‘ਦ ਖ਼ਾਲਸ ਬਿਊਰੋ : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਰੋਸੇ ਦਾ ਵੋਟ ਹਾਸਲ ਕਰਨ ਲਈ ਮਤਾ ਪੇਸ਼ ਕਰਨ ਮੌਕੇ ਹਾਕਮ ਧਿਰ ਅਤੇ ਕਾਂਗਰਸ ਦਰਮਿਆਨ ਤਿੱਖੀਆਂ ਝੜਪਾਂ ਹੋਈਆਂ ਸਨ।
ਇਸ ਦੌਰਾਨ ਭਗਵੰਤ ਮਾਨ ਨੇ ਵਿਰੋੇਧੀ ਧਿਰਾਂ ਨੂੰ ਤਿੱਖੇ ਸਵਾਲ ਕੀਤੇ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ ਲਾਇਆ ਸੀ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਸਰਕਾਰ ਦੇ ਆਖਰੀ ਦਿਨਾਂ ਦੌਰਾਨ ਕਈ ਅਜਿਹੇ ਫੈਸਲੇ ਲਏ, ਜਿਨ੍ਹਾਂ ਕਰਕੇ ਮੌਜੂਦਾ ਸਰਕਾਰ ਸਾਹਮਣੇ ਸੰਕਟ ਖੜ੍ਹਾ ਹੋ ਗਿਆ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਜਵਾਬ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਉਹ ਜਦੋਂ ਮਰਜ਼ੀ ਮੈਨੂੰ ਸੰਪਰਕ ਕਰ ਸਕਦੇ ਹਨ, ਕਿਉਂਕਿ ਮੇਰਾ ਮੋਬਾਈਲ ਫ਼ੋਨ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਮੈਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ। ਇੱਕ ਨਿੱਜੀ ਚੈਨਲ ਨਾਲ ਵਿਦੇਸ਼ ਵਿੱਚੋਂ ਫ਼ੋਨ ਤੇ ਗੱਲਬਾਤ ਕਰਦਿਆਂ ਚੰਨੀ ਨੇ ਕਿਹਾ ਕਿ, ਉਨ੍ਹਾਂ ਨੂੰ ਸਰਕਾਰ ਵੱਲੋਂ ਜਾਂ ਫਿਰ ਮੁੱਖ ਮੰਤਰੀ ਵੱਲੋਂ ਕੋਈ ਅਜਿਹਾ ਸੁਨੇਹਾ ਜਾਂ ਲਿਖਤੀ ਸੰਦੇਸ਼ ਨਹੀਂ ਮਿਲਿਆ, ਜਿਸ ਰਾਹੀਂ ਕਿਸੇ ਫ਼ਾਈਲ ਬਾਰੇ ਕੋਈ ਜਾਣਕਾਰੀ ਮੰਗੀ ਗਈ ਹੋਵੇ।
ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਭਲੇ ਲਈ 150 ਤੋਂ ਵੱਧ ਫਾਇਲਾਂ ਉਤੇ ਹਸਤਾਖ਼ਰ ਕਰਕੇ ਫ਼ੈਸਲੇ ਕੀਤੇ, ਜਿਨ੍ਹਾਂ ਵਿੱਚੋਂ ਬਿਜਲੀ ਦੇ ਤਿੰਨ ਰੁਪਏ ਪ੍ਰਤੀ ਯੂਨਿਟ ਦਰਾਂ ਘਟਾਉਣ ਦਾ ਵੀ ਸ਼ਾਮਲ ਸੀ। ਹੁਣ ਮੈਨੂੰ ਨਹੀਂ ਪਤਾ ਕਿ ਭਗਵੰਤ ਮਾਨ ਕਿਹੜੀ ਫ਼ਾਈਲ ਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਫ਼ੋਨ 24 ਘੰਟੇ ਖੁੱਲ੍ਹਾ ਹੈ, ਜਦੋਂ ਮਰਜ਼ੀ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਭਗਵੰਤ ਮਾਨ ਜਾਂ ਸਰਕਾਰ ਲੈ ਸਕਦੀ ਹੈ। ਚੰਨੀ ਨੇ ਇਹ ਵੀ ਦੋਸ਼ ਲਾਇਆ ਕਿ, ਉਨ੍ਹਾਂ ਦੀ ਸਰਕਾਰ ਵਲੋਂ ਲਏ ਗਏ ਕੁੱਝ ਲੋਕ ਹਿੱਤ ਫ਼ੈਸਲੇ ਵਾਪਸ ਲੈ ਲਏ ਅਤੇ ਕੁੱਝ ਕੁ ਦੀ ਚੰਗੀ ਤਰ੍ਹਾਂ ਪੈਰਵਾਈਂ ਨਹੀਂ ਕੀਤੀ।
ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ‘ਤੇ ਵਰਦਿਆਂ ਉਹਨਾਂ ਕਾਂਗਰਸ ਨੂੰ ਸਵਾਲ ਕੀਤਾ ਸੀ ਕਿ ਉਹਨਾਂ ਦਾ ਮੁੱਖ ਮੰਤਰੀ ਕਿਥੇ ਹਨ ? ਬਹੁਤ ਸਾਰੇ ਮਸਲਿਆਂ ਬਾਰੇ ਉਹਨਾਂ ‘ਤੇ ਵੀ ਸਵਾਲ ਉਠਦੇ ਹਨ ਪਰ ਉਹ ਲੱਭ ਹੀ ਨਹੀਂ ਰਹੇ। ਇਸ ਦਾ ਮਤਲਬ ਇਹ ਹੋਇਆ ਕਿ ਕਾਂਗਰਸ ਦਾ ਮੁੱਖ ਮੰਤਰੀ ਉਦੋਂ ਤੱਕ ਹੀ ਦਾਗ ਰਹਿਤ ਹੈ,ਜਦੋਂ ਤੱਕ ਉਹ ਸੱਤਾ ਵਿੱਚ ਹੈ। ਇਸ ਪਾਰਟੀ ਦਾ ਕੋਈ ਪ੍ਰਧਾਨ ਬਣਨ ਨੂੰ ਤਿਆਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਰਕਾਰ, ਚੰਨੀ ਤੋਂ ਜਾਣਨਾ ਚਾਹੁੰਦੀ ਹੈ ਆਖਰੀ ਦਿਨਾਂ ਦੌਰਾਨ ਲਏ ਗਏ ਫੈਸਲੇ ਕਿਉਂ ਅਤੇ ਕਿਵੇਂ ਲਏ ਗਏ ਅਤੇ ਇਨ੍ਹਾਂ ਦਾ ਨਿਪਟਾਰਾ ਕਿਵੇਂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਦਾ ਕੋਈ ਖੁਰਾ-ਖੋਜ ਨਹੀਂ ਲੱਭ ਰਿਹਾ….ਕਾਂਗਰਸ ਪਾਰਟੀ ਹੀ ਦੱਸ ਦੇਵੇ ਕਿ ਉਸ ਦਾ ਸਾਬਕਾ ਮੁੱਖ ਮੰਤਰੀ ਅਤੇ ਲੰਘੀਆਂ ਚੋਣਾਂ ਦੌਰਾਨ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਇਸ ਸਮੇਂ ਕਿੱਥੇ ਹੈ?