਹਨ ਜਾਂ ਮਾਫੀਆ ਉਨ੍ਹੀਂ ਨੂੰ ਪਤਿਆ ਲੈਂਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਰੇਤ ਮਾਫੀਆ ਦੇ ਸਰਦਾਰ ਮੰਨੇ ਜਾਂਦੇ ਗੁਰਜੀਤ ਸਿੰਘ ਨੂੰ ਮੁੜ ਮੰਤਰੀ ਮੰਡਲ ਵਿੱਚ ਸ਼ਾਮਿਲ ਕਰਨ ਨਾਲ ਉਨ੍ਹਾਂ ਦੀ ਬੇਬੱਸੀ ਸ਼ੁਰੂ ਵਿੱਚ ਹੀ ਨਜ਼ਰ ਆਉਣ ਲੱਗੀ ਸੀ। ਰਾਣਾ ਗੁਰਜੀਤ ਨੂੰ ਕੈਪਟਨ ਅਮਰਿੰਦਰ ਦੀ ਸਰਕਾਰ ਵਿੱਚੋਂ ਰੇਤ ਦੇ ਕਾਰੋਬਾਰ ਵਿੱਚ ਵੱਡਾ ਗੋਰਖ ਧੰਦਾ ਪਤਾ ਲੱਗਣ ‘ਤੇ ਵਜ਼ਾਰਤ ਤੋਂ ਬਾਹਰ ਕੀਤਾ ਗਿਆ ਸੀ।

ਸੂਬੇ ਦੀਆਂ ਰੇਤ ਖਾਣਾਂ ਨੂੰ ਸੱਤ ਕਲੱਸਟਰਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਸੱਤ ਕਲੱਸਟਰਾਂ ਵਿੱਚ ਰੇਤ ਦੀਆਂ 196 ਖਾਣਾਂ ਪੈਂਦੀਆਂ ਹਨ। ਖੱਡਾਂ ਦੀ ਨਿਲਾਮੀ ਚਾਹੇ ਜਨਤਕ ਤੌਰ ‘ਤੇ ਕੀਤੀ ਜਾਂਦੀ ਹੈ ਪਰ ਫਿਰ ਵੀ ਮਾਫੀਆ ਨਾਮੀ-ਬੇਨਾਮੀ ਖੱਡਾਂ ‘ਤੇ ਕਬਜ਼ਾ ਕਰਕੇ ਮੋਟੀ ਕਮਾਈ ਕਰ ਰਿਹਾ ਹੈ। ਖੱਡਾਂ ਦੀ ਨਿਲਾਮੀ ਦੋ ਸਾਲ ਲਈ ਕੀਤੀ ਜਾਂਦੀ ਹੈ। ਪਿਛਲੀ ਵਾਰ ਖੱਡਾਂ ਤੋ 1200 ਕਰੋੜ ਰੁਪਏ ਜਾ ਮਾਲੀਆ ਇਕੱਠਾ ਹੋਇਆ ਸੀ। ਪਠਾਨਕੋਟ ਕਲੱਸਟਰ ਰੇਤ ਖੱਡਾਂ ਦਾ ਘਰ ਹੈ। ਉਸ ਤੋਂ ਬਾਅਦ ਨਵਾਂਸ਼ਹਿਰ, ਲੁਧਿਆਣਾ ਅਤੇ ਜਲੰਧਰ ਕਲੱਸਟਰ ਦਾ ਨਾਂ ਵੱਜਦਾ ਹੈ।

