ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਪਣੀ “ਚੰਨੀ ਕਰਦਾ ਮਸਲੇ ਹਾਲ” ਲੜੀ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਆਂਗਣਵਾੜੀ ਵਰਕਰਾਂ, ਹੈਲਪਰਾਂ, ਗਰਭਵਤੀ ਔਰਤਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਤੇ ਪੋਸ਼ਣ ਨਾਲ ਜੁੜੇ ਮੁੱਦਿਆਂ ‘ਤੇ ਗੰਭੀਰ ਸਵਾਲ ਉਠਾਏ ਹਨ।
ਚੰਨੀ ਨੇ ਕਿਹਾ ਕਿ ਸਰਕਾਰ ਪੈਸਾ ਅਤੇ ਜਗ੍ਹਾ ਬਚਾਉਣ ਦੇ ਨਾਂ ‘ਤੇ ਬੱਚਿਆਂ ਤੇ ਗਰਭਵਤੀ ਮਾਵਾਂ ਦੀ ਸਿਹਤ ਨਾਲ ਸਮਝੌਤਾ ਕਰ ਰਹੀ ਹੈ, ਜੋ ਕਿਸੇ ਵੀ ਕੀਮਤ ‘ਤੇ ਅਸਵੀਕਾਰਨਯੋਗ ਹੈ।ਚੰਨੀ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਪੰਜਾਬ ਦੇ ਬੱਚਿਆਂ ਦੀਆਂ “ਦੂਜੀਆਂ ਮਾਵਾਂ” ਕਰਾਰ ਦਿੱਤਾ, ਜੋ ਮਾਂ-ਬੱਚੇ ਦੀ ਦੇਖਭਾਲ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪਰ ਸਰਕਾਰ ਉਨ੍ਹਾਂ ਨੂੰ ਨਾ ਤਾਂ ਢੁੱਕਵਾਂ ਬੁਨਿਆਦੀ ਢਾਂਚਾ ਮੁਹੱਈਆ ਕਰਵਾ ਰਹੀ ਹੈ ਅਤੇ ਨਾ ਹੀ ਮਿਹਨਤ ਅਨੁਸਾਰ ਤਨਖਾਹ ਦੇ ਰਹੀ ਹੈ।
ਉਨ੍ਹਾਂ ਨੇ ਰਾਸ਼ਨ ਵੰਡ ਵਿੱਚ ਵੱਡੇ ਘਪਲੇ ਦਾ ਦੋਸ਼ ਲਗਾਇਆ, ਕਿਹਾ ਕਿ ਬੱਚਿਆਂ ਤੇ ਗਰਭਵਤੀ ਔਰਤਾਂ ਨੂੰ ਘਟੀਆ ਤੇ ਪੋਸ਼ਣ ਤੋਂ ਖਾਲੀ ਖੁਰਾਕ ਦਿੱਤੀ ਜਾ ਰਹੀ ਹੈ।ਪਹਿਲਾਂ ਵੇਰਕਾ ਦੁਆਰਾ ਸ਼ੁੱਧ ਘਿਓ ‘ਤੇ ਅਧਾਰਤ ਪੌਸ਼ਟਿਕ ਰਾਸ਼ਨ ਮਿਲਦਾ ਸੀ, ਪਰ ਹੁਣ ਚਾਰ ਨਿੱਜੀ ਫਰਮਾਂ ਨੂੰ ਠੇਕਾ ਦੇ ਕੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
