The Khalas Tv Blog Punjab ਚੰਨੀ ਨੇ STF ਦੀ ਰਿਪੋਰਟ ਬਾਰੇ ਕੀਤਾ ਵੱਡਾ ਦਾਅਵਾ
Punjab

ਚੰਨੀ ਨੇ STF ਦੀ ਰਿਪੋਰਟ ਬਾਰੇ ਕੀਤਾ ਵੱਡਾ ਦਾਅਵਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਸਤਲਜੁ ਦਰਿਆ ਦੇ ਬੇਲਾ-ਪਨਿਆਲੀ ਪੁਲ ਦਾ ਨੀਂਹ ਪੱਥਰ ਰੱਖਿਆ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਮੈਂ, ਮੇਰਾ ਪਰਿਵਾਰ, ਮੇਰੀ ਕੁਲ ਅਤੇ ਹਲਕਾ ਬਹੁਤ ਖੁਸ਼ ਹੈ ਅਤੇ ਹਲਕੇ ਦੀ ਇਹ ਮੰਗ ਪੂਰੀ ਹੋਈ ਹੈ। ਇਸ ਪੁਲ ਨੂੰ ਬਣਾਉਣ ਦਾ ਮੇਰਾ ਸੁਪਨਾ ਸੀ, ਜੋ ਕਿ ਅੱਜ ਪੂਰਾ ਹੋਇਆ ਹੈ। ਚੰਨੀ ਨੇ ਕਿਹਾ ਕਿ ਸਾਡੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਪੁਲ ਲਈ ਪੈਸਾ ਜਾਰੀ ਕੀਤਾ ਹੈ, ਜਿਸ ਕਰਕੇ ਮੈਂ ਉਨ੍ਹਾਂ ਦਾ ਧੰਨਵਾਦੀ ਹਾਂ। 1.15 ਕਰੋੜ ਰੁਪਏ ਖਰਚ ਆਉਣਗੇ ਅਤੇ ਜੇਕਰ ਮੇਰੇ ਰੱਬ ਨੂੰ ਮਨਜੂਰ ਹੋਇਆ ਤਾਂ ਇੱਕ ਸਾਲ ਵਿੱਚ ਇਹ ਪੁਲ ਪੂਰਾ ਹੋ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਜ਼ਿਆਦਾ ਪਾਣੀ ਆਉਣ ਨਾਲ ਲੋਕਾਂ ਦਾ ਕਿਸ਼ਤੀ ਰਾਹੀਂ ਵੀ ਆਉਣਾ ਜਾਣਾ ਬੰਦ ਹੋ ਜਾਂਦਾ ਸੀ। ਸ਼੍ਰੀ ਚਮਕੌਰ ਸਾਹਿਬ ਹਲਕੇ ਦੇ ਕਿਸਾਨਾਂ ਦੀ ਜ਼ਮੀਨ ਵੀ ਸਤਲੁਜ ਦਰਿਆ ਦੇ ਪਾਰ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਪੈਂਦੀ ਹੈ ਅਤੇ ਦਰਿਆ ਨੂੰ ਕਿਸ਼ਤੀ ਰਾਹੀਂ ਪਾਰ ਕਰਕੇ ਹੀ ਖੇਤਾਂ ਨੂੰ ਆਉਂਦੇ ਜਾਂਦੇ ਹਨ ਅਤੇ ਹੋਰ ਕੰਮਾਂ ਲਈ ਵੀ ਲੋਕ ਨਵਾਂਸ਼ਹਿਰ ਜਾਣ ਲਈ ਕਿਸ਼ਤੀ ਦਾ ਸਹਾਰਾ ਲੈਂਦੇ ਸਨ। ਹੁਣ ਕਰੀਬ 1.15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਨਾਲ ਇਸ ਬੇਲਾ-ਪਨਿਆਲੀ ਪੁਲ ਨਾਲ ਲੋਕਾਂ ਦੀ ਸਮੱਸਿਆ ਵੀ ਹੱਲ ਹੋ ਜਾਏਗੀ।