ਜਾਣਕਾਰੀ ਇਹ ਵੀ ਮਿਲੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਗਜ਼ਾਂ ਵਿੱਚ ਮਾਫੀਆ ‘ਤੇ ਸ਼ਿਕੰਜਾ ਕੱਸਿਆ ਸੀ। ਉਨ੍ਹਾਂ ਦੇ ਰਾਜ ਵਿੱਚ 484 ਪੁਲਿਸ ਕੇਸ ਦਰਜ ਹੋਏ, 229 ਵਾਹਨ ਜ਼ਬਤ ਕੀਤੇ ਗਏ ਅਤੇ 182 ਲੋਕਾਂ ਨੂੰ ਐੱਫਆਈਆਰ ਵਿੱਚ ਸ਼ਾਮਿਲ ਕੀਤਾ ਗਿਆ ਸੀ। ਪਰ ਨਾ ਤਾਂ ਕਿਸੇ ਦਾ ਕੁੱਝ ਵਿਗਾੜਿਆ ਗਿਆ ਅਤੇ ਨਾ ਹੀ ਧੰਦਾ ਰੁਕਿਆ। ਮਾਫੀਆ ਠੇਕੇ ‘ਤੇ ਲਈ ਖੱਡ ਨੂੰ ਹੀ ਨਹੀਂ ਘਰੋੜਦਾ, ਸਗੋਂ ਨਿਰਧਾਰਤ ਨਾਲੋਂ ਆਲਾ-ਦੁਆਲਾ ਵੀ ਬਦਲ ਲਿਆ ਜਾਂਦਾ ਹੈ। ਇਸ ਤੋਂ ਵੀ ਅੱਗੇ 1300 ਵਾਲੀ ਰੇਤ ਦੀ ਟਰਾਲੀ 25 ਹਜ਼ਾਰ ਨੂੰ ਵਿਕਦੀ ਰਹੀ ਹੈ। ਰੇਤ ਮਾਫੀਆ ਦੀ ਅਕਾਲੀ-ਭਾਜਪਾ ਨੇਤਾ ਹੀ ਨਹੀਂ ਸਗੋਂ ਕਾਂਗਰਸ ਦੇ ਕਈ ਨੇਤਾ ਵੀ ਸਰਪ੍ਰਸਤੀ ਦਿੰਦੇ ਰਹੇ ਹਨ। ਬਾਦਲ ਪਰਿਵਾਰ ਦਾ ਸਭ ਤੋਂ ਨੇੜਲਾ ਇੱਕ ਰਿਸ਼ਤੇਦਾਰ ਰੋਪੜ ਦੇ ਸਤਲੁਜ ਪੁਲ ਦੇ ਅਹਿਮ ਕੋਲ ਸ਼ਰੇਆਮ ਰੇਤ ਸੋਨੇ ਦੇ ਭਾਅ ਵੇਚਦਾ ਰਿਹਾ ਹੈ। ਮੁਹਾਲੀ ਦੇ ਚੰਡੀਗੜ੍ਹ ਤੋਂ ਰਾਜਪੁਰਾ ਨੂੰ ਲੰਘਦਾ ਚੋਅ ਵੀ ਰੇਤ ਦੇ ਵਪਾਰ ਲਈ ਚਰਚਾ ਵਿੱਚ ਰਿਹਾ ਹੈ।

ਰੇਤ ਦਾ ਵਪਾਰ ਇੰਨਾ ਲਾਹੇਵੰਦ ਹੈ ਕਿ ਕੋਈ ਇਸਨੂੰ ਖੰਡ ਦੱਸ ਰਿਹਾ ਹੈ ਅਤੇ ਕੋਈ ਸੋਨਾ। ਅੰਕੜੇ ਇਹ ਵੀ ਦੱਸਦੇ ਹਨ ਕਿ ਸਰਕਾਰ ਨੂੰ ਖੱਡਾਂ ਤੋਂ ਕਦੇ ਉਗਰਾਹੀ ਪੂਰੀ ਨਹੀਂ ਹੋਈ ਪਰ ਮਾਫੀਆ ਆਪਣੇ ਹੱਥ ਜ਼ਰੂਰ ਰੰਗ ਲੈਂਦਾ ਰਿਹਾ ਹੈ। ਮੁੱਖ ਮੰਤਰੀ ਚੰਨੀ ਨੇ ਰੇਤ ਦੀਆਂ ਖੱਡਾਂ ‘ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਆਪਣੇ ਪ੍ਰਿੰਸੀਪਲ ਸਕੱਤਰ ਹੁਸਨ ਲਾਲ ਨੂੰ ਦਿੱਤੀ ਹੈ। ਮੁੱਖ ਮੰਤਰੀ ਆਪਣੇ ਫੈਸਲੇ ਨੂੰ ਕਿੰਨੀ ਕੁ ਦਿਆਨਤਦਾਰੀ ਨਾਲ ਲਾਗੂ ਕਰਦੇ ਹਨ, ਇਹ ਤਾਂ ਸਮਾਂ ਦੱਸੇਗਾ ਪਰ ਜਦੋਂ ਚੋਣਾਂ ਵਿੱਚ 2 ਮਹੀਨਿਆਂ ਦਾ ਸਮਾਂ ਰਹਿ ਗਿਆ ਹੈ ਤਾਂ ਖੱਡਾਂ ਬਾਰੇ ਜਾਣਕਾਰੀ ਲੈਣ ਲਈ ਇੱਕ ਮਹੀਨੇ ਦੀ ਦਿੱਤੀ ਮੋਹਲਤ ਸ਼ੁਰੂ ਵਿੱਚ ਹੀ ਢਿੱਲ-ਮੱਠ ਦਾ ਸੰਕੇਤ ਦੇਣ ਲੱਗੀ ਹੈ।

Exit mobile version