ਚੰਨੀ ਨੇ ਦਾਅਵਾ ਕੀਤਾ ਕਿ ਮੌਜੂਦਾ ਰਾਸ਼ਨ ਇੰਨਾ ਮਾੜਾ ਹੈ ਕਿ ਬੱਚੇ ਤੇ ਜਾਨਵਰ ਵੀ ਨਹੀਂ ਖਾਂਦੇ, ਆਂਗਣਵਾੜੀ ਵਰਕਰਾਂ ਨੂੰ ਅਕਸਰ ਇਸਨੂੰ ਸੁੱਟਣਾ ਪੈਂਦਾ ਹੈ ਜਾਂ ਨਹਿਰਾਂ ਵਿੱਚ ਵਹਾ ਦੇਣਾ ਪੈਂਦਾ ਹੈ। ਮਾਪੇ ਵੀ ਇਹ ਖੁਰਾਕ ਲੈਣ ਤੋਂ ਇਨਕਾਰ ਕਰ ਰਹੇ ਹਨ।ਕਈ ਆਂਗਣਵਾੜੀ ਸੈਂਟਰ ਗੁਰਦੁਆਰਿਆਂ, ਧਰਮਸ਼ਾਲਾਵਾਂ ਜਾਂ ਖੰਡਰ ਇਮਾਰਤਾਂ ਵਿੱਚ ਚੱਲ ਰਹੇ ਹਨ, ਜਿੱਥੇ ਸੱਪ-ਬਿੱਛੂਆਂ ਦਾ ਖਤਰਾ ਰਹਿੰਦਾ ਹੈ। ਬਹੁਤ ਸਾਰੇ ਕੇਂਦਰਾਂ ਵਿੱਚ ਪਾਣੀ, ਬਿਜਲੀ, ਵਾਸ਼ਰੂਮ ਤੇ ਰਸੋਈ ਵੀ ਨਹੀਂ ਹਨ।
ਤਨਖਾਹਾਂ ਬਾਰੇ ਚੰਨੀ ਨੇ ਕਿਹਾ ਕਿ ਵਰਕਰਾਂ-ਹੈਲਪਰਾਂ ਨੂੰ ਸਾਲਾਂ ਤੋਂ ਘੱਟ ਮਿਹਨਤਾਨਾ ਮਿਲ ਰਿਹਾ ਹੈ, ਮਹੀਨਿਆਂ ਤੋਂ ਮਾਣ ਭੱਤਾ ਨਹੀਂ ਮਿਲਦਾ ਅਤੇ ਵਿਰੋਧ ਕਰਨ ‘ਤੇ ਧਮਕੀਆਂ ਮਿਲਦੀਆਂ ਹਨ।ਆਪਣੇ ਮੁੱਖ ਮੰਤਰੀ ਕਾਲ ਨੂੰ ਯਾਦ ਕਰਦਿਆਂ ਚੰਨੀ ਨੇ ਦੱਸਿਆ ਕਿ ਉਨ੍ਹਾਂ ਨੇ ਵਰਕਰਾਂ ਦੀਆਂ ਤਨਖਾਹਾਂ ਵਧਾਈਆਂ ਸਨ ਤੇ ਸਾਲਾਨਾ ਵਾਧੇ ਦਾ ਪ੍ਰਬੰਧ ਕੀਤਾ ਸੀ। 20 ਸਾਲਾਂ ਤੋਂ ਠੇਕੇ ‘ਤੇ ਕੰਮ ਕਰ ਰਹੀਆਂ ਵਰਕਰਾਂ ਨੂੰ ਨਾ ਤਰੱਕੀ ਮਿਲਦੀ ਹੈ, ਨਾ ਪੈਨਸ਼ਨ ਅਤੇ ਨਾ ਨੌਕਰੀ ਦੀ ਸੁਰੱਖਿਆ।
ਉਨ੍ਹਾਂ ਮੰਗ ਕੀਤੀ ਕਿ ਵਰਕਰਾਂ ਨੂੰ ਪੱਕਾ ਕੀਤਾ ਜਾਵੇ, ਸਨਮਾਨਜਨਕ ਤਨਖਾਹ ਦਿੱਤੀ ਜਾਵੇ ਤੇ ਬੱਚਿਆਂ-ਗਰਭਵਤੀ ਔਰਤਾਂ ਨੂੰ ਮਿਆਰੀ ਪੋਸ਼ਣ ਮੁਹੱਈਆ ਕਰਵਾਇਆ ਜਾਵੇ। ਅੰਤ ਵਿੱਚ ਚੰਨੀ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਆਂਗਣਵਾੜੀ ਸਿਸਟਮ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਵਰਕਰਾਂ ਨੂੰ ਉਨ੍ਹਾਂ ਦੇ ਪੂਰੇ ਹੱਕ ਦਿੱਤੇ ਜਾਣਗੇ।