ਚੰਨੀ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਇਹ ਹਰੇਕ ਚੀਜ਼ ਨੂੰ ਰਾਜਨੀਤਿਕ ਸ਼ੀਸ਼ੇ ਦੇ ਵਿੱਚੋਂ ਦੀ ਵੇਖਦੇ ਹਨ, ਇਨ੍ਹਾਂ ਨੂੰ ਪੰਥ ਨਾਲ ਕੋਈ ਸਰੋਕਾਰ ਨਹੀਂ ਹੈ। ਇਹ ਬੇਅਦਬੀਆਂ ਕਰਾ ਸਕਦੇ ਹਨ ਪਰ ਆਪਣੀ ਰਾਜਨੀਤੀ ਨੂੰ ਸਹੀ ਰੱਖਣਾ ਚਾਹੁੰਦੇ ਹਨ। ਇਨ੍ਹਾਂ ਨੇ 10 ਸਾਲ ਚਮਕੌਰ ਸਾਹਿਬ ਵਿਖੇ ਥੀਮ ਪਾਰਕ ਦਾ ਕੰਮ ਰੋਕ ਕੇ ਰੱਖਿਆ। 14 ਨਵੰਬਰ ਨੂੰ ਥੀਮ ਪਾਰਕ ਦਾ ਉਦਘਾਟਨ ਕੀਤਾ ਜਾਵੇਗਾ। ਚੰਨੀ ਨੇ ਚਮਕੌਰ ਸਾਹਿਬ ਦੇ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਮੈਨੂੰ ਜਹਾਜ਼ ‘ਤੇ ਚੜਨ ਦਾ ਮੌਕਾ ਦਿੱਤਾ। ਤੁਸੀਂ ਹੀ ਮੇਰੇ ਹੱਥਾਂ ਦੀਆਂ ਲਕੀਰਾਂ ਬਦਲੀਆਂ।

ਚੰਨੀ ਨੇ ਕਿਹਾ ਕਿ ਐੱਸਟੀਐਫ ਦੀ ਰਿਪੋਰਟ 18 ਨਵੰਬਰ ਨੂੰ ਖੁੱਲ੍ਹ ਜਾਵੇਗੀ। ਬੇਅਦਬੀ ਦਾ ਮਸਲਾ ਹੱਲ ਕਰਕੇ ਰਹਾਂਗੇ। ਨਸ਼ਿਆਂ ਦਾ ਮਸਲਾ ਹੱਲ ਕੀਤਾ ਜਾਵੇਗਾ। ਚੰਨੀ ਨੇ ਕਿਹਾ ਕਿ ਨਾ ਤਾਂ ਮੈਂ ਸੌਣਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਸੌਣ ਦੇਣਾ ਹੈ ਜਿਨ੍ਹਾਂ ਨੇ ਨਸ਼ਾ ਵੇਚ ਕੇ ਪੰਜਾਬ ਦੇ ਲੋਕਾਂ ਨੂੰ ਵਰਗਲਾਇਆ ਹੈ। ਚੰਨੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੈਂ ਗਰੀਬ ਹੋ ਸਕਦਾ ਹਾਂ, ਗਰੀਬ ਪਰਿਵਾਰ ਵਿੱਚੋਂ ਹੋ ਸਕਦਾ ਹਾਂ ਪਰ ਕਮਜ਼ੋਰ ਨਹੀਂ ਹਾਂ। ਜੋ ਵੀ ਮਸਲੇ ਹਨ, ਜਦੋਂ ਸਿੰਗਾਂ ਨੂੰ ਹੱਥ ਪਿਆ ਉਦੋਂ ਇਸ ਤਰ੍ਹਾਂ ਪੰਜਾਬ ਦੇ ਮਸਲੇ ਹੱਲ ਕਰਾਂਗਾ ਕਿ ਲੋਕ ਕਹਿਣਗੇ ਕਿ ਘਰ-ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ।

Exit mobile version