‘ਦ ਖ਼ਾਲਸ ਬਿਊਰੋ :- ਉੱਤਰੀ ਭਾਰਤ ਦੀ ਮੋਹਰੀ ਸਿਹਤ ਸੰਸਥਾ ਪੀਜੀਆਈ ਦੇ ਨਾਲ ਲੱਗਦੇ ਨਿਊ ਚੰਡੀਗੜ੍ਹ ਵਿੱਚ ਦੇਸ਼ ਦੀ ਦੂਜੀ ਸਭ ਤੋਂ ਵੱਡੀ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰਲੋਲਾਜੀ (ਐੱਨ.ਆਈ.ਵੀ.) ਦੀ ਸਥਾਪਨਾ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਅਤੇ ਐੱਨ.ਆਈ.ਵੀ. ਦਰਮਿਆਨ ਲਿਖਤੀ ਸਮਝੌਤਾ ਹੋ ਚੁੱਕਾ ਹੈ। ਹੁਣ ਕੋਰੋਨਾਵਾਇਰਸ ਦੇ ਨਮੂਨੇ ਪੁਣੇ ਨਹੀਂ ਭੇਜਣੇ ਪੈਣਗੇ, ਸਗੋਂ ਪੰਜਾਬ ਵਿੱਚ ਹੀ ਸੰਸਥਾ ਕੰਮ ਕਰਨ ਲੱਗ ਜਾਵੇਗੀ। ਪੀਜੀਆਈ ਨਾਲ ਲੱਗਦੀ ਪੰਜਾਬ ਦੀ ਧਰਤੀ ‘ਤੇ ਵਿਕਸਤ ਹੋ ਰਹੇ ਨਿਊ ਚੰਡੀਗੜ੍ਹ ਵਿੱਚ ਪਹਿਲਾਂ ਹੀ ਟਾਟਾ ਕੈਂਸਰ ਸੈਂਟਰ ਦੀ ਉਸਾਰੀ ਚੱਲ ਰਹੀ ਹੈ।
ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ (ਐਨ.ਆਈ.ਵੀ.) ਪੁਣੇ ਨਾਲ ਪੰਜਾਬ ਭਵਨ ਵਿਖੇ ਹੋਈ ਇੱਕ ਮੀਟਿੰਗ ਵਿੱਚ ਸਮਝੌਤੇ ‘ਤੇ ਦਸਤਖਤ ਕੀਤੇ ਗਏ। ਇਹ ਸਮਝੌਤਾ ਪੰਜਾਬ ਦੀ ਤਰਫੋਂ ਮੈਡੀਕਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਸੁਜਾਤਾ ਸ਼ਰਮਾ ਅਤੇ ਐਨਆਈਵੀ ਦੀ ਡਾਇਰੈਕਟਰ ਡਾ. ਪ੍ਰੀਆ ਅਬ੍ਰਾਹ ਨੇ ਦਸਤਖ਼ਤ ਕੀਤਾ।
ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ 2020 ਵਿੱਚ ਕੋਰੋਨਾ ਸ਼ੁਰੂ ਹੋਣ ‘ਤੇ ਸੂਬੇ ਦੇ ਸਰਕਾਰੀ ਕਾਲਜਾਂ, ਜਿਨ੍ਹਾਂ ਵਿੱਚ ਪਟਿਆਲਾ, ਅੰਮ੍ਰਿਤਸਰ, ਫਰੀਦਕੋਟ ਦੀਆਂ ਲੈਬਾਂ ਨੇ ਰੋਜ਼ਾਨਾ ਕੋਰੋਨਾ ਦੇ ਨਮੂਨਿਆਂ ਦੇ 40 ਟੈਸਟ ਕਰਨੇ ਸ਼ੁਰੂ ਕੀਤੇ ਸਨ, ਜੋ ਕਿ ਹੁਣ ਪ੍ਰਤੀ ਦਿਨ 10-15 ਹਜ਼ਾਰ ਰੋਜ਼ਾਨਾ ਪ੍ਰਤੀ ਲੈਬ ਟੈਸਟ ਕਰਨ ਦੀ ਸਮਰੱਥਾ ਹੋ ਗਈ ਹੈ। ਪਰ ਹਾਲੇ ਵੀ ਕੁੱਝ ਟੈਸਟ ਅਜਿਹੇ ਹਨ ਜਿਨ੍ਹਾਂ ਵਿੱਚ ਜੀਨੋਮ ਸੀਕਵੈਂਸਿੰਗ, ਕੁਆਲਟੀਅਸੋਰੈਨਸ ਆਦਿ ਲਈ ਐੱਨਆਈਵੀ, ਪੁਣੇ ਨੂੰ ਨਮੂਨੇ ਭੇਜੇ ਜਾਣ ਦੀ ਲੋੜ ਪੈਂਦੀ ਹੈ। ਹੁਣ ਇਨ੍ਹਾਂ ਬਿਮਾਰੀਆਂ ਦੇ ਟੈਸਟ ਸਿਰਫ ਪੰਜਾਬ ਵਿੱਚ ਹੀ ਕੀਤੇ ਜਾ ਸਕਦੇ ਹਨ। ਇਸ ਦੇ ਲਈ ਆਈਸੀਐੱਮਆਰ ਦੀ ਟੀਮ ਵੱਲੋਂ ਪੰਜ ਏਕੜ ਜ਼ਮੀਨ ਨਿਊ ਚੰਡੀਗੜ੍ਹ ਵਿਖੇ ਐਨਆਈਵੀ ਨੂੰ ਦਿੱਤੀ ਗਈ ਹੈ।