‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਨਾਲ ਮੁਲਾਕਾਤ ਕੀਤੀ ਹੈ। ਇਹ ਮੁਲਾਕਾਤ ਚੰਡੀਗੜ੍ਹ ਦੇ ਸੈਕਟਰ-35 ਵਿਖੇ ਇੱਕ ਨਿੱਜੀ ਹੋਟਲ ਵਿੱਚ ਹੋਈ ਹੈ। ਜਾਣਕਾਰੀ ਮੁਤਾਬਕ ਦੋਵਾਂ ਵਿਚਾਲੇ ਇਹ ਮੀਟਿੰਗ ਲਗਭਗ ਢਾਈ ਘੰਟੇ ਤੱਕ ਚੱਲੀ। ਸੋਨੂੰ ਸੂਦ ਤੇ ਚਰਨਜੀਤ ਸਿੰਘ ਚੰਨੀ ਵਿਚਾਲੇ ਇਹ ਮੀਟਿੰਗ ਉਸ ਸਮੇਂ ਹੋਈ ਹੈ, ਜਦੋਂ ਖਬਰਾਂ ਸਨ ਕਿ ਆਮ ਆਦਮੀ ਪਾਰਟੀ ਅਦਾਕਾਰ ਸੋਨੂੰ ਸੂਦ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਦਾ ਯਤਨ ਕਰ ਰਹੀ ਸੀ।
ਸੂਤਰਾਂ ਮੁਤਾਬਕ ਸੋਨੂੰ ਸੂਦ 2022 ਦੀਆਂ ਚੋਣਾਂ ਲੜਨਾ ਚਾਹੁੰਦੇ ਹਨ। ਉਨ੍ਹਾਂ ਦੀ ਭੈਣ ਵੀ ਮੋਗਾ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ। ਸੋਨੂੰ ਸੂਦ ਨਾਲ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੁਲਾਕਾਤ ਨਾਲ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਤੇਜ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਸੋਨੂੰ ਸੂਦ ਨੇ ਫਿਲਮ ਸਿਟੀ ਤੇ ਚੈਰੀਟੇਬਲ ਹਸਪਤਾਲ ਸਬੰਧੀ ਕੁੱਝ ਮੰਗਾਂ ਨੂੰ ਲੈ ਕੇ ਚੰਨੀ ਨਾਲ ਮੀਟਿੰਗ ਕੀਤੀ ਹੈ। ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਸੋਨੂੰ ਸੂਦ ਨੇ ਪੰਜਾਬ ਵਿੱਚ ਆਕਸੀਜਨ ਪਲਾਂਟ ਤੇ ਚੈਰੀਟੇਬਲ ਹਸਪਤਾਲ ਖੋਲ੍ਹਣ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਸੀ ਪਰ ਅਜੇ ਤੱਕ ਸੋਨੂੰ ਸੂਦ ਦੀਆਂ ਇਨ੍ਹਾਂ ਮੰਗਾਂ ‘ਤੇ ਅਮਲ ਨਹੀਂ ਕੀਤਾ ਗਿਆ